Breaking: ਪੰਜਾਬ ਦੀ ਨਵ-ਵਿਆਹੁਤਾ ਵੱਲੋਂ ਵਿਦੇਸ਼ ‘ਚ ਖੁਦਕੁਸ਼ੀ!
ਮੋਹਾਲੀ
ਮਾਲਦੀਵ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਕੁੜੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਮ੍ਰਿਤਕਾ ਦੀ ਪਛਾਣ ਗੁਰਪ੍ਰੀਤ ਕੌਰ (24 ਸਾਲਾ) ਵਾਸੀ ਬਨੂੜ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਕਰੀਬ 6 ਮਹੀਨੇ ਪਹਿਲਾਂ ਹੀ ਉਹ ਵਰਕ ਪਰਮਿਟ ਤੇ ਮਾਲਦੀਵ ਗਈ ਸੀ। ਮ੍ਰਿਤਕਾ ਗੁਰਪ੍ਰੀਤ ਦੀ ਲਾਸ਼ ਭਾਰਤ ਪਹੁੰਚ ਗਈ ਹੈ। ਪੁਲਿਸ ਮਾਲਦੀਪ ਪੁਲਿਸ ਵੱਲੋਂ ਭੇਜੇ ਦਸਤਾਵੇਜਾਂ ਦੀ ਪੜਤਾਲ ਕਰ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਾਲਦੀਵ ਪੁਲਿਸ ਵੱਲੋਂ ਭੇਜੇ ਗਏ ਦਸਤਾਵੇਜ਼ਾਂ ਦਾ ਅਨੁਵਾਦ ਕਰਨ ਦਾ ਕੰਮ ਚੱਲ ਰਿਹਾ ਹੈ, ਕਿਉਂਕਿ ਦਸਤਾਵੇਜ਼ ਫਾਰਸੀ ਭਾਸ਼ਾ ਵਿੱਚ ਹਨ। ਬਨੂੜ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ, ਪੋਸਟਮਾਰਟਮ ਰਿਪੋਰਟ ਅਤੇ ਮਾਲਦੀਵ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਗੁਰਪ੍ਰੀਤ ਕੌਰ ਦਾ ਪਿਛਲੇ ਸਾਲ ਅਪ੍ਰੈਲ ਵਿੱਚ ਫਿਰੋਜ਼ਪੁਰ ਦੇ ਜੀਰਾ ਦੇ ਰਹਿਣ ਵਾਲੇ ਸਾਗਰ ਨਾਲ ਪ੍ਰੇਮ ਵਿਆਹ ਹੋਇਆ ਸੀ। ਮ੍ਰਿਤਕਾ ਦੇ ਪਿਤਾ ਸੁਖਦੇਵ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸਦੇ ਪਤੀ ‘ਤੇ ਉਸਨੂੰ ਤੰਗ ਕਰਨ ਅਤੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਛੇ ਮਹੀਨੇ ਪਹਿਲਾਂ ਵਰਕ ਪਰਮਿਟ ‘ਤੇ ਮਾਲਦੀਵ ਗਈ ਸੀ। ਮ੍ਰਿਤਕਾ ਦਾ ਪਤੀ ਭਾਰਤ ਵਿੱਚ ਸੀ। ਪਰਿਵਾਰ ਨੇ 11 ਜੂਨ ਨੂੰ ਧੀ ਨਾਲ ਗੱਲ ਕੀਤੀ ਸੀ ਅਤੇ ਉਸੇ ਰਾਤ ਇਹ ਘਟਨਾ ਵਾਪਰੀ।
ਘਟਨਾ ਤੋਂ ਬਾਅਦ, ਮ੍ਰਿਤਕਾ ਦੀ ਲਾਸ਼ ਕੱਲ੍ਹ ਭਾਰਤ ਪਹੁੰਚੀ। ਇਸ ਤੋਂ ਬਾਅਦ, ਮੋਹਾਲੀ ਵਿੱਚ ਪੋਸਟਮਾਰਟਮ ਅਤੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਗਈਆਂ। ਹੁਣ ਪੁਲਿਸ ਪੋਸਟਮਾਰਟਮ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕਰੇਗੀ।