ਪੰਜਾਬ ‘ਚ ਅਫ਼ੀਮ ਦੀ ਖੇਤੀ ਬਾਰੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਪੜ੍ਹੋ ਖੇਤੀ ਹੋਵੇਗੀ ਜਾਂ ਨਹੀਂ…!
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਅੰਦਰ ਅਫ਼ੀਮ ਦੀ ਖੇਤੀ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਮਾਨ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸੂਬੇ ਦੇ ਅੰਦਰ ਅਫ਼ੀਮ ਦੀ ਖੇਤੀ ਨਾ ਕਰਨ ਬਾਰੇ ਫ਼ੈਸਲਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਫ਼ੀਮ ਦੀ ਖੇਤੀ ਨਹੀਂ ਹੋਵੇਗੀ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਆਪਣੀਆ ਸਪੀਚਾਂ ਦੇ ਵਿੱਚ ਅਫ਼ੀਮ ਦੀ ਖੇਤੀ ਦੀਆਂ ਬੜੀਆਂ ਗੱਲਾਂ ਕਰਦੇ ਨੇ, ਜਿਹੜਾ ਕਿ ਸੂਬਾ ਵਿਰੋਧੀ ਹਨ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਅਫ਼ੀਮ ਦੇ ਪੌਦੇ ਤੋਂ ਹੀ ਖ਼ਤਰਨਾਕ ਹੈਰੋਇਨ ਵਰਗਾ ਨਸ਼ਾ ਬਣਦਾ ਹੈ, ਇਸ ਲਈ ਸੂਬੇ ਵਿੱਚ ਅਫ਼ੀਮ ਵਰਗੇ ਭਿਆਲਕ ਨਸ਼ੇ ਦੀ ਖੇਤੀ ਨਹੀਂ ਹੋਵੇਗੀ।
ਚੀਮਾ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨਸ਼ੇ ਨੂੰ ਪਰਮੋਟ ਕਰ ਰਹੇ ਹਨ ਅਤੇ ਸੂਬੇ ਦੇ ਅੰਦਰ ਅਫ਼ੀਮ ਦੀ ਖੇਤੀ ਕਰਨ ਦੀ ਮੰਗ ਕਰ ਰਹੇ ਹਨ, ਜੋ ਕਿ ਬਿਲਕੁਲ ਗਲਤ ਹੈ। ਚੀਮਾ ਨੇ ਕਿਹਾ ਕਿ ਅਫ਼ੀਮ ਦੀ ਖੇਤੀ ਕਰਨ ਦਾ ਪੰਜਾਬ ਵਿੱਚ ਹਾਲੇ ਕੋਈ ਵਿਚਾਰ ਨਹੀਂ ਹੈ।
ਉਨ੍ਹਾਂ ਨੇ ਕਾਂਗਰਸ ਤੇ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਨਸ਼ੇ ਨੂੰ ਪ੍ਰਮੋਟ ਕਰਕੇ ਸੁਰਖੀਆਂ ਬਟੋਰ ਰਹੇ ਹਨ ਅਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਨੂੰ ਬੜਾਵਾਂ ਦੇ ਰਹੇ ਹਨ।
ਹਰਪਾਲ ਚੀਮਾ ਨੇ ਤਤਕਾਲੀ ਕਾਂਗਰਸ-ਅਕਾਲੀ ਭਾਜਪਾ ਸਰਕਾਰ ਤੇ ਵੀ ਦੋਸ਼ ਲਗਾਇਆ ਇਨ੍ਹਾਂ ਦੀਆ ਸਰਕਾਰਾਂ ਵੇਲੇ ਪੰਜਾਬ ਦੇ ਅੰਦਰ ਨਸ਼ਿਆਂ ਦਾ ਰੁਝਾਨ ਵਧਿਆ ਹੈ ਅਤੇ ਪੰਜਾਬ ਦੇ ਅੰਦਰ ਨਸ਼ੇੜੀਆਂ ਦੀ ਗਿਣਤੀ ਜਿਆਦਾ ਹੋਈ ਹੈ। ਅਕਾਲੀਆਂ ਅਤੇ ਕਾਂਗਰਸੀਆਂ ਨੇ ਹੀ ਪੰਜਾਬ ਦੇ ਅੰਦਰ ਨਸ਼ੇ ਦਾ ਬੂਟਾ ਲਾਇਆ ਸੀ, ਜਿਸਨੂੰ ਭਗਵੰਤ ਮਾਨ ਸਰਕਾਰ ਖ਼ਤਮ ਕਰ ਰਹੀ ਹੈ।