All Latest NewsNews FlashPunjab News

ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੀ ਤੁਲਾਈ ਦੌਰਾਨ ਕਿਸਾਨਾਂ ਨਾਲ ਵੱਡੀ ਲੁੱਟ! DGM ਨੇ ਦੋ ਫਰਮਾਂ ਨੂੰ ਕੀਤਾ ਜੁਰਮਾਨਾ, ਨੋਟਿਸ ਵੀ ਜਾਰੀ

 

ਨਿਰਧਾਰਤ ਮਾਪਦੰਡ ਨਾਲੋਂ ਵੱਧ ਕਣਕ ਦੀ ਤੁਲਾਈ ਕਰਕੇ ਕਿਸਾਨਾਂ ਨਾਲ ਹੇਰੀਫੇਰੀ ਕਰਨ ਦੇ ਮਾਮਲੇ ਵਿੱਚ ਦੋ ਫਰਮਾਂ ਨੂੰ ਜੁਰਮਾਨਾ, ਨੋਟਿਸ ਵੀ ਜਾਰੀ

ਪੰਜਾਬ ਮੰਡੀ ਬੋਰਡ ਦੇ ਡੀ.ਜੀ.ਐਮ ਭਜਨ ਕੌਰ ਨੇ ਅਨਾਜ ਮੰਡੀ ਸੰਗਰੂਰ ਅਤੇ ਭਵਾਨੀਗੜ੍ਹ ਵਿੱਚ ਕੀਤੀ ਅਚਨਚੇਤ ਚੈਕਿੰਗ

ਦਲਜੀਤ ਕੌਰ, ਭਵਾਨੀਗੜ੍ਹ/ਸੰਗਰੂਰ

ਬੀਤੇ ਦਿਨੀਂ ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਵੱਲੋਂ ਜ਼ਿਲ੍ਹਾ ਸੰਗਰੂਰ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਕਣਕ ਦੇ ਖਰੀਦ ਪ੍ਰਬੰਧਾਂ ਦਾ ਨਿਰੀਖਣ ਕਰਨ ਤੋਂ ਤੁਰੰਤ ਅਗਲੇ ਦਿਨ ਅੱਜ ਪੰਜਾਬ ਮੰਡੀ ਬੋਰਡ ਦੇ ਡਿਪਟੀ ਜਨਰਲ ਮੈਨੇਜਰ (ਡੀ.ਜੀ.ਐਮ) ਸ਼੍ਰੀਮਤੀ ਭਜਨ ਕੌਰ ਨੇ ਭਵਾਨੀਗੜ੍ਹ ਅਤੇ ਸੰਗਰੂਰ ਦੀਆਂ ਅਨਾਜ ਮੰਡੀਆਂ ਵਿੱਚ ਅਚਨਚੇਤ ਨਿਰੀਖਣ ਕੀਤਾ। ਉਹਨਾਂ ਨੇ ਇਸ ਦੌਰਾਨ ਜਿੱਥੇ ਮੰਡੀਆਂ ਵਿੱਚ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ ਉੱਥੇ ਹੀ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ।

ਡੀਜੀਐਮ ਨੇ ਭਰੀਆਂ ਬੋਰੀਆਂ ਦੀ ਜਾਂਚ ਪੜਤਾਲ ਦੌਰਾਨ ਪਾਇਆ ਕਿ ਭਵਾਨੀਗੜ੍ਹ ਅਤੇ ਸੰਗਰੂਰ ਦੀ ਇੱਕ-ਇੱਕ ਫਰਮ ਵੱਲੋਂ ਕਿਸਾਨਾਂ ਦੀ ਢੇਰੀ ਉੱਤੋਂ ਨਿਰਧਾਰਤ ਮਾਪਦੰਡ ਤੋਂ 100 ਗ੍ਰਾਮ ਜਿਆਦਾ ਕਣਕ ਦੀ ਤੁਲਾਈ ਗੱਟਿਆਂ ਵਿੱਚ ਕੀਤੀ ਜਾ ਰਹੀ ਹੈ। ਡੀ.ਜੀ.ਐਮ ਨੇ ਇਸ ਹੇਰਾਫੇਰੀ ਦਾ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਦੋਵੇਂ ਫਰਮਾਂ ਨੂੰ ਜੁਰਮਾਨੇ ਲਗਾਉਣ ਦੇ ਹੁਕਮ ਦਿੱਤੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੰਡੀ ਅਫਸਰ ਕੁਲਜੀਤ ਸਿੰਘ ਨੇ ਦੱਸਿਆ ਕਿ ਅੱਜ ਅਨਾਜ ਮੰਡੀ ਸੰਗਰੂਰ ਵਿੱਚ ਡੀ.ਜੀ.ਐਮ ਸ਼੍ਰੀਮਤੀ ਭਜਨ ਕੌਰ ਵੱਲੋਂ ਕੀਤੀ ਚੈਕਿੰਗ ਦੌਰਾਨ ਮੈਸਰਜ਼ ਨਰੇਸ਼ ਕੁਮਾਰ ਐਂਡ ਸੰਨਜ਼ ਫਰਮ ਵੱਲੋਂ ਕਿਸਾਨ ਗੁਰਚਰਨ ਸਿੰਘ ਵਾਸੀ ਭਲਵਾਨ ਦੀ ਢੇਰੀ ਉੱਤੇ 100 ਗ੍ਰਾਮ ਜਿਆਦਾ ਤੁਲਾਈ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਸਕੱਤਰ ਮਾਰਕੀਟ ਕਮੇਟੀ ਨੂੰ ਹਦਾਇਤ ਕੀਤੀ ਗਈ ਕਿ ਸੰਬੰਧਿਤ ਫਰਮ ਨੂੰ ਪੰਜਾਬ ਮੰਡੀ ਬੋਰਡ ਦੇ ਨਿਯਮਾਂ ਮੁਤਾਬਕ ਬਣਦਾ ਜੁਰਮਾਨਾ ਲਗਾਇਆ ਜਾਵੇ ਅਤੇ ਇਸ ਫਰਮ ਨੂੰ 99 ਗੱਟਿਆਂ ਵਿੱਚ ਵੱਧ ਤੁਲਾਈ ਪਾਏ ਜਾਣ ‘ਤੇ ਜੁਰਮਾਨਾ ਲਗਾ ਦਿੱਤਾ ਗਿਆ ਹੈ।

ਜ਼ਿਲ੍ਹਾ ਮੰਡੀ ਅਫਸਰ ਨੇ ਦੱਸਿਆ ਕਿ ਇਸੇ ਤਰ੍ਹਾਂ ਜਾਂਚ ਪੜਤਾਲ ਦੌਰਾਨ ਭਵਾਨੀਗੜ੍ਹ ਦੀ ਰਾਮਪੁਰਾ ਅਨਾਜ ਮੰਡੀ ਵਿੱਚ ਮੈਸਰਜ ਆਤਮਾ ਰਾਮ ਰਾਜ ਕੁਮਾਰ ਨਾਂ ਦੀ ਫਰਮ ਵੱਲੋਂ ਕਿਸਾਨ ਮਨਦੀਪ ਸਿੰਘ ਵਾਸੀ ਫਤਿਹਗੜ੍ਹ ਭਾਦਸੋਂ ਦੀ ਢੇਰੀ ਉੱਤੇ ਤੁਲਾਈ 100 ਗ੍ਰਾਮ ਤੋਂ ਜਿਆਦਾ ਭਰੀ ਪਾਈ ਗਈ। ਉਹਨਾਂ ਦੱਸਿਆ ਕਿ 72 ਗੱਟੇ ਭਰੇ ਹੋਏ ਪਾਏ ਗਏ ਅਤੇ ਮੰਡੀ ਸੁਪਰਵਾਈਜ਼ਰ ਵੱਲੋਂ ਮੌਕੇ ਤੇ ਹੀ ਸੰਬੰਧਿਤ ਫ਼ਰਮ ਨੂੰ ਜੁਰਮਾਨਾ ਲਗਾਇਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਦੋਵੇਂ ਫਰਮਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ।

ਜ਼ਿਲ੍ਹਾ ਮੰਡੀ ਅਫਸਰ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਦੀ ਕਣਕ ਘੱਟ ਤੁਲੀ ਪਾਈ ਗਈ ਸੀ ਉਸ ਦੇ ਸੰਬੰਧ ਵਿੱਚ ਉਹਨਾਂ ਨੂੰ ਬਣਦਾ ਜੇ ਫਾਰਮ ਮੌਕੇ ‘ਤੇ ਮੁਹਈਆ ਕਰਵਾ ਦਿੱਤਾ ਗਿਆ ਹੈ। ਅੱਜ ਡੀ.ਜੀ. ਐਮ ਨੇ ਇਹਨਾਂ ਮੰਡੀਆਂ ਵਿੱਚ ਕਿਸਾਨਾਂ ਦੀ ਸੁਵਿਧਾ ਲਈ ਉਪਲਬਧ ਕਰਵਾਏ ਗਏ ਪੀਣ ਵਾਲੇ ਪਾਣੀ, ਸਾਫ ਸਫਾਈ ਦੇ ਪ੍ਰਬੰਧਾਂ, ਪੱਖਿਆਂ, ਬੈਠਣ ਦੇ ਪ੍ਰਬੰਧਾਂ, ਤਿਰਪਾਲਾਂ ਆਦਿ ਦਾ ਜਾਇਜ਼ਾ ਵੀ ਲਿਆ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।

 

Leave a Reply

Your email address will not be published. Required fields are marked *