Punjab News: ਕਾਮਰੇਡਾਂ ਵੱਲੋਂ ਭਗਵੰਤ ਮਾਨ ਸਰਕਾਰ ਦੇ ਲੋਕ ਦੋਖੀ ਬਜਟ ਖਿਲਾਫ ਰੋਸ ਪ੍ਰਦਰਸ਼ਨਾਂ ਦਾ ਐਲਾਨ
ਦਲਜੀਤ ਕੌਰ, ਚੰਡੀਗੜ੍ਹ/ਜਲੰਧਰ
Punjab News: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਸਾਲ 2025-26 ਦੇ ਬਜਟ ਨੂੰ ਸੂਬਾ ਵਾਸੀਆਂ ਦੀਆਂ ਆਸਾਂ ਨੂੰ ਘੱਟੇ ਰੋਲਣ ਵਾਲੀ, ਸ਼ਬਦਾਂ ਦੀ ਜਾਦੂਗਰੀ ਕਰਾਰ ਦਿੱਤਾ ਹੈ।
ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਬਜਟ ਪੰਜਾਬ ਵਾਸੀਆਂ ਦੇ ਜੀਅ ਦਾ ਜੰਜਾਲ ਬਣੀ ਬੇਰੁਜ਼ਗਾਰੀ, ਲੱਕ ਤੋੜ ਮਹਿੰਗਾਈ ਤੋਂ ਲੋਕਾਂ ਨੂੰ ਰਾਹਤ ਦੇਣ ਪੱਖੋਂ ਫੇਲ੍ਹ ਸਿੱਧ ਹੋਇਆ ਹੈ।
ਨਾਲ ਹੀ ਗੈਰ ਜਥੇਬੰਦ ਖੇਤਰ ਦੇ ਮਜ਼ਦੂਰਾਂ, ਕੱਚੇ ਕਾਮਿਆਂ, ਕਿਸਾਨਾਂ, ਮੁਲਾਜ਼ਮਾਂ, ਪੈਨਸ਼ਨਰਾਂ ਦੀਆਂ ਮੰਗਾਂ-ਮੁਸ਼ਕਿਲਾਂ ਦੇ ਹੱਲ ਪੱਖੋਂ ਵੀ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਉਨ੍ਹਾਂ, ਹਰ ਸਾਲ ਵਾਂਗ ਇਸ ਸਾਲ ਵੀ ਲੋਕਾਂ ਦੇ ਪੱਲੇ ਨਿਰਾਸ਼ਾ ਪਾਉਣ ਵਾਲੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਇਸ ਲੋਕ ਦੋਖੀ ਬਜਟ ਖਿਲਾਫ ਤਕੜਾ ਪ੍ਰਤੀਰੋਧ ਉਸਾਰਨ ਦਾ ਐਲਾਨ ਕਰਦਿਆਂ ਪਿੰਡਾਂ-ਸ਼ਹਿਰਾਂ ਦੀ ਗਰੀਬ ਵਸੋਂ ਨੂੰ ਤਿੱਖੇ ਰੋਸ ਪ੍ਰਗਟਾਵੇ ਕਰਨ ਦੀ ਅਪੀਲ ਕੀਤੀ ਹੈ।