ਭਗਵੰਤ ਮਾਨ ਸਰਕਾਰ ਖ਼ਿਲਾਫ਼ NSQF ਅਧਿਆਪਕਾਂ ਦਾ ਵੱਡਾ ਐਲਾਨ; ਲੁਧਿਆਣਾ ‘ਚ ਕਰਨਗੇ ਪੋਲ-ਖ਼ੋਲ ਰੈਲੀ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਐਨ.ਐਸ.ਕਿਯੂ.ਐਫ.ਵੋਕੇਸ਼ਨਲ ਟੀਚਰਜ਼ ਫ਼ਰੰਟ ਪੰਜਾਬ ਦੇ ਪ੍ਰਧਾਨ ਭੁਪਿੰਦਰ ਨੇ ਦੱਸਿਆ ਕਿ ਫ਼ਰੰਟ ਵੱਲੋਂ 25 ਮਈ ਨੂੰ ਲੁਧਿਆਣਾ ਵਿਖੇ ਪੋਲ-ਖ਼ੋਲ ਰੈਲੀ ਕੀਤੀ ਜਾਵੇਗੀ।
ਫ਼ਰੰਟ ਦੇ ਆਗੂਆਂ ਦਾ ਕਹਿਣਾ ਕਿ ਸਬ ਕਮੇਟੀ ਵੱਲੋਂ ਐਨ.ਐਸ.ਕਿਯੂ.ਐਫ.ਟੀਚਰਜ਼ ਫ਼ਰੰਟ ਦੀਆਂ ਮੰਗਾਂ ਦੇ ਹੱਲ ਲਈ 20 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ ਕਿ 20 ਦਿਨਾਂ ਬਾਅਦ ਫ਼ਰੰਟ ਦੇ ਮੈਂਬਰਾਂ ਨੂੰ ਦੁਬਾਰਾ ਬੁਲਾ ਕੇ ਗੱਲਬਾਤ ਕੀਤੀ ਜਾਵੇਗੀ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਕੋਲ ਅੱਜ ਮੁਲਾਜ਼ਮਾਂ ਦੀਆਂ ਮੰਗਾਂ ਸੁਣਨ ਦਾ ਸਮਾਂ ਨਹੀਂ ਹੈ। ਜਿਸ ਕਰਕੇ ਵੋਕੇਸ਼ਨਲ ਟਰੇਨਰ ਵਿੱਚ ਸਰਕਾਰ ਵਿਰੁੱਧ ਭਾਰੀ ਰੋਸ ਹੈ।
ਉਨ੍ਹਾਂ ਕਿਹਾ ਕਿ ਜੋ ਸਰਕਾਰ ਸੱਤਾ ਵਿਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਕਿ, ਸਾਡੀ ਸਰਕਾਰ ਆਉਣ ‘ਤੇ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਵੇਗੀ। ਸਭ ਤੋਂ ਪਹਿਲਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਅੱਜ ਤਿੰਨ ਸਾਲ ਤੋਂ ਬਾਅਦ ਵੀ ਸਾਰੇ ਕੱਚੇ ਮੁਲਾਜ਼ਮ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ।
ਆਪ ਸਰਕਾਰ ਸਰਕਾਰੀ ਸਕੂਲਾਂ ਨੂੰ ਕਾਰਪੋਰੇਟ ਘਰਾਣਿਆ ਨੂੰ ਸੌਂਪ ਰਹੀ ਹੈ, ਜਿਸ ਨਾਲ ਗ਼ਰੀਬ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਜਿਸਦਾ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾਵੇਗਾ।
ਉਨਾ ਦੱਸਿਆ ਕਿ ਐਨ.ਐਸ.ਕਿਯੂ.ਐਫ. ਵੋਕੇਸ਼ਨਲ ਟੀਚਰ ਬਹੁਤ ਘੱਟ ਤਨਖ਼ਾਹਾਂ ਤੇ ਆਪਣੇ ਘਰਾਂ ਤੋਂ 100-100 ਕਿਲੋਮੀਟਰ ਦੂਰ ਪਿਛਲੇ 11 ਸਾਲਾਂ ਤੋ ਨੌਕਰੀ ਕਰ ਰਹੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਵਿੱਚ ਕਈ ਬਿਆਨ ਵੀ ਦਿੱਤੇ ਗਏ ਕਿ ਕੰਪਨੀਆਂ ਵੱਲੋਂ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਅਸੀਂ ਇਹ ਸਭ ਬੰਦ ਕਰਕੇ ਇਹਨਾਂ ਨੂੰ ਪੱਕੇ ਕਰਾਂਗੇ।
ਫ਼ਰੰਟ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਹਰਿਆਣਾ ਦੀ ਤਰਜ਼ ਤੇ ਤਨਖ਼ਾਹ 35075 ਅਤੇ ਜੌਬ ਸੁਰੱਖਿਆ ਦੀ ਨੀਤੀ ਬਣਾਈ ਜਾਵੇ।