ਵੱਡੀ ਖ਼ਬਰ: ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਰਪੰਚ ਨੂੰ ਮਾਰੀਆਂ ਗੋਲੀਆਂ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਦੇ ਅੰਦਰ ਇੱਕ ਵਾਰ ਫਿਰ ਵੱਡੀ ਵਾਰਦਾਤ ਵਾਪਰੀ ਹੈ। ਜਾਣਕਾਰੀ ਅਨੁਸਾਰ ਫ਼ਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਰਪੰਚ ਉੱਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ।
ਜ਼ਖਮੀ ਸਰਪੰਚ ਤੇ ਆਪ ਆਗੂ ਦੀ ਪਛਾਣ ਜਸਵੰਤ ਸਿੰਘ ਸੋਢੀ ਦੇ ਰੂਪ ਵਜੋਂ ਹੋਈ ਹੈ, ਜੋ ਪਿੰਡ ਪਹੁਲਵਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਆਪ ਆਗੂ ਅਤੇ ਸਰਪੰਚ ਜਸਵੰਤ ਸਿੰਘ ਸੋਢੀ ਆਪਣੇ ਘਰ ਵਿੱਚ ਮੌਜੂਦ ਸੀ, ਇਸੇ ਦੌਰਾਨ ਹੀ ਪਿੰਡ ਦੇ ਹੀ ਇੱਕ ਬੰਦੇ ਨੇ ਉਸਨੂੰ ਅਵਾਜ਼ ਲਗਾ ਕੇ ਘਰੋਂ ਬੁਲਾਇਆ।
ਜਿਵੇਂ ਹੀ ਜਸਵੰਤ ਸਿੰਘ ਸੋਢੀ ਘਰ ਤੋਂ ਬਾਹਰ ਨਿਕਲਿਆ ਤਾਂ, ਉਸ ਤੇ 4-5 ਗੋਲੀਆਂ ਚਲਾ ਦਿੱਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਸਰਪੰਚ ਦੇ ਪੇਟ ਵਿੱਚ ਇੱਕ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਹ ਜ਼ਮੀਨ ਤੇ ਡਿੱਗ ਗਿਆ।
ਜਿਵੇਂ ਹੀ ਵਾਰਦਾਤ ਦਾ ਪਤਾ ਆਸ ਪਾਸ ਦੇ ਲੋਕਾਂ ਨੂੰ ਲੱਗਿਆ, ਉਹ ਤੁਰੰਤ ਜਸਵੰਤ ਸਿੰਘ ਸੋਢੀ ਨੂੰ ਪਹਿਲਾਂ ਸਥਾਨਕ ਡਾਕਟਰ ਕੋਲ ਲੈ ਕੇ ਗਏ, ਜਿੱਥੋਂ ਉਸਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ।
ਜਿੱਥੇ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਉਸਦੀ ਹਸਪਤਾਲ ਵਿੱਚ ਵੀ ਹਾਲਤ ਗੰਭੀਰ ਬਣੀ ਹੋਈ ਹੈ। ਦੂਜੇ ਪਾਸੇ ਪੁਲਿਸ ਨੂੰ ਜਿਵੇਂ ਹੀ ਵਾਰਦਾਤ ਦੀ ਸੂਚਨਾ ਮਿਲੀ, ਤਾਂ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ ਅਤੇ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਗਈ ਹੈ।
ਸੂਤਰਾਂ ਮੁਤਾਬਿਕ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਹ ਵਾਰਦਾਤ ਵਾਪਰੀ ਹੈ, ਹਾਲਾਂਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ।
ਦੱਸਣਾ ਬਣਦਾ ਹੈ ਕਿ ਸੂਬੇ ਦੇ ਅੰਦਰ ਕਾਨੂੰਨ ਵਿਵਸਥਾ ਦਾ ਬਾਹਲਾ ਹੀ ਬੁਰਾ ਹਾਲ ਹੋਇਆ ਪਿਆ ਹੈ। ਰੋਜ਼ਾਨਾਂ ਹੀ ਕਤਲ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਜਿਸ ਦੇ ਕਾਰਨ ਮੌਜੂਦਾ ਭਗਵੰਤ ਮਾਨ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਹੈ।