All Latest NewsNews FlashPunjab News

ਪੰਜਾਬ ਸਰਕਾਰ ਦੇ ਵਧ ਰਹੇ ਤਾਨਾਸ਼ਾਹ ਜਾਬਰ ਵਤੀਰੇ ਦੀ ਉਗਰਾਹਾਂ ਵੱਲੋਂ ਸਖ਼ਤ ਨਿਖੇਧੀ

 

ਐੱਮਐੱਲਏ ਵੱਲੋਂ ਸਵਾਲ ਪੁੱਛਣ ਗਏ ਕਿਸਾਨਾਂ ਨੂੰ ਕਾਰ ਥੱਲੇ ਕੁਚਲਣ ਦਾ ਯਤਨ ਅਤੇ ਝੂਠਾ ਪਰਚਾ ਦਰਜ ਕਰ ਕੇ ਜ਼ਿਲ੍ਹਾ ਆਗੂ ਘੁਡਾਣੀ ਗ੍ਰਿਫ਼ਤਾਰ

ਸ਼ੰਭੂ ਥਾਣੇ ਅੱਗੇ ਕਿਸਾਨਾਂ ਦਾ ਰੋਸ ਧਰਨਾ ਫੇਲ੍ਹ ਕਰਨ ਲਈ ਆਗੂਆਂ ਦੀ ਫੜੋ ਫੜੀ ਅਤੇ ਘਰਾਂ ‘ਚ ਨਜ਼ਰਬੰਦੀ

ਦਲਜੀਤ ਕੌਰ, ਚੰਡੀਗੜ੍ਹ

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਸਰਕਾਰ ਦੇ ਵਧ ਰਹੇ ਤਾਨਾਸ਼ਾਹ ਜਾਬਰ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਇਸ ਨਿਖੇਧੀ ਸੰਬੰਧੀ ਪ੍ਰੈੱਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਐੱਮ ਐੱਲ ਏ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆੜ੍ਹ ਦੇ ਦੌਰੇ ਮੌਕੇ ਕਿਸਾਨ ਮਸਲਿਆਂ ਬਾਰੇ ਸਵਾਲ ਪੁੱਛਣ ਗੇਟ ‘ਤੇ ਪਹੁੰਚੇ ਸ਼ਾਂਤਮਈ ਕਿਸਾਨਾਂ ਉੱਤੇ ਪਹਿਲਾਂ ਤਾਂ ਕਾਰ ਚੜ੍ਹਾ ਕੇ ਕੁਚਲਣ ਦਾ ਯਤਨ ਕੀਤਾ ਗਿਆ।

ਪਰ ਆਪਣੀ ਚੌਕਸੀ ਕਾਰਨ ਬਚਾਅ ਕਰਨ ਮਗਰੋਂ 8 ਕਿਸਾਨ ਆਗੂਆਂ ਉੱਤੇ ਝੂਠਾ ਪਰਚਾ ਦਰਜ ਕਰਵਾ ਕੇ ਅੱਜ ਤੜਕਸਾਰ ਕਈਆਂ ਦੇ ਘਰਾਂ ‘ਚ ਛਾਪੇਮਾਰੀ ਕੀਤੀ ਗਈ ਅਤੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੂਜੇ ਪਾਸੇ ਜਾਬਰ ਪੁਲੀਸ ਹੱਲੇ ਰਾਹੀਂ ਸ਼ੰਭੂ/ਖਨੌਰੀ ਬਾਰਡਰਾਂ ਤੋਂ ਧਰਨਾ ਚੁਕਵਾਉਣ ਮੌਕੇ ਪੁਲਿਸ ਰਾਹੀਂ ਚੋਰੀ ਕੀਤੀਆਂ/ਕਰਵਾਈਆਂ ਟਰਾਲੀਆਂ ਤੇ ਹੋਰ ਕੀਮਤੀ ਸਾਮਾਨ ਬਰਾਮਦ ਕਰਵਾਉਣ ਲਈ ਧਰਨਾਕਾਰੀ ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਥਾਣੇ ਅੱਗੇ ਧਰਨਾ ਲਾਉਣ ਦਾ ਐਲਾਨਿਆ ਪ੍ਰੋਗਰਾਮ ਫੇਲ੍ਹ ਕਰਨ ਲਈ ਪੰਜਾਬ ਭਰ ਵਿੱਚ ਤੜਕਸਾਰ ਛਾਪੇਮਾਰੀ ਰਾਹੀਂ ਦਰਜਨਾਂ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਤੋਂ ਇਲਾਵਾ ਮੁੱਖ ਆਗੂਆਂ ਦੀ ਘਰਾਂ ‘ਚ ਨਜ਼ਰਬੰਦੀ ਕੀਤੀ ਗਈ ਹੈ।

ਉਨ੍ਹਾਂ ਦੋਸ਼ ਲਾਇਆ ਕਿ ਲੁੱਟ, ਜਬਰ, ਬੇਰੁਜ਼ਗਾਰੀ, ਗੁੰਡਾਗਰਦੀ ਤੇ ਨਸ਼ਿਆਂ ਵਰਗੇ ਚੌਤਰਫੇ ਹੱਲਿਆਂ ਦੇ ਸਤਾਏ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਠੇਕਾ ਕਾਮਿਆਂ, ਵਿਦਿਆਰਥੀਆਂ ਤੇ ਛੋਟੇ ਕਾਰੋਬਾਰੀਆਂ ਦੇ ਜਨਤਕ ਸੰਘਰਸ਼ ਦੇ ਸੰਵਿਧਾਨਕ ਜਮਹੂਰੀ ਇਕੱਠਾਂ ਉੱਤੇ ਦਿਨੋਂ ਦਿਨ ਵਧ ਰਹੇ ਜਬਰ ਦਾ ਭਗਵੰਤ ਮਾਨ ਸਰਕਾਰ ਦਾ ਨਿਸ਼ਾਨਾ ਵੀ ਅਸਲ ਵਿੱਚ ਕੇਂਦਰੀ ਮੋਦੀ ਸਰਕਾਰ ਵਾਂਗ ਹੀ ਕਾਰਪੋਰੇਟ ਪੱਖੀ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਮੜ੍ਹਨ ਵੱਲ ਸੇਧਤ ਹੈ।

ਇਨ੍ਹਾਂ ਨੀਤੀਆਂ ਰਾਹੀਂ ਕਾਰਪੋਰੇਟਾਂ ਦੇ ਅੰਨ੍ਹੇ ਮੁਨਾਫ਼ਿਆਂ ਨੂੰ ਜਰ੍ਹਬਾਂ ਦੇਣ ਲਈ ਮਿਹਨਤਕਸ਼ ਦੇਸ਼ਵਾਸੀਆਂ ਨੂੰ ਜਲ, ਜੰਗਲ, ਜ਼ਮੀਨਾਂ ਤੇ ਛੋਟੇ ਕਾਰੋਬਾਰਾਂ ਸਮੇਤ ਰੁਜ਼ਗਾਰ ਦੇ ਹੱਕਾਂ ਤੋਂ ਵਾਂਝੇ ਕਰਨਾ ਹੈ। ਕਾਰਪੋਰੇਟਾਂ ਦੇ ਘਰ ਭਰਨ ਵਾਲੇ ਭਾਰਤ ਮਾਲ਼ਾ ਪ੍ਰਾਜੈਕਟ ਲਈ ਥਾਂ ਥਾਂ ਪੁਲੀਸ ਜਬਰ ਰਾਹੀਂ ਜ਼ਮੀਨਾਂ ਅਕਵਾਇਰ ਕਰਨ ਦੇ ਹੱਲੇ ਵੀ ਇਸੇ ਨਿਸ਼ਾਨੇ ਦਾ ਸਿੱਟਾ ਹਨ।

ਉਨ੍ਹਾਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਐਮ ਐਲ ਏ ਗਿਆਸਪੁਰਾ ਦੀ ਧੱਕੇਸ਼ਾਹੀ ਵਿਰੁੱਧ ਕੱਲ੍ਹ 7 ਮਈ ਨੂੰ ਸੂਬਾ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਵਿੱਚ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੀਆਂ ਦੂਜੀਆਂ ਕਿਸਾਨ ਜਥੇਬੰਦੀਆਂ ਵੱਲੋਂ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੀ ਜਥੇਬੰਦੀ ਵੱਲੋਂ ਸਮਰਥਨ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਪੰਜਾਬ ਦੇ ਸਮੂਹ ਸੰਘਰਸ਼ਸ਼ੀਲ ਇਨਸਾਫਪਸੰਦ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਇਸ ਤਾਨਾਸ਼ਾਹੀ ਜਬਰ ਦਾ ਮੂੰਹ ਮੋੜਨ ਲਈ ਤੇ ਆਪਣੇ ਹੱਕ ਹਾਸਲ ਕਰਨ ਲਈ ਕਾਫ਼ਲੇ ਬੰਨ੍ਹ ਕੇ ਵੱਡੀ ਗਿਣਤੀ ਵਿੱਚ ਸੰਘਰਸ਼ਾਂ ਦੇ ਮੈਦਾਨ ਵਿੱਚ ਨਿੱਤਰਿਆ ਜਾਵੇ।

 

Leave a Reply

Your email address will not be published. Required fields are marked *