Punjab Breaking: ਨਿਹੰਗ ਜਥੇਬੰਦੀ ਦੇ ਮੁਖੀ ਸਮੇਤ 6 ਲੋਕਾਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ
ਫਗਵਾੜਾ :
ਪਿੰਡ ਹਰਦਾਸਪੁਰ ਦੇ ਇਕ ਗੁਰਦੁਆਰਾ ਸਾਹਿਬ ਵਿਚ ਸਮਝੌਤੇ ਦੌਰਾਨ ਦੋ ਪੱਖਾਂ ਵਿਚ ਹੋਏ ਝਗੜੇ ਦੇ ਮਾਮਲੇ ਵਿਚ ਥਾਣਾ ਸਤਨਾਮਪੁਰਾ ਪੁਲਿਸ ਨੇ ਨਿਹੰਗ ਜਥੇਬੰਦੀ ਦੇ ਮੁਖੀ ਸਮੇਤ 6 ਲੋਕਾਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ।
ਥਾਣਾ ਸਤਨਾਮਪੁਰਾ ਦੇ ਐੱਸਐੱਚਓ ਹਰਦੀਪ ਸਿੰਘ ਦੇ ਅਨੁਸਾਰ, ਰਣਜੀਤ ਸਿੰਘ ਦੀ ਸ਼ਿਕਾਇਤ ‘ਤੇ ਡੇਰਾ ਪ੍ਰਧਾਨ ਬਾਬਾ ਜਿਤਿੰਦਰ ਸਿੰਘ, ਨਿਹੰਗ ਜਥੇਬੰਦੀ ਪ੍ਰਧਾਨ ਬਾਬਾ ਗੁਰਦੇਵ ਸਿੰਘ, ਪ੍ਰਿਤਪਾਲ ਸਿੰਘ, ਮਲਕੀਤ ਸਿੰਘ, ਹਰਜਿੰਦਰ ਸਿੰਘ ਬਦਲ ਨਿਵਾਸੀ ਸਤਨਾਮਪੁਰਾ ਅਤੇ ਬਿੰਦਰੀ ਨਿਵਾਸੀ ਗਾਂਵ ਹਰਦਾਸਪੁਰ ਦੇ ਖਿਲਾਫ਼ ਇਰਾਦਾ ਕਤਲ ਤੇ ਹੋਰ ਧਾਰਾਵਾਂ ਅਨੁਸਾਰ ਕੇਸ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਜੋ ਕਿ ਪਿੰਡ ਹਰਦਾਸਪੁਰ ਦਾ ਵਾਸੀ ਹੈ, ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਦੇ ਮਨਜੀਤ ਸਿੰਘ ਨੇ ਗੁਰਦੁਆਰਾ ਪਿੱਪਲੀ ਸਾਹਿਬ ਵਿਚ ਅਖੰਡ ਪਾਠ ਸਾਹਿਬ ਕਰਵਾਇਆ ਸੀ, ਉਸ ਸਮੇਂ ਗ੍ਰੰਥੀ ਮਨਵੀਰ ਸਿੰਘ ਤੇ ਗੁਰਦੀਪ ਸਿੰਘ ਨੇ ਉਨ੍ਹਾਂ ਨੂੰ ਘਰ ਆ ਕੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਮੌਕੇ ’ਤੇ ਜਾ ਕੇ ਦੇਖਿਆ ਤੇ ਵੀਡੀਓ ਬਣਾ ਕੇ ਗ੍ਰੰਥੀ ਸੁਖਵਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ, ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ। ਰਣਜੀਤ ਸਿੰਘ ਅਨੁਸਾਰ ਜਨਵਰੀ ਵਿਚ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ‘ਤੇ ਕੁਝ ਨੌਜਵਾਨਾਂ ਦੇ ਨਾਲ ਉਸਦਾ ਪੁੱਤਰ ਜਸਪਰੀਤ ਸਿੰਘ ਗੁਰਦੁਆਰਾ ਸਾਹਿਬ ਵਿੱਚ ਜਦੋਂ ਸਫਾਈ ਕਰ ਰਹਾ ਸੀ ਤਾਂ ਓਥੇ ਕੁਝ ਗੁਟਕੇ ਸਾਹਿਬ ਖੰਡਿਤ ਪਏ ਸੀ।
ਜਿਸ ਨੂੰ ਲੈ ਕੇ ਉਸਦੇ ਪੁੱਤਰ ਜਸਪਰੀਤ ਸਿੰਘ ਨੇ ਗੁਰੂ ਦੁਆਰਾ ਸਾਹਿਬ ਦੀ ਕਮੇਟੀ ਨੂੰ ਦੱਸਿਆ ਅਤੇ ਤਿੰਨ ਦਿਨ ਬਾਅਦ ਸੰਗਤ ਇਕੱਠੀਆਂ ਹੋਈਆਂ ਅਤੇ ਨਿਹੰਗ ਸਿੰਘ ਬੁਲਾਕੇ ਰਾਜੀਨਾਾਮਾ ਕਰਵਾ ਦਿੱਤਾ ਅਤੇ ਉਸਦੇ ਪੁੱਤ ਦੀ ਹੀ ਗਲਤੀ ਕੱਢੀ ਗਈ, ਜੋ ਸਾਨੂੰ ਬਰੀ ਲੱਗੀ। ਉਨ੍ਹਾਂ ਦੱਸਿਆ ਕਿ ਮੁੜ ਇਸ ਫੈਸਲੇ ਨੂੰ ਲੈ ਕੇ 9 ਜੂਨ ਨੂੰ ਸਮਾਂ ਰੱਖਿਆ ਗਿਆ ਪਰ ਪਿੰਡ ਵਿਚ ਕਿਸੇ ਮੌਤ ਕਾਰਨ ਦੁਬਾਰਾ 17 ਜੂਨ ਨੂੰ 4 ਵਜੇ ਦਾ ਸਮਾਂ ਤੈਅ ਕੀਤਾ ਗਿਆ।
ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੋਵਾਂ ਪੁੱਤਰ ਜਸਪ੍ਰੀਤ ਸਿੰਘ ਅਤੇ ਜਗਜੀਤ ਸਿੰਘ, ਉਸਦੀ ਪਤਨੀ ਰਾਜਿੰਦਰ ਕੌਰ ਤੇ ਹੋਰ ਲੋਕ ਗੁਰੂਦੁਆਰਾ ਪਿਪਲੀ ਸਾਹਿਬ ਵਿਚ ਆਏ ਤਾਂ ਗੁਰੂਦੁਆਰਾ ਸਾਹਿਬ ਦੇ ਬਾਬਾ ਜਿੱਤੇਂਦਰ ਸਿੰਘ, ਪ੍ਰਿਤਪਾਲ ਸਿੰਘ, ਮਲਕੀਤ ਸਿੰਘ ਅਤੇ ਬਾਬਾ ਗੁਰਦੇਵ ਸਿੰਘ ਸਮੇਤ ਕਈ ਪਿੰਡ ਵਾਸੀਆਂ ਵਿਚਾਰਾਂ ਲਈ ਬੈਠੇ ਸਨ।
ਉਨ੍ਹਾਂ ਦੱਸਿਆ ਕਿ ਪ੍ਰਿਤਪਾਲ ਸਿੰਘ ਨੇ ਮੇਰੇ ਪੁੱਤਰ ਦੇ ਖ਼ਿਲਾਫ਼ ਗਲਤ ਫੈਸਲਾ ਲਿਆ ਜਿਸ ਨੂੰ ਲੈ ਕੇ ਆਪਸ ’ਚ ਹੱਥੋਪਾਈ ਹੋ ਗਈ। ਉਨ੍ਹਾਂ ਦੱਸਿਆ ਕਿ ਦੋਹਾਂ ਪੱਖਾਂ ਨੇ ਇਕ ਦੂਜੇ ‘ਤੇ ਜਾਨਲੇਵਾ ਹਮਲਾ ਕੀਤਾ ਅਤੇ ਅਚਾਨਕ ਗੋਲੀ ਚੱਲੀ ਤੇ ਉਸਦਾ ਪੁੱਤਰ ਜਸਪ੍ਰੀਤ ਸਿੰਘ ਨੂੰ ਲੱਗ ਗਈ।
ਗੋਲੀ ਲੱਗਣ ਦਾ ਰੌਲ਼ਾ ਪਾਉਣ ’ਤੇ ਬਾਹਰੋਂ ਆਏ ਨਿਹੰਗ ਸਿੰਘ ਮੌਕੇ ਤੋਂ ਫ਼ਰਾਰ ਹੋ ਗਏ ਤੇ ਉਸਨੇ ਆਪਣੇ ਪੁੱਤਰ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਇੱਥੋਂ ਡਾਕਟਰ ਨੇ ਉਸਨੂੰ ਜਲੰਧਰ ਦੇ ਇਕ ਨਿਜੀ ਹਸਪਤਾਲ ’ਚ ਇਲਾਜ ਲਈ ਭੇਜ ਦਿੱਤਾ। ਇਸ ਝਗੜੇ ’ਚ ਬਾਬਾ ਗੁਰਦੇਵ ਸਿੰਘ ਦੇ ਤਿੰਨ ਨਿਹੰਗ ਸਿੰਘ ਵੀ ਜ਼ਖਮੀ ਹੋਏ ਹਨ। ਬਾਬਾ ਗੁਰਦੇਵ ਸਿੰਘ ਨੇ ਦੋਸ਼ ਲਾਇਆ ਕਿ ਰਣਜੀਤ ਸਿੰਘ ਤੇ ਉਸਦੇ ਸਾਥੀਆਂ ਨੇ ਉਨ੍ਹਾਂ ‘ਤੇ ਹਥਿਆਰਾਂ ਨਾਲ ਹਮਲਾ ਕੀਤਾ ਸੀ। ਖ਼ਬਰ ਸਰੋਤ- ਜਾਗਰਣ