ਭਗਵੰਤ ਮਾਨ ਸਰਕਾਰ ਦੀ ਫੋਕੀ ਸਿੱਖਿਆ ਕ੍ਰਾਂਤੀ ਦਾ ਅਧਿਆਪਕਾਂ ਨੇ ਭਾਂਡਾ ਭੰਨਿਆ
ਪੰਜਾਬ ਨੈੱਟਵਰਕ, ਪਟਿਆਲਾ
ਅੱਜ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪਟਿਆਲਾ ਵਿਖੇ ਮੈਰੀਟੋਰੀਅਸ ਸਕੂਲ ਦੇ ਗੇਟ ਸਾਹਮਣੇ ਭਗਵੰਤ ਮਾਨ ਸਰਕਾਰ ਦੀ ਫੋਕੀ ਸਿੱਖਿਆ ਕ੍ਰਾਂਤੀ ਦਾ ਭਾਂਡਾ ਭੰਨਿਆ ਗਿਆ।
ਅਧਿਆਪਕਾਂ ਵੱਲੋਂ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਸਖ਼ਤ ਅਲੋਚਨਾ ਕੀਤੀ ਗਈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਤੋਂ ਕਨਵੀਨਰ ਤਲਵਿੰਦਰ ਸਿੰਘ ਨੇ ਕਿਹਾ ਸਰਕਾਰ ਕੇਵਲ ਪੱਥਰ ਲਾਕੇ, ਝੂਠ ਪ੍ਰਚਾਰ ਰਹੀ ਹੈ। ਪੰਜਾਬ ਵਿੱਚ ਪ੍ਰਿੰਸੀਪਲਾਂ, ਹੈਡਮਾਸਟਰਾਂ, ਪ੍ਰਾਇਮਰੀ ਅਧਿਆਪਕਾਂ ਸਮੇਤ ਵੱਖ ਵੱਖ ਵਰਗਾਂ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਹਨ।
ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਸੂਬਾ ਆਗੂ ਰਣਜੀਤ ਸਿੰਘ ਅਤੇ ਬਲਜੀਤ ਨੇ ਕਿਹਾ ਕਿ ਪਿੰਡਾਂ ਵਿੱਚੋਂ ਚੱਲਣ ਵਾਲੀ ਸਰਕਾਰ ਨੂੰ ਸੰਗਰੂਰ ਵਿਖੇ ਪੋਹ ਮਾਘ ਦੀਆਂ ਰਾਤਾਂ ਵਿੱਚ ਸੰਘਰਸ਼ ਕਰਦੇ ਅਧਿਆਪਕ ਨਹੀਂ ਦਿਖਾਈ ਦਿੱਤੇ। ਸਗੋਂ ਮੰਗਾਂ ਹੱਲ ਕਰਨ ਦੀ ਥਾਂ ਕੰਪਿਊਟਰ ਅਧਿਆਪਕਾਂ ਤੇ ਜਬਰ ਕੀਤਾ ਗਿਆ।
ਮੈਰੀਟੋਰੀਅਸ ਟੀਚਰਜ਼ ਯੂਨੀਅਨ ਤੋਂ ਮੋਹੀ ਪੂਨੀਆ ਨੇ ਕਿਹਾ ਕਿ ਪੰਜਾਬ ਦੇ ਸਭ ਤੋਂ ਹੋਣਹਾਰ ਵਿਦਿਆਰਥੀ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਹਨ, ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਵੱਲੋਂ ਪੜਾਏ ਵਿਦਿਆਰਥੀ ਅੱਜ ਵੱਡੇ ਅਹੁਦਿਆਂ ਤੇ ਕੰਮ ਕਰ ਹਨ, ਪਰ ਇਨ੍ਹਾਂ ਨੂੰ ਪੜਾਉਣ ਵਾਲੇ ਅਧਿਆਪਕ ਹਾਲੇ ਵੀ ਕੱਚੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਤੋਂ ਹਰਮੀਤ ਕੌਰ ਨੇ ਦੱਸਿਆ ਕਿ ਫੋਕੀ ਲਿਫਾਫੇਬਾਜ਼ੀ ਕਰਨ ਵਾਲੀ ਸਰਕਾਰ ਤੋਂ ਅੱਧਾ ਮਹੀਨਾ ਬੀਤ ਜਾਣ ਤੇ ਵੀ ਤਨਖਾਹਾਂ ਜਾਰੀ ਨਹੀਂ ਹੋਈਆਂ। ਆਗੂਆਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਾਲੇ ਤੱਕ ਵਿਦਿਆਰਥੀਆਂ ਨੂੰ ਪੂਰੀਆਂ ਕਿਤਾਬਾਂ ਨਹੀਂ ਮਿਲੀਆਂ। ਨਾਹੀਂ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਸੰਬੰਧੀ ਕੋਈ ਸੁਹਿਰਦਤਾ ਦਿਖਾਈ ਗਈ ਹੈ।
ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਸਾਰੇ ਤਰ੍ਹਾਂ ਦੇ ਅਧਿਆਪਕ ਜਿਨ੍ਹਾਂ ਵਿੱਚ ਕੰਪਿਊਟਰ ਅਧਿਆਪਕ, ਮੈਰੀਟੋਰੀਅਸ ਅਤੇ ਆਦਰਸ਼ ਸਕੂਲਾਂ ਦੇ ਅਧਿਆਪਕ, ਐਨ ਐਸ ਕਿਊ ਐਫ਼ ਅਧਿਆਪਕ, ਹੋਰ ਕੱਚੇ ਅਧਿਆਪਕਾਂ ਤੁਰੰਤ ਸਿੱਖਿਆ ਵਿਭਾਗ ਵਿੱਚ ਪੂਰੇ ਸਕੇਲਾਂ ਤੇ ਪੱਕੇ ਕੀਤੇ ਜਾਣ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।
8886 ਅਧਿਆਪਕਾਂ ਦੀ ਤਨਖਾਹ ਕਟੌਤੀ ਵਾਪਸ ਕੀਤੀ ਜਾਵੇ, ਪੁਰਸ਼ ਅਧਿਆਪਕਾਂ ਦਾ ਪਿਛਲਾ ਸੇਵਾ ਕਾਲ ਗਿਣਦਿਆਂ ਰੂਲਾਂ ਮੁਤਾਬਿਕ ਬਣਦੀਆਂ ਛੁੱਟੀਆਂ ਦਿੱਤੀਆਂ ਜਾਣ। ਇਨ੍ਹਾਂ ਤੋਂ ਇਲਾਵਾ ਵਿਜੇ ਕੁਮਾਰ, ਰਾਕੇਸ਼ ਕੁਮਾਰ ਘਨੌਰ, ਪਰਮਜੀਤ ਸਿੰਘ ਡਾਰੀਆਂ, ਵਿਪਨੀਤ ਕੋਰ, ਜਸਵਿੰਦਰ ਸਿੰਘ, ਮਨਦੀਪ ਸਿੰਘ, ਪਰਮਜੀਤ ਕੌਰ, ਮਿਨਾਕਸ਼ੀ ਸਮੇਤ ਹੋਰ ਅਧਿਆਪਕ ਸ਼ਾਮਲ ਹੋਏ।