ਪਿਤਾ ਦਿਵਸ: ਪਿਤਾ ਦਾ ਵਿਸ਼ਵਾਸ ਹੀ ਹੁੰਦਾ ਜਿਹੜਾ ਬੱਚਿਆ ਨੂੰ ਡੋਲਣ ਨਹੀਂ ਦਿੰਦਾ/- ਪੜ੍ਹੋ ਸੀਪਿਕਾ ਦਾ ਵਿਸ਼ੇਸ਼ ਲੇਖ
ਪਿਤਾ ਸਾਡੇ ਲਈ ਉਹ ਰੁੱਖ ਹੁੰਦਾ ਜੋ ਜ਼ਿੰਦਗੀ ਦੀ ਤਪਸ਼ ਵਿੱਚ ਸਾਨੂੰ ਸੰਘਣੀ ਛਾਂ ਦਿੰਦਾ ਹੈ। ਸਾਨੂੰ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦਾ ਸਾਹਮਣਾ ਬਹੁਤ ਸਬਰ ਨਾਲ ਕਰਨਾ ਸਿਖਾਉਂਦਾ ਹੈ। ਇਹ ਪਿਤਾ ਦਾ ਵਿਸ਼ਵਾਸ ਹੀ ਹੁੰਦਾ ਜਿਹੜਾ ਬੱਚਿਆ ਨੂੰ ਡੋਲਣ ਨਹੀਂ ਦਿੰਦਾ।
ਮਾਤਾ- ਪਿਤਾ ਤੋਂ ਹੀ ਬੱਚਾ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਨਿਭਾਉਣਾ ਸਿੱਖਦਾ। ਧੀ ਲਈ ਉਸ ਦਾ ਪਿਤਾ ਰੋਲ ਮਾਡਲ ਵਾਂਗ ਹੁੰਦਾ। ਜੀਹਦੇ ਤੋਂ ਉਹ ਕਿਆਸ ਲਾ ਲੈਂਦੀ ਹੈ ਕਿ ਦੁਨੀਆ ਕਿਹੋ ਜਿਹੀ ਹੈ ..ਤੇ ਪਿਤਾ ਦੇ ਪਿਆਰ ਤੇ ਵਿਸ਼ਵਾਸ ਕਰ ਕੇ ਇਹ ਦੁਨੀਆਂ ਬਹੁਤ ਸੁਹਜ ਲੱਗਦੀ ਐ।
ਇਹ ਗੱਲ ਸੱਚ ਹੈ, ਜਿਨ੍ਹਾਂ ਬੱਚਿਆਂ ਦਾ ਰਿਸ਼ਤਾ ਆਪਣੇ ਪਿਤਾ ਨਾਲ ਵਧੀਆ ਹੁੰਦਾ ਹੈ, ਉਹ ਬੱਚੇ ਬੌਧਿਕ, ਸਰੀਰਕ, ਮਾਨਸਿਕ ਅਤੇ ਭਾਵਨਾਤਮਿਕ ਰੂਪ ’ਚ ਜ਼ਿਆਦਾ ਮਜ਼ਬੂਤ ਹੁੰਦੇ ਹਨ। ਹਰ ਪਿਤਾ ਚਾਹੁੰਦਾ ਹੈ ਕਿ ਉਸ ਦਾ ਬੱਚਾ ਉਹ ਸਭ ਕੁਝ ਕਰੇ, ਜੋ ਉਹ ਖ਼ੁਦ ਜ਼ਿੰਦਗੀ ਵਿਚ ਨਾ ਕਰ ਸਕਿਆ।
ਉਹ ਆਪਣੇ ਬੱਚਿਆਂ ਦੇ ਸੁਪਨੇ ਨੂੰ ਸਾਕਾਰ ਕਰਨ ’ਚ ਹਰ ਹੀਲੇ ਮਦਦ ਕਰਦਾ ਹੈ। ਉਹ ਆਪਣੇ ਬੱਚਿਆਂ ਨੂੰ ਚੰਗੇ-ਮਾੜੇ ਦੀ ਪਰਖ ਕਰਨਾ, ਮੁਸੀਬਤਾਂ ਦਾ ਸਾਹਮਣਾ ਕਰਨਾ ਸਿਖਾਉਂਦਾ। ਪਿਤਾ ਆਪਣੇ ਪਿਆਰ ਨਾਲ ਪਰਪੱਕ ਜੋ ਖੰਭ ਬੱਚਿਆਂ ਨੂੰ ਦਿੰਦਾ ਹੈ, ਉਹਨਾਂ ਸਦਕੇ ਉਹ ਬੇਬਾਕ ਹੋ ਕੇ ਉਡਾਰੀਆਂ ਲਾਉਂਦੇ ਹਨ।
ਜ਼ਿੰਦਗੀ ਵਿੱਚ ਕਈ ਵਾਰ ਇਹੋ ਜਿਹਾ ਮੋੜ ਆਉਂਦਾ ਹੈ ਜਿੱਥੇ ਇੱਕ ਪਿਤਾ, ਮਾਂ ਵੀ ਹੁੰਦਾ ਹੈ। ਉਹ ਸਾਰੇ ਫਰਜ਼ ਦਿਲ ਚ ਦਰਦ ਪਰ ਚਿਹਰੇ ਤੇ ਮੁਸਕਾਨ ਲਿਆ ਕੇ ਬਹੁਤ ਪਿਆਰ ਨਾਲ ਅਦਾ ਕਰਦਾ ਹੈ। ਸ਼ਾਲਾ! ਕੁਦਰਤ ਮਿਹਰ ਕਰੇ ਤੇ ਹਰ ਬੱਚੇ ਨੂੰ ਆਪਣੇ ਪਿਤਾ ਤੇ ਮਾਣ ਹੋਵੇ।
ਸੀਪਿਕਾ