2364/ 5994 ਈ.ਟੀ.ਟੀ ਭਰਤੀਆਂ ਮੁਕੰਮਲ ਕਰਵਾਉਣ ਅਤੇ ਨਿਯੁਕਤੀ ਪੱਤਰ ਜਾਰੀ ਕਰਵਾਉਣ ਲਈ CM Mann ਦੇ ਨਾਂ ਭੇਜਿਆ DTF ਨੇ ਮੰਗ ਪੱਤਰ
ਡੀ.ਟੀ.ਐੱਫ. ਪੰਜਾਬ ਵੱਲੋਂ 2364 ਈ.ਟੀ.ਟੀ ਅਧਿਆਪਕਾਂ ਦੇ ਮੋਹਾਲੀ ਅਤੇ 5994 ਈ.ਟੀ.ਟੀ ਗੰਭੀਰਪੁਰ ਦੇ ਅਣਮਿੱਥੇ ਮੋਰਚਿਆਂ ਦੀ ਡੱਟਵੀਂ ਹਮਾਇਤ
ਪੰਜਾਬ ਸਰਕਾਰ ਪ੍ਰਾਇਮਰੀ ਸਿੱਖਿਆ ਦੇ ਵਿਕਾਸ ਲਈ ਈ.ਟੀ.ਟੀ ਅਧਿਆਪਕਾਂ ਦੀ 2364 ਅਤੇ 5994 ਭਰਤੀ ਫੌਰੀ ਮੁਕੰਮਲ ਕਰ ਜ਼ਾਰੀ ਕਰੇ ਨਿਯੁਕਤੀ ਪੱਤਰ- ਡੀ.ਟੀ.ਐਫ ਪੰਜਾਬ
ਸਿੱਖਿਆ ਵਿਭਾਗ ਵਲੋਂ ਕੀਤੀਆਂ ਬਦਲੀਆਂ ਵਿੱਚ ਗਲਤ ਸਟੇਸ਼ਨਾਂ ਕਾਰਨ ਹੋਈ ਖੱਜਲ ਖੁਆਰੀ ਦਾ ਡੀ.ਟੀ.ਐਫ ਪੰਜਾਬ ਵੱਲੋ ਜਤਾਇਆ ਵਿਰੋਧ-
ਪੰਜਾਬ ਨੈੱਟਵਰਕ, ਅੰਮ੍ਰਿਤਸਰ
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ 2364 ਈ.ਟੀ.ਟੀ. ਤੇ 5994 ਈ.ਟੀ.ਟੀ. ਭਰਤੀਆਂ ਮੁਕੰਮਲ ਕਰਵਾਉਣ ਅਤੇ ਫੌਰੀ ਨਿਯੁਕਤੀ ਪੱਤਰ ਜਾਰੀ ਕਰਵਾਉਣ ਹਿੱਤ ਜਥੇਬੰਦੀ ਦੀ ਸੂਬਾ ਸਕੱਤਰੇਤ ਵਲੋਂ ਐਲਾਣੇ ਫੈਸਲੇ ਅਨੁਸਾਰ ਅੱਜ ਸੂਬਾ ਵਿੱਤ ਸਕੱਤਰ-ਕਮ-ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਗ਼ੈਰ ਹਾਜ਼ਰੀ ਵਿੱਚ ਏ.ਡੀ.ਸੀ (ਸ਼ਹਿਰੀ ਵਿਕਾਸ) ਸ਼੍ਰੀਮਤੀ ਜਯੋਤੀ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਭੇਜਿਆ ਗਿਆ।
ਇਸ ਮੌਕੇ ਐਲਾਣੇ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ, ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ ਨੇ ਕਿਹਾ ਕਿ ਦੋਵੇਂ 2364 ਅਤੇ 5994 ਈ.ਟੀ.ਟੀ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ੀ ਮੋਰਚਿਆਂ ਦੀ ਡੱਟਵੀਂ ਹਮਾਇਤ ਵਿੱਚ ਜਿਲ੍ਹਾ ਕਮੇਟੀਆਂ ਰਾਹੀਂ 30 ਅਗਸਤ (ਸ਼ੁੱਕਰਵਾਰ) ਨੂੰ ਦੁਪਹਿਰ 3 ਵਜੇ ਸਾਰੇ ਜਿਲ੍ਹਾ ਕੇਂਦਰਾਂ ‘ਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਵੱਲ ‘ਮੰਗ ਪੱਤਰ’ ਭੇਜਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਦੀ ਪਾਲਣਾ ਹਿੱਤ ਅੱਜ ਦੋਵੇਂ ਭਰਤੀਆਂ ਦੇ ਨਿਯੁਕਤੀ ਪੱਤਰ ਫੌਰੀ ਜ਼ਾਰੀ ਕਰਵਾਉਣ ਅਤੇ ਪ੍ਰਾਇਮਰੀ ਸਿੱਖਿਆ ਨੂੰ ਰੁਸ਼ਨਾਉਣ ਹਿੱਤ ਅੱਜ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।
ਡੀ.ਟੀ.ਐਫ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਦੇ ਸਮਰਪਿਤ ਆਗੂਆਂ ਨਿਰਮਲ ਸਿੰਘ, ਪਰਮਿੰਦਰ ਸਿੰਘ ਰਾਜਾਸਾਂਸੀ, ਸ਼ਮਸ਼ੇਰ ਸਿੰਘ, ਵਿਸ਼ਾਲ ਕਪੂਰ, ਗੁਰਕਿਰਪਾਲ ਸਿੰਘ ਨੰਗਲੀ, ਪ੍ਰਦੀਪ ਝੰਝੋਟੀ, ਮਨਪ੍ਰੀਤ ਸਿੰਘ ਅਦਲੀਵਾਲ, ਬਲਬੀਰ ਸਿੰਘ, ਹੀਰਾ ਲਾਲ ਫਤਾਹਪੁਰ, ਮਨੀਸ਼ ਪੀਟਰ, ਕੁਲਦੀਪ ਸਿੰਘ ਵਰਨਾਲੀ, ਬਲਦੇਵ ਮੰਨਣ, ਮਨਜੀਤ ਕੁਮਾਰ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਅਤੇ ਬਹੁਤ ਸਾਰੇ ਸਕੂਲਾਂ ਦੇ ਸਿੰਗਲ ਟੀਚਰ ਜਾਂ ਟੀਚਰ ਲੈੱਸ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਕਈ ਸਾਲਾਂ ਤੋਂ ਲਟਕਾਈ 2364 ਈ.ਟੀ.ਟੀ ਭਰਤੀ ਦੀ ਮੈਰਿਟ ਲਿਸਟ ਜਾਰੀ ਹੋਣ ਦੇ ਬਾਵਜੂਦ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾ ਰਹੇ।
ਇਸੇ ਤਰ੍ਹਾਂ ਸਿੱਖਿਆ ਵਿਭਾਗ ਦੇ ਨਾਕਾਮੀ ਕਾਰਨ ਹੀ ਰੁਲ ਰਹੀਂ 5994 ਈ.ਟੀ.ਟੀ ਭਰਤੀ ਦੀ ਵੀ ਪ੍ਰਕਿਰਿਆ ਵੀ ਲੰਬੇ ਸਮੇਂ ਤੋਂ ਵੱਖ-ਵੱਖ ਅੜਿੱਕੇ ਖੜੇ ਕਰਕੇ ਮੁਕੰਮਲ ਨਹੀਂ ਕੀਤੀ ਜਾ ਰਹੀ ਹੈ। ਸਕੂਲੀ ਸਿੱਖਿਆ ਦੇ ਅਧਾਰ ਪ੍ਰਾਇਮਰੀ ਵਿੱਚ ਅਧਿਆਪਕਾਂ ਦੀਆਂ ਲੰਬਾਂ ਸਮਾਂ ਭਰਤੀਆਂ ਨਾ ਹੋਣ ਸਦਕਾ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ, ਉੱਥੇ ਇਹਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਸਿਲੈਕਟਡ ਅਧਿਆਪਕ ਵੀ ਕਈ-ਕਈ ਸਾਲਾਂ ਤੋਂ ਬੇਰੁਜ਼ਗਾਰੀ ਦਾ ਸੰਤਾਪ ਭੁਗਤ ਰਹੇ ਹਨ।
ਇਸੇ ਸੰਕਟ ਵਿੱਚੋਂ ਇਹਨਾਂ ਅਧਿਆਪਕਾਂ ਵੱਲੋਂ ਆਪਣੀਆਂ ਭਰਤੀਆਂ ਮੁਕੰਮਲ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਤਹਿਤ 2364 ਈ.ਟੀ.ਟੀ. ਦੀ ਭਰਤੀ ਪੂਰੀ ਕਰਵਾਉਣ ਲਈ ਵਿੱਦਿਆ ਭਵਨ (ਮੋਹਾਲੀ) ਅੱਗੇ 20 ਅਗਸਤ 2024 ਤੋਂ ਅਣਮਿਥਿਆ ਧਰਨਾ ਚੱਲ ਰਿਹਾ ਹੈ ਅਤੇ 5994 ਈ.ਟੀ.ਟੀ. ਭਰਤੀ ਪੂਰੀ ਕਰਵਾਉਣ ਲਈ 24 ਅਗਸਤ ਤੋਂ ਲਗਾਤਾਰ ਸਿੱਖਿਆ ਮੰਤਰੀ ਦੀ ਪਿੰਡ ਗੰਭੀਰਪੁਰ (ਅਨੰਦਪੁਰ ਸਾਹਿਬ) ਰਿਹਾਇਸ਼ ਦੇ ਨੇੜੇ ਧਰਨਾ ਲੱਗਿਆ ਹੋਇਆ ਹੈ। ਦੋਵੇਂ ਭਰਤੀਆਂ ਦੇ ਪੀੜਤ ਅਧਿਆਪਕਾਂ ਗੁਰਕੀਰਤ ਸਿੰਘ, ਲਵਪ੍ਰੀਤ ਸਿੰਘ, ਰਾਜਨ ਕੁੰਦਰਾ ਨੇ ਜ਼ਿਲ੍ਹਾ ਕਮੇਟੀ ਦਾ ਭਰਤੀਆਂ ਮੁਕੰਮਲ ਕਰਵਾਉਣ ਲਈ ਦਿੱਤੀ ਡੱਟਵੀਂ ਹਮਾਇਤ ਲਈ ਆਭਾਰ ਪ੍ਰਗਟ ਕੀਤਾ।
ਇਸ ਉਪਰੰਤ ਵੱਖ ਵੱਖ ਸਕੂਲਾਂ ਤੇ ਅਧਿਆਪਕਾਂ ਦੇ ਮਸਲਿਆਂ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸ. ਕੰਵਲਜੀਤ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਹਰਭਗਵੰਤ ਸਿੰਘ ਨੂੰ ਮਿਲਿਆ ਗਿਆ। ਜਥੇਬੰਦੀ ਨੇ ਹਾਲ ਵਿੱਚ ਹੋਇਆਂ ਬਦਲੀਆਂ ਵਿੱਚ ਗਲਤ ਸਟੇਸ਼ਨਾਂ ਤੇ ਕੀਤੀਆਂ ਬਦਲੀਆਂ ਕਾਰਨ ਸੰਬੰਧਿਤਾਂ ਦੀ ਹੋਈ ਖੱਜਲ ਖੁਆਰੀ ਵਿਰੋਧ ਰੋਸ ਦਰਜ਼ ਕਰਵਾਉਂਦਿਆਂ ਇਸ ਮਸਲੇ ਦਾ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਕਈ ਥਾਈਂ ਅਸਾਮੀ ਖਾਲੀ ਨਾਂ ਹੋਣ ਦੇ ਬਾਵਜ਼ੂਦ ਈ-ਪੰਜਾਬ ਪੋਰਟਲ ਤੇ ਸਟੇਸ਼ਨ ਖਾਲੀ ਦਰਸਾਏ ਗਏ ਸਨ, ਜਿਸ ਤੇ ਬਦਲੀ ਹੋਣ ਉਪਰੰਤ ਸੰਬੰਧਿਤ ਦਾ ਵੇਰਵਾ ਗਲਤ ਸਟੇਸ਼ਨਾਂ ਵਿਖੇ ਸ਼ਿਫਟ ਹੋ ਗਿਆ ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਮਸਲੇ ਦਾ ਫੌਰੀ ਹੱਲ ਹੋਣਾ ਚਾਹੀਦਾ ਹੈ।