ਵੱਡੀ ਖ਼ਬਰ: ਪੰਜਾਬ ‘ਚ ਇਨ੍ਹਾਂ ਥਾਵਾਂ ‘ਤੇ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਹੁਕਮ, ਪੜ੍ਹੋ ਪੂਰਾ ਮਾਮਲਾ
Punjab News:
ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਡਟੇ ਕਿਸਾਨਾਂ ਨੂੰ ਲੰਘੀ ਦੇਰ ਰਾਤ ਪੁਲਿਸ ਨੇ ਅਲਰਟ ਦਿੰਦਿਆ ਹੋਇਆ ਮੋਰਚਾ ਖਤਮ ਕਰਵਾ ਦਿੱਤਾ ਸੀ ਅਤੇ ਗੁਰੂ ਗ੍ਰੰਥ ਸਹਿਬ ਦੇ ਸਰੂਪ ਵੀ ਬੜੇ ਆਦਰ ਸਤਿਕਾਰ ਨਾਲ ਉਥੋਂ ਚੁੱਕ ਲਏ ਗਏ ਸਨ।
ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਫੜੋ ਫੜਾਈ ਦੇ ਤੁਰੰਤ ਬਾਅਦ ਸ਼ੰਭੂ ਸਰਹੱਦ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿੱਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਅਤੇ ਨੇੜਲੇ ਪਿੰਡਾਂ ਵਿੱਚ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸ਼ੰਭੂ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਐਂਬੂਲੈਂਸਾਂ ਅਤੇ ਇੱਥੋਂ ਤੱਕ ਕਿ ਦੰਗਾ ਕੰਟਰੋਲ ਵਾਹਨ ਵੀ ਇਲਾਕੇ ਵਿੱਚ ਤਾਇਨਾਤ ਕੀਤੇ ਗਏ ਹਨ।
ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਸੋਸ਼ਲ ਮੀਡੀਆ ਵੀਡੀਓ ਜਾਰੀ ਕਰ ਕੇ ਮਾਲਵੇ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਖਨੌਰੀ ਮੋਰਚੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪੁੱਜਣ ਕਿਉਂਕਿ ਉਹ ਜਿੱਤੀ ਬਾਜ਼ੀ ਹਾਰਨਾ ਨਹੀਂ ਚਾਹੁੰਦੇ।
ਉਨ੍ਹਾਂ ਦੱਸਿਆ ਕਿ ਲੱਡਾ ਕੋਠੀ ਵਿਖੇ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਬਠਿੰਡਾ ਜ਼ਿਲ੍ਹਿਆਂ ਦੀ ਪੁਲੀਸ ਫੋਰਸ ਇਕੱਠੀ ਕੀਤੀ ਗਈ ਹੈ ਅਤੇ ਕਿਸੇ ਵੀ ਸਮੇਂ ਸ਼ੰਭੂ ਅਤੇ ਖਨੌਰੀ ਮੋਰਚਿਆਂ ਨੂੰ ਖਦੇੜਨ ਲਈ ਹਮਲਾ ਹੋ ਸਕਦਾ ਹੈ। ਉਧਰ ਵੱਡੀ ਤਾਦਾਦ ’ਚ ਲੱਡਾ ਕੋਠੀ ਵਿਖੇ ਪੁਲਿਸ ਦੀ ਨਫਰੀ ਵੇਖ ਲੋਕਾਂ ’ਚ ਤਰਾਂ ਤਰਾਂ ਦੇ ਚਰਚੇ ਚੱਲ ਰਹੇ ਹਨ।