ਪੰਜਾਬ ਸਰਕਾਰ ਸਸਪੈਂਡ 15 ਮਾਲ ਅਫ਼ਸਰਾਂ ਨੂੰ ਕਰੇ ਬਹਾਲ- ਰੈਵੀਨਿਊ ਆਫਿਸਰਜ ਐਸੋਸੀਏਸ਼ਨ ਨੇ ਕੀਤੀ ਮੰਗ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਰੈਵੀਨਿਊ ਆਫਿਸਰਜ ਐਸੋਸੀਏਸ਼ਨ ਨੇ ਸੀਐੱਮ ਪੰਜਾਬ ਭਗਵੰਤ ਮਾਨ ਨੂੰ ਇੱਕ ਖੁੱਲੀ ਚਿੱਠੀ ਲਿਖ ਕੇ ਜਿੱਥੇ ਰਜ਼ਿਸਟ੍ਰੇਸ਼ਨ ਦਾ ਪੀ.ਸੀ.ਐੱਸ. ਅਧਿਕਾਰੀਆਂ, ਕਾਨੂੰਗੋਆਂ, ਸੀਨੀਅਰ ਅਸਿਸਟੈਂਟ ਕਰਮਚਾਰੀਆਂ ਨੂੰ ਸੌਂਪਣ ਤੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਮੰਗ ਕੀਤੀ ਕਿ 15 ਮਾਲ ਅਫ਼ਸਰਾਂ, ਜਿਨ੍ਹਾਂ ਨੁੰ ਬਿਨ੍ਹਾਂ ਸ਼ਿਕਾਇਤ ਤੋਂ ਸਸਪੈਂਡ ਕੀਤਾ ਗਿਆ, ਉਨ੍ਹਾਂ ਨੁੰ ਬਹਾਲ ਕੀਤਾ ਜਾਵੇ।
ਭਗਵੰਤ ਮਾਨ ਨੂੰ ਲਿਖੀ ਚਿੱਠੀ ਦੇ ਵਿੱਚ ਪੰਜਾਬ ਰੈਵੀਨਿਊ ਆਫਿਸਰਜ ਐਸੋਸੀਏਸ਼ਨ ਨੇ ਲਿਖਿਆ ਹੈ ਕਿ ਪੰਜਾਬ ਰੈਵੀਨਿਊ ਆਫਿਸਰਜ ਐਸੋਸੀਏਸ਼ਨ ਆਪ ਦੀ ਯੋਗ ਅਗਵਾਈ ਵਿੱਚ ਮਾਲ ਵਿਭਾਗ ਵਿੱਚ ਸੁਧਾਰ ਹਿੱਤ ਦਿਖਾਏ ਗਏ ਬੁਲੰਦ ਇਰਾਦੇ ਦਾ ਹਾਰਦਿਕ ਸਮਰਥਨ ਕਰਦੀ ਹੈ। ਭ੍ਰਿਸ਼ਟਾਚਾਰ ਦੇ ਖਾਤਮੇ ਲਈ ਇਨ੍ਹਾਂ ਢਾਂਚਾਗਤ ਸੁਧਾਰਾਂ ਦੀ ਡਾਢੀ ਲੋੜ ਸੀ।
ਇਸ ਲਈ ਸਮੂਹ ਮਾਲ ਅਧਿਕਾਰੀਆਂ ਨੇ ਇਨ੍ਹਾਂ ਸੁਧਾਰਾਂ ਦੀ ਤੀਬਰਤਾ ਮਹਿਸੂਸ ਕਰਦੇ ਹੋਏ ਰਜਿਸ਼ਟ੍ਰੇਸ਼ਨ ਪ੍ਰਕਿਰਿਆ ਤੋਂ ਆਪਣੇ ਪੈਰ ਪਿੱਛੇ ਪੁੱਟੇ ਸਨ। ਸਾਡੀ ਸਪੱਸ਼ਟ ਸਮਝ ਸੀ ਤੇ ਹੈ ਕਿ ਕਿਸੇ ਵੀ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਦਾ ਖਾਤਮਾ ਨਿਰੋਲ ਵਿਜੀਲੈਂਸ ਵਿਭਾਗ ਦੇ ਰਰਿਮੈਕਰਮ ਤੇ ਨਹੀ ਛੱਡਿਆ ਜਾ ਸਕਦਾ ਕਿਉਂਕਿ ਪਿਛਲੇ ਕੁਝ ਸਾਲਾਂ ਦੇ ਅਨੁਭਵ ਤੋਂ ਪ੍ਰਤੱਖ ਹੈ ਕਿ ਵਿਜੀਲੈਂਸ ਦੇ ਛਾਪਿਆਂ ਨਾਲ ਸਨਸਨੀਖੇਜ ਖਬਰਾਂ ਕਿਰਦਾਰਕੁਸ਼ੀ ਤੇ ਵਕਤੀ ਪ੍ਰਸਿੱਧੀ ਤਾਂ ਹਾਸਿਲ ਹੋ ਸਕਦੀ ਹੈ ਪਰ ਭ੍ਰਿਸ਼ਟਾਚਾਰ ਪਨਪਣ ਵਾਲੇ ਹਾਲਾਤ ਬਣੇ ਰਹਿੰਦੇ ਹਨ।ਜਿਵੇਂ ਨਾਮਵਰ ਹਿੰਦੀ ਸ਼ਾਇਰ ਦਾ ਸ਼ੇਅਰ ਹੈ :
ਸਿਰਫ ਹੰਗਾਮਾ ਖੜ੍ਹਾ ਕਰਨਾ ਮੇਰਾ ਮਕਸਦ ਨਹੀ
ਮੇਰੀ ਕੋਸ਼ਿਸ਼ ਹੈ ਕਿ ਯੇ ਸੂਰਤ ਬਦਲਣੀ ਚਾਹੀਏ।
ਬਦਕਿਸਮਤੀ ਇਹ ਹੈ ਕਿ ਤਹਿਸੀਲਦਾਰਾਂ ਵਿਰੁੱਧ ਪਿਛਲੇ ਸਮੇਂ ਹੋਏ ਐਕਸ਼ਨ ਹੰਗਾਮਿਆਂ ਦੇ ਬਾਇਸ ਬਣੇ, ਸਨਸਨੀ ਫੈਲਦੀ ਰਹੀ ਤੇ ਇੱਕਾ-ਦੁੱਕਾ ਘਟਨਾਵਾਂ ਦੀ ਆੜ ਵਿੱਚ ਸਮੁੱਚੇ ਮਾਲ ਅਧਿਕਾਰੀਆਂ ਦੀ ਕਿਰਦਾਰਕੁਸ਼ੀ ਦਾ ਬਿਰਤਾਂਤ ਫੈਲਾਇਆ ਗਿਆ।
ਸਾਨੂੰ ਖੁਸ਼ੀ ਹੈ ਕਿ ਤੁਸੀਂ ਹਾਲਾਤ ਦੀ ਨਾਜੁਕਤਾ ਤੇ ਸਾਡੀ ਸੰਜੀਦਾ ਸਥਿਤੀ ਨੂੰ ਮੱਦੇਨਜਰ ਰੱਖਦੇ ਹੋਏ ਰਜ਼ਿਸਟ੍ਰੇਸ਼ਨ ਦਾ ਪੀ.ਸੀ.ਐੱਸ. ਅਧਿਕਾਰੀਆਂ, ਕਾਨੂੰਗੋਆਂ, ਸੀਨੀਅਰ ਅਸਿਸਟੈਂਟ ਕਰਮਚਾਰੀਆਂ ਨੂੰ ਸੌਂਪਿਆ ਹੈ। ਇਸ ਕਦਮ ਨੂੰ ਸਭਨਾਂ ਵਲੋਂ ਸਲਾਹਿਆ ਗਿਆ ਹੈ। ਇਸ ਦੇ ਨਾਲ ਮਾਲ ਅਧਿਕਾਰੀਆਂ ਨੂੰ ਮਾਲ ਮਹਿਕਮੇ ਦੇ ਬਾਕੀ ਜਰੂਰੀ ਕੰਮ ਜਿਵੇਂ ਇੰਤਕਾਲ, ਤਕਸੀਮ, ਦਰੁੱਸਤੀ, ਗਿਰਦਾਵਰੀ, ਆਫਤ-ਪ੍ਰਬੰਧਨ, ਕਾਰਜਕਾਰ ਮੈਜਿਸਟ੍ਰੇਟ ਡਿਊਟੀ ਆਦਿ ਲਈ ਲੋੜੀਂਦਾ ਸਮਾਂ ਮਿਲ ਸਕੇਗਾ।
ਆਪ ਜੀ ਵਲੋਂ ਭ੍ਰਿਸ਼ਟਾਚਾਰ ਦੇ ਮੂਲ ਕਾਰਨਾਂ ਨੂੰ ਦੂਰ ਕਰਨ ਹਿੱਤ ਸੇਵਾ ਕੇਂਦਰਾਂ ਵਿੱਚ ਵਸੀਕਾ ਨਵੀਸ ਕਾਊਂਟਰ ਰਾਹੀਂ ਵਸੀਕਾ ਲਿਖਣ, ਨਾਗਰਿਕਾਂ ਨੂੰ ਆਨ-ਲਾਈਨ ਵਸੀਕਾ ਅਪਲੋਡ ਕਰਨ ਦੀ ਸਹੂਲਤ, ਫਰਦ ਅਤੇ ਹੋਰ ਮਾਲ ਸੇਵਾਵਾਂ ਆਨ-ਲਾਈਨ ਮੁਹੱਈਆ ਕਰਵਾਉਣ ਲਈ ਚੁੱਕੇ ਜਾ ਰਹੇ ਕਦਮ ਸ਼ਲਾਂਘਾਯੋਗ ਹਨ। ਇਸ ਲਈ ਅਸੀਂ ਹਰ ਤਰ੍ਹਾਂ ਆਪਣਾ ਸਹਿਯੋਗ ਪ੍ਰਦਾਨ ਕਰਾਂਗੇ।
ਜਿੱਥੇ ਅਸੀਂ ਤੁਹਾਡੇ ਸੁਧਾਰਵਾਦੀ ਕਦਮਾਂ ਦਾ ਸਮਰਥਨ ਕਰਦੇ ਹਾਂ, ਉੱਥੇ ਬਿਨ੍ਹਾਂ ਸ਼ਿਕਾਇਤ ਤੇ ਜਾਂਚ 15 ਮਾਲ ਅਧਿਕਾਰੀਆਂ ਦੀ ਸਸਪੈਂਸ਼ਨ ਅਤਿ ਮੰਦਭਾਗਾਂ ਕਦਮ ਹੈ। ਇਹ ਸਾਰੇ ਅਧਿਕਾਰੀ ਗੈਰਹਾਜਰ ਨਹੀ ਸਨ ਸਗੋਂ ਮਾਲ ਮਹਿਕਮੇ ਦੀ ਹੋਰ ਜਰੂਰੀ ਡਿਊਟੀ ਕਰ ਰਹੇ ਸਨ। ਇਸ ਤਰ੍ਹਾਂ ਇੱਕ 200-300 ਕਿਲੋਮੀਟਰ ਦੂਰ ਤਬਾਦਲੇ ਕਿਸੇ ਵੀ ਸਕਾਰਾਤਮਕ ਕਦਮ ਨਹੀ ਹਨ।
ਮਾਲ ਅਧਿਕਾਰੀ ਸਰਕਾਰ ਦੇ ਅਹਿਮ ਅੰਗ ਹੁੰਦੇ ਹਨ। ਸਰਕਾਰੀ ਦੀਆਂ ਨੀਤੀਆਂ ਸਫਲ ਬਣਾਉਣ ਲਈ ਤੱਤਪਰ ਹਨ। ਪਰ ਕਸ਼ੀਦਗੀ ਨਾਕਾਰਾਤਮਕ ਰਵੱਈਏ ਤੇ ਕਿਰਦਾਰਕੁਸ਼ੀ ਸਰਕਾਰ ਦੀ ਦਿਖ ਤੇ ਬੁਰਾ ਪ੍ਰਭਾਵ ਵੀ ਪਾਉਂਦੇ ਹਨ।
ਆਪ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਨ੍ਹਾਂ ਸਸਪੈਂਸ਼ਨਾਂ ਨੂੰ ਰੱਦ ਕੀਤਾ ਜਾਵੇ ਅਤੇ ਦੂਰ-ਦੂਰ ਕੀਤੇ ਤਬਾਦਲਿਆਂ ਤੇ ਗੈਰ ਕੀਤਾ ਜਾਵੇ। ਅਸੀਂ ਇਕ ਵਾਰ ਫਿਰ ਭ੍ਰਿਸ਼ਟਾਚਾਰ ਵਿਰੁੱਧ ਆਪ ਦੀ ਜੰਗ ਦਾ ਸਮਰਥਨ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਇਹ ਜੰਗ ਕੇਵਲ ਮਾਲ ਅਧਿਕਾਰੀਆਂ ਤੱਕ ਸੀਮਤ ਨਹੀ ਰਹੇਗੀ।