ਵੱਡੀ ਖ਼ਬਰ: ਕਿਸਾਨਾਂ ਨੇ ਕੇਂਦਰੀ ਅਧਿਕਾਰੀਆਂ ਨੂੰ ਸੌਂਪਿਆ ਡਾਟਾ! MSP ਦਾ ਗਾਰੰਟੀ ਕਾਨੂੰਨ ਬਣਾਉਣ ਦੀ ਕੀਤੀ ਮੰਗ
ਖਨੌਰੀ –
ਅੱਜ 105ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਦਾਤਾ ਸਿੰਘ ਵਾਲਾ ਖਨੌਰੀ ਕਿਸਾਨ ਮੋਰਚੇ ਉੱਪਰ ਜਾਰੀ ਰਿਹਾ, ਨਾੜਾਂ ਬੰਦ ਹੋਣ ਕਾਰਨ ਪਿਛਲੇ 4 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਨੂੰ ਡਰਿੱਪ ਰਾਹੀਂ ਦਿੱਤੀ ਜਾਣ ਵਾਲੀ ਡਾਕਟਰੀ ਸਹਾਇਤਾ ਬੰਦ ਹੈ।
ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਪ੍ਰਮਾਣਿਕ ਸਰੋਤਾਂ ਸਮੇਤ ਉਹ ਜਾਣਕਾਰੀ/ ਡਾਟਾ ਅਧਿਕਾਰੀਆਂ ਰਾਹੀਂ ਕੇਂਦਰ ਸਰਕਾਰ ਨੂੰ ਸੌਂਪੇ ਦਿੱਤਾ ਹੈ, ਜੋ ਕੇਂਦਰੀ ਮੰਤਰੀਆਂ ਨੇ 22 ਫਰਵਰੀ ਨੂੰ ਹੋਈ ਮੀਟਿੰਗ ਵਿੱਚ ਦੋਵਾਂ ਮੋਰਚਿਆਂ ਤੋਂ ਮੰਗਿਆ ਸੀ।
ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਸਬਰ ਦਾ ਹੋਰ ਇਮਤਿਹਾਨ ਨਹੀਂ ਲੈਣਾ ਚਾਹੀਦਾ ਅਤੇ ਬਿਨਾਂ ਕਿਸੇ ਦੇਰੀ ਦੇ MSP ਦਾ ਗਾਰੰਟੀ ਕਾਨੂੰਨ ਬਣਾਉਣ ਦਾ ਐਲਾਨ ਕਰਨਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ 16 ਮਾਰਚ ਨੂੰ ਤਾਮਿਲਨਾਡੂ ਦੇ ਤਾਨਾਕਸ਼ੀ ਜ਼ਿਲ੍ਹੇ ਵਿੱਚ MSP ਗਾਰੰਟੀ ਕਾਨੂੰਨ ਦੇ ਮੁੱਦੇ ’ਤੇ ਕਿਸਾਨ ਕਾਨਫਰੰਸ ਕੀਤੀ ਜਾ ਰਹੀ ਹੈ।
17 ਮਾਰਚ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਖੇਤੀ ਮਾਹਿਰਾਂ ਨਾਲ MSP ਗਰੰਟੀ ਕਾਨੂੰਨ ਦੇ ਮੁੱਦੇ ’ਤੇ ਸਾਂਝੀ ਕਾਨਫਰੰਸ ਕੀਤੀ ਜਾਵੇਗੀ ਅਤੇ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਾਤਾਸਿੰਘਵਾਲਾ-ਖਨੌਰੀ, ਸ਼ੰਭੂ ਅਤੇ ਰਤਨਾਪੁਰਾ ਮੋਰਚੇ ਉੱਪਰ ਪ੍ਰੋਗਰਾਮ ਕੀਤੇ ਜਾਣਗੇ।