ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਰੋਕੀਆਂ ਤਨਖਾਹਾਂ ਤੁਰੰਤ ਜਾਰੀ ਨਾ ਕੀਤੀਆਂ ਤਾਂ ਕੀਤਾ ਜਾਵੇਗਾ ਤਿੱਖਾ ਸੰਘਰਸ਼: ਡੈਮੋਕਰੇਟਿਕ ਟੀਚਰ ਫਰੰਟ
ਬਠਿੰਡਾ
ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਤੇ ਰੋਕ ਲਗਾ ਦਿੱਤੀ ਗਈ ਹੈ। ਸਰਕਾਰ ਦੇ ਇਹਨਾਂ ਨਾਦਰਸ਼ਾਹੀ ਹੁਕਮਾਂ ਖਿਲਾਫ ਪ੍ਰਤੀਕਰਮ ਦਿੰਦਿਆਂ ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਦੇ ਜਿਲਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦਾ ਪੈਸਾ ਸਿੱਖਿਆ ਕ੍ਰਾਂਤੀ ਦੇ ਨਾਂ ਹੇਠ ਜਿੱਥੇ ਅਜਾਈ ਗਵਾ ਰਹੀ ਹੈ ਉੱਥੇ ਸਰਕਾਰ ਦੇ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਤੋਂ ਪੰਜਾਬ ਸਰਕਾਰ ਹੱਥ ਪਿੱਛੇ ਘੁੱਟ ਰਹੀ ਹੈ। ਆਗੂਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਸਰਕਾਰ ਵਿੱਤੀ ਸਾਲ ਦੇ ਸ਼ੁਰੂ ਤੋਂ ਹੀ ਮੁਲਾਜ਼ਮਾਂ ਦੀਆਂ ਤਨਖਾਹਾਂ ਉੱਪਰ ਰੋਕਾਂ ਮੜ ਕੇ ਉਹਨਾਂ ਦਾ ਸ਼ੋਸ਼ਣ ਕਰੇ ।
ਮਾਰਚ ਮਹੀਨੇ ਦੀ ਤਨਖਾਹ ਵੀ ਮੁਲਾਜ਼ਮਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਕੇ ਹੀ ਪ੍ਰਾਪਤ ਕੀਤੀ ਅਤੇ ਹੁਣ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਦੀਆਂ ਤਨਖਾਹਾਂ ਵੀ ਦੇਣ ਤੋਂ ਖ਼ਜਾਨਾ ਦਫਤਰਾਂ ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਦੇ ਇਸ ਖਿਲਾਫ ਫੈਸਲੇ ਖਿਲਾਫ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਤਿੱਖਾ ਸੰਘਰਸ਼ ਕਰੇਗੀ ।ਉਹਨਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਧਰਨੇ ਜਾਂ ਮੁਜਾਹਰੇ ਕਰਕੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ ਉਹ ਇਹ ਸਮਝ ਲਵੇ ਕਿ ਜੇ ਸਰਕਾਰ ਮੁਲਾਜ਼ਮਾਂ ਨੂੰ ਤਨਖਾਹਾਂ ਤੋਂ ਵਾਂਝੇ ਕਰੇਗੀ ਤਾਂ ਕੋਈ ਵੀ ਵਿਅਕਤੀ ਚੁੱਪ ਕਰਕੇ ਨਹੀਂ ਬੈਠੇਗਾ। ਆਪਣੇ ਨਾਲ ਹੁੰਦੇ ਹੋਏ ਧੱਕੇ ਖਿਲਾਫ ਲੜਨਾ ਅਤੇ ਆਵਾਜ਼ ਬੁਲੰਦ ਕਰਨਾ ਹਰ ਵਿਅਕਤੀ ਦਾ ਇਖਲਾਕੀ ਅਧਿਕਾਰ ਹੈ ।
ਜਿਹੜੀਆਂ ਵੀ ਹਕੂਮਤਾਂ ਲੋਕਾਂ ਉੱਤੇ ਜਬਰ ਕਰਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ ਲੋਕਾਂ ਨੇ ਤਿੱਖੇ ਸੰਘਰਸ਼ਾਂ ਅਤੇ ਦ੍ਰਿੜ ਇਰਾਦਿਆਂ ਨਾਲ ਉਹਨਾਂ ਸਰਕਾਰਾਂ ਅਤੇ ਹਕੂਮਤਾਂ ਦਾ ਖੁਰਾ ਖੋਜ ਮਿਟਾ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਹੀ ਮੁਲਾਜ਼ਮਾਂ ਦੀਆਂ ਮੰਗਾਂ ਪਿਛਲੇ ਲੰਬੇ ਸਮੇਂ ਤੋਂ ਲਟਕਾ ਰਹੀ ਹੈ ਹੁਣ ਤਨਖਾਹਾਂ ਰੋਕ ਕੇ ਇਸ ਨੇ ਆਪਣਾ ਲੋਕ ਵਿਰੋਧੀ ਚਿਹਰਾ ਸਭ ਨਾਲ ਲੋਕਾਂ ਦੇ ਸਾਹਮਣੇ ਨੰਗਾ ਕਰ ਦਿੱਤਾ ਹੈ।
ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਮੀਤ ਪ੍ਰਧਾਨ ਵਿਕਾਸ ਗਰਗ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ, ਅਨਿਲ ਸਕੱਤਰ ਅਨਿਲ ਭੱਟ, ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਤੁਰੰਤ ਜਾਰੀ ਨਾ ਕੀਤੀਆਂ ਤਾਂ ਜਿਲ੍ਹੇ ਅੰਦਰ ਸਰਕਾਰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਸਮੇਂ ਹੋਰਾਂ ਤੋਂ ਇਲਾਵਾ ਬਲਾਕ ਪ੍ਰਧਾਨ ਭੋਲਾ ਤਲਵੰਡੀ ਭੁਪਿੰਦਰ ਸਿੰਘ ਮਾਈਸਰਖਾਨਾ ਰਾਜਵਿੰਦਰ ਸਿੰਘ ਜਲਾਲ ਬਲਕਰਨ ਸਿੰਘ ਕੋਟਸਵੀਰ ਅਸ਼ਵਨੀ ਡੱਬਵਾਲੀ ਜਿਲ੍ਹਾ ਆਗੂ ਰਣਦੀਪ ਕੌਰ ਖਾਲਸਾ ਅਤੇ ਬਲਜਿੰਦਰ ਕੌਰ ਨੇ ਸਮੂਹ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਤਨਖਾਹਾਂ ਰੋਕਣ ਖਿਲਾਫ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਅੱਗੇ ਆਓ।