ਹਾਲ-ਏ-ਬਦਲਾਅ ਹਕੂਮਤ: ਮੈਰੀਟੋਰੀਅਸ ਅਧਿਆਪਕਾਂ ਨੂੰ ਨਾ ਸਿੱਖਿਆ ਵਿਭਾਗ ‘ਚ ਕੀਤਾ ਰੈਗੂਲਰ, ਨਾ ਵਧਾਈ ਤਨਖ਼ਾਹ
ਸੂਬਾ ਪ੍ਰਧਾਨ ਡਾ. ਟੀਨਾ ਨੇ ਪੰਜਾਬ ਸਰਕਾਰ ਦੀ ਅਧਿਆਪਕ ਵਿਰੋਧੀ ਨੀਤੀ ਤੇ ਚੁੱਕੇ ਸਵਾਲ
ਨਾ ਸਰਕਾਰ ਨੇ ਮੈਰੀਟੋਰੀਅਸ ਟੀਚਰਜ਼ ਦੇ ਰੁਜ਼ਗਾਰ ਨੂੰ ਸਿੱਖਿਆ ਵਿਭਾਗ ਚ ਰੈਗੂਲਰ ਕੀਤਾ ਅਤੇ ਨਾ ਹੀ ਕੋਈ ਤਨਖ਼ਾਹ ਵਾਧਾ: ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਬਾਰ੍ਹਵੀਂ ਦੇ ਨਤੀਜੇ ਐਲਾਨੇ ਗਏ ਹਨ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਰੈਜੀਡੈਂਸੀਅਲ ਸਕੂਲ ਫਾਰ ਮੈਰੀਟੋਰੀਅਸ ਮੋਹਾਲੀ ਦੇ ਵਿਦਿਆਰਥੀਆਂ ਨੇ ਚੰਗੀ ਬਾਜੀ ਮਾਰੀ ਹੈ। ਇਸ ਤੋਂ ਪਹਿਲਾਂ ਮੈਰੀਟੋਰੀਅਸ ਸਕੂਲਾਂ ਦਾ ਜੇਈਈ ਪ੍ਰੀਖਿਆਵਾਂ ਦਾ ਨਤੀਜੇ ਵੀ ਬਹੁਤ ਸ਼ਾਨਦਾਰ ਰਹੇ ਹਨ ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਨੇ ਕਿਹਾ ਕਿ ਸਰਕਾਰੀ ਮੈਰੀਟੋਰੀਅਸ ਸਕੂਲਾਂ ਦਾ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਮੈਰੀਟੋਰੀਅਸ ਸਕੂਲਾਂ ਵਿੱਚ ਇਸ ਵਾਰ 37 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਸਥਾਨ ਬਣਾਇਆ ਹੈ। ਪਰ ਦੂਸਰੇ ਪਾਸੇ ਸਰਕਾਰ ਮੈਰੀਟੋਰੀਅਸ ਟੀਚਰਾਂ ਦੀਆਂ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ । ਉਹਨਾਂ ਦੀ ਚਿਰਾਂ ਤੋਂ ਲਟਕਦੀ ਮੰਗ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕਰਨ ਨੂੰ ਲੈ ਕੇ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਹੋਰ ਤਾਂ ਹੋਰ ਸਰਕਾਰ ਨੇ ਤਨਖ਼ਾਹ ਵਾਧੇ ਤੇ ਪਿਛਲੇ ਬਕਾਏ ਵੀ ਰੋਕੇ ਹੋਏ ਹਨ।
ਦੁੱਖ ਦੀ ਗੱਲ ਹੈ ਕਿ ਪਿਛਲੇ ਸਮੇਂ ਵਿੱਚ ਪ੍ਰਾਪਤੀਆਂ ਬਹੁਤ ਜ਼ਿਆਦਾ ਹਨ ਪਰ ਸਰਕਾਰ ਦਾ ਧਿਆਨ ਬਿਲਕੁਲ ਵੀ ਇਹਨਾਂ ਮੈਰੀਟੋਰੀਅਸ ਟੀਚਰਜ਼ ਦੀਆਂ ਮੰਗਾਂ ਵੱਲ ਨਹੀਂ ਹੈ । ਜਿਸ ਕਰਕੇ ਸਿਰਫ਼ 2326 ਰੁਪਏ ਹੀ ਪਿਛਲੇ ਦਸਾਂ ਸਾਲਾਂ ਚ ਤਨਖਾਹ ਵਿੱਚ ਵਾਧਾ ਹੋਇਆ ਹੈ।
ਡਾ. ਟੀਨਾ ਦਾ ਕਹਿਣਾ ਹੈ ਕਿ ਜੇਕਰ ਸਿੱਖਿਆ ਦੇ ਨਾਮ ਤੇ ਸੱਤਾ ਵਿੱਚ ਆਈ ਹੋਈ ਸਰਕਾਰ ਪੂਰਨ ਤਰੀਕੇ ਦੇ ਨਾਲ ਮੈਰੀਟੋਰੀਅਸ ਟੀਚਰਜ਼ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇਵੇਗੀ ਤਾਂ ਮੈਰੀਟੋਰੀਅਸ ਅਧਿਆਪਕ ਫਿਰ ਕਿਸ ਕੋਲ ਗੁਹਾਰ ਲਾਉਣ, ਪੰਜਾਬ ਸਰਕਾਰ ਜਲਦ ਮੰਗਾਂ ਮੰਨੇ ਹੁਣ ਹੋਰ ਦੇਰੀ ਠੀਕ ਨਹੀਂ।