All Latest NewsNews FlashPunjab News

ਭਗਵੰਤ ਮਾਨ ਸਰਕਾਰ ਰੱਦ ਕਰੇ ਕੇਂਦਰੀ UPS ਸਕੀਮ! ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਮੰਤਰੀ ਅਮਨ ਅਰੋੜਾ ਨੂੰ ਸੌਂਪਿਆ ਮੰਗ ਪੱਤਰ

 

ਦਲਜੀਤ ਕੌਰ, ਸੰਗਰੂਰ:

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਜਿਲ੍ਹਾ ਸੰਗਰੂਰ ਦੀ ਇਕਾਈ ਵੱਲੋਂ ਕੈਬਨਿਟ ਮੰਤਰੀ ਤੇ ਆਪ ਪ੍ਰਧਾਨ ਪੰਜਾਬ ਅਮਨ ਅਰੋੜਾ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਅਗਾਮੀ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਪੁਰਾਣੀ ਪੈਨਸ਼ਨ ਦਾ ਮਤਾ ਲਿਆਉਣ ਦੀ ਮੰਗ ਕੀਤੀ ਗਈ। ਇਸ ਮੌਕੇ ਆਪ ਪ੍ਰਧਾਨ ਨੂੰ ਪੁਰਾਣੀ ਪੈਨਸ਼ਨ ਦਾ ਮੁੱਦਾ ਮੁੱਖ ਮੰਤਰੀ ਨਾਲ਼ ਅਤੇ ਬਜਟ ਸੈਸ਼ਨ ਦੌਰਾਨ ਉਠਾਉਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਪੈਨਸ਼ਨ ਫਰੰਟ ਦੇ ਮਾਲਵਾ ਜੋਨ ਕਨਵੀਨਰ-1 ਅਤੇ ਜਿਲ੍ਹਾ ਕਨਵੀਨਰ ਦਲਜੀਤ ਸਿੰਘ ਅਤੇ ਜ਼ਿਲ੍ਹਾ ਕੋ-ਕਨਵੀਨਰ ਗੁਰਛੈਬਰ ਸਿੰਘ ਪੀਐੱਸਪੀਸੀਐੱਲ ਨੇ ਆਖਿਆ ਕਿ ਕਿ 18 ਨਵੰਬਰ 2022 ਨੂੰ ਕੀਤੇ ਪੁਰਾਣੀ ਪੈਨਸ਼ਨ ਦੇ ਨੋਟੀਫਿਕੇਸ਼ਨ ਨੂੰ ਮੌਜੂਦਾ ਸਮੇਂ ਯੂਪੀਐੱਸ ਸਕੀਮ ਦੀ ਆੜ ਹੇਠ ਲਾਗੂ ਕਰਨ ਤੋਂ ਪੰਜਾਬ ਸਰਕਾਰ ਟਾਲਾ ਵੱਟਦੀ ਨਜ਼ਰ ਆ ਰਹੀ ਹੈ।

ਉਹਨਾਂ ਕਿਹਾ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਸੱਦ ਕੇ ਰੱਦ ਕੀਤੇ ਗਏ ਕੌਮੀ ਖੇਤੀ ਨੀਤੀ ਖਰੜੇ ਦੀ ਤਰਜ਼ ਤੇ ਕੇਂਦਰੀ ਯੂਪੀਐੱਸ ਸਕੀਮ ਨੂੰ ਵੀ ਰੱਦ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਜਾਵੇ। ਖੇਤੀਬਾੜੀ ਵਾਂਗ ਪੈਨਸ਼ਨ ਵੀ ਰਾਜਾਂ ਦਾ ਵਿਸ਼ਾ ਹੈ ਪਰ ਆਪ ਸਰਕਾਰ ਮੁਲਾਜ਼ਮਾਂ ਦੇ ਹੱਕ ਵਿੱਚ ਖੜਨ ਦੀ ਬਜਾਏ ਕੇਂਦਰ ਸਕੀਮ ਨੂੰ ਲਾਗੂ ਕਰਨ ਲਈ ਅੱਗੇ ਵੱਧ ਰਹੀ ਹੈ ਜਿਸ ਦੇ ਖਿਲਾਫ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ।

ਪੈਨਸ਼ਨ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਲਈ ਅਤੇ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਪੁਰਾਣੀ ਪੈਨਸ਼ਨ ਦੇ ਹੱਕ ਵਿੱਚ ਮਤਾ ਲਿਆਉਣ ਲਈ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਪੂਰੇ ਪੰਜਾਬ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸੇ ਕੜੀ ਤਹਿਤ ਅਗਲੇ ਦਿਨਾਂ ਵਿੱਚ ਜ਼ਿਲਾ ਸੰਗਰੂਰ ਨਾਲ਼ ਸਬੰਧਤ ਬਾਕੀ ਵਿਧਾਇਕਾਂ ਨੂੰ ਵੀ ਮਿਲ ਕੇ ਪੁਰਾਣੀ ਪੈਨਸ਼ਨ ਦੀ ਮੰਗ ਉਭਾਰੀ ਜਾਵੇਗੀ।ਇਸੇ ਤਰਾਂ ਮਜ਼ਦੂਰ ਦਿਵਸ ਮੌਕੇ ਸਮੂਹ ਜ਼ਿਲ੍ਹਿਆਂ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ/ ਦਫਤਰਾਂ ਅੱਗੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਇੱਕ ਦਿਨਾ ਧਰਨੇ ਦੇ ਕੇ ਭੁੱਖ ਹੜਤਾਲ ਕੀਤੀ ਜਾਵੇਗੀ।

ਇਸ ਮੌਕੇ ਸੁਰਜੀਤ ਸਿੰਘ ਜਿਲ੍ਹਾ ਕਮੇਟੀ ਮੈਂਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਆਖਿਆ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਮੋਰਚਾ ਵੱਲੋਂ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਸਮੇਤ ਅਹਿਮ ਵਿੱਤੀ ਮੰਗਾਂ ਨੂੰ ਲੈ ਕੇ ਚਾਰ ਦਿਨ ਲਗਾਤਾਰ ਰੈਲੀਆਂ ਅਤੇ ਵਿਧਾਨ ਸਭਾ ਚੰਡੀਗੜ ਵੱਲ ਉਲੀਕੇ ਮਾਰਚ ਵਿਚ ਫਰੰਟ ਵੱਲੋਂ ਵੱਡੀ ਗਿਣਤੀ ਵਿੱਚ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਇਸ ਮੌਕੇ ਗੁਰਦੀਪ ਸਿੰਘ ਵਿਨੋਦ ਕੁਮਾਰ ਤੇ ਜਸਵੀਰ ਸਿੰਘ ਆਦਿ ਹਾਜ਼ਰ ਰਹੇ।

 

Leave a Reply

Your email address will not be published. Required fields are marked *