Education News: ਪੰਜਾਬ ਸਰਕਾਰ ਵੱਲੋਂ ਬਣਾਏ ਸਿੱਖਿਆ ਦੇ ਮਾਡਲ ਸਕੂਲ ਆਫ ਐਮੀਨੈਂਸ ’ਚ ਅਧਿਆਪਕਾਂ ਦੀ ਵੱਡੀ ਘਾਟ
ਪੰਜਾਬ ਨੈੱਟਵਰਕ, ਫਿਰੋਜ਼ਪੁਰ:
Education News: ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਵੱਡੇ-ਵੱਡੇ ਦਾਅਵੇ ਕਰ ਕੇ ਸੱਤਾ ਵਿੱਚ ਆਉਣ ਵਾਲੀਆਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਵੀ ਸਰਕਾਰੀ ਸਕੂਲਾਂ ਅੰਦਰ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ’ਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਹੁਣ ਹਾਲਾਤ ਅਜਿਹੇ ਹਨ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ’ਚ ਕ੍ਰਾਂਤੀ ਦੇ ਨਾਂ ਹੇਠ ਸੂਬੇ ਭਰ ਵਿੱਚ ਸਥਾਪਿਤ ਕੀਤੇ ਗਏ ਸਕੂਲ ਆਫ ਐਮੀਨੈਂਸ ਵਿੱਚ ਵੀ ਅਧਿਆਪਕਾਂ ਦੀ ਪੂਰੀ ਗਿਣਤੀ ਵਿੱਚ ਤਾਇਨਾਤ ਨਹੀਂ। ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਇਧਰੋਂ-ਉਧਰੋਂ ਸਰਕਾਰੀ ਸਕੂਲਾਂ ’ਚੋਂ ਅਧਿਆਪਕ ਬੁਲਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਹਾਂਡਾ, ਜਨਰਲ ਸਕੱਤਰ ਜਗਸੀਰ ਸਿੰਘ ਗਿੱਲ ਨੇ ਸਾਥੀਆਂ ਸਮੇਤ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਜਾਰੀ ਕਰ ਕੇ ਆਪਣੇ-ਆਪੋ ਆਪਣੇ ਜ਼ਿਲ੍ਹੇ ਦੇ ਸਕੂਲ ਆਫ ਐਮੀਨੈਂਸ ਵਿੱਚ ਲੈਕਚਰਾਰ ਤੇ ਮਾਸਟਰ ਕੇਡਰ ਦੀ ਘਾਟ ਨੂੰ ਪੂਰਾ ਕਰਨ ਲਈ ਜ਼ਿਲ੍ਹੇ ਦੇ ਹੋਰ ਸਰਕਾਰੀ ਸਕੂਲਾਂ ਵਿੱਚ ਸਕੂਲ ਆਫ ਐਮੀਨੈਂਸ ਵਿੱਚ ਜਾਣ ਦੇ ਇਛੁੱਕ ਅਧਿਆਪਕਾਂ ਤੋਂ ਪ੍ਰਤੀ ਬੇਨਤੀਆਂ ਲੈ ਕੇ ਆਪਣੇ-ਆਪਣੇ ਜ਼ਿਲ੍ਹੇ ਦੀ ਪ੍ਰਪੋਜਲ ਬਣਾ ਕੇ 1 ਜੁਲਾਈ 2024 ਤਕ ਭੇਜਣ ਲਈ ਕਿਹਾ ਹੈ, ਜੋ ਕਿ ਬਿਲਕੁਲ ਗ਼ਲਤ ਵਰਤਾਰਾ ਹੈ।
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਦੱਸਿਆ ਕਿ ਸਹਾਇਕ ਡਾਇਰੈਕਟਰ ਦੇ ਦਸਤਕ ਹਸਤਾਖਰਾਂ ਤਹਿਤ ਜਾਰੀ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਕੂਲ ਐਮੀਨੈਂਸ ਵਿੱਚ 2024-25 ਲਈ ਦਾਖ਼ਲਾ ਹੋ ਰਿਹਾ ਹੈ, ਇਨ੍ਹਾਂ ਐਮੀਨੈਂਸ ਸਕੂਲਾਂ ਵਿੱਚ ਵੱਖ-ਵੱਖ ਵਿਸ਼ੇ ਦੇ ਲੈਕਚਰਰ ਤੇ ਮਾਸਟਰ ਕੇਡਰ ਦੀਆਂ ਕਾਫੀ ਅਸਾਮੀਆਂ ਖਾਲੀ ਹਨ।
ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਡੰਗ ਟਪਾਊ ਨੀਤੀ ਤਹਿਤ ਸਕੂਲ ਆਫ ਐਮੀਨੈਂਸ ਵਿੱਚ ਤਾਇਨਾਤ ਕੀਤੇ ਜਾ ਰਹੇ ਢੰਗ ਤਰੀਕੇ ਦੂਜੇ ਸਕੂਲਾਂ ਵਿੱਚੋ ਅਧਿਆਪਕ ਬੁਲਾਉਣਾ ਨਾਲ ਇਨ੍ਹਾਂ ਸਕੂਲਾਂ ਵਿੱਚ ਗਿਣਤੀ ਪੂਰੀ ਕਰਦੇ ਹੋਏ ਦੂਜੇ ਪਾਸੇ ਜਿਨ੍ਹਾਂ ਸਕੂਲਾਂ ਵਿੱਚੋਂ ਉਹ ਅਧਿਆਪਕ ਆਉਣਗੇ, ਉਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਸਕੂਲਾਂ ਵਿੱਚ ਸਟਾਫ ਦੀ ਪੂਰਤੀ ਲਈ ਨਵੀਂ ਭਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਸੂਬੇ ਅੰਦਰ ਪਹਿਲਾਂ ਹੀ ਅਧਿਆਪਕ ਯੋਗਤਾ ਟੈਸਟ ਪਾਸ ਕਰ ਕੇ ਅਧਿਆਪਕ ਲੱਗਣ ਦੀ ਯੋਗਤਾ ਪੂਰੀ ਕਰਦੇ ਹਜ਼ਾਰਾਂ ਗਿਣਤੀ ਵਿੱਚ ਨੌਜਵਾਨ ਬੇਰੁਜ਼ਗਾਰ ਹਨ, ਜਿਨ੍ਹਾਂ ਦੀ ਸਿੱਖਿਆ ਵਿਭਾਗ ਵਿੱਚ ਨਿਯੁਕਤੀ ਕਰ ਕੇ ਪੰਜਾਬ ਸਰਕਾਰ ਨੂੰ ਸੂਬੇ ਭਰ ਵਿੱਚ ਸਰਕਾਰੀ ਸਕੂਲਾਂ ਅੰਦਰਲੀ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨਾ ਚਾਹੀਦਾ ਹੈ।
ਇਸ ਮੌਕੇ ਬਲਵਿੰਦਰ ਸਿੰਘ ਸੰਧੂ, ਗੌਰਵ ਮੁੰਜਾਲ, ਗੁਰਚਰਨ ਸਿੰਘ ਕਲਸੀ, ਰਣਜੀਤ ਸਿੰਘ ਖਾਲਸਾ, ਜਸਵਿੰਦਰ ਸਿੰਘ ਮਮਦੋਟ, ਰਾਜਨ ਨਰੂਲਾ, ਸੰਦੀਪ ਸਹਿਗਲ, ਗੁਰਮੀਤ ਸਿੰਘ ਧੰਮ, ਪਵਨ ਕੁਮਾਰ, ਸ਼ਹਿਨਾਜ਼ ਨਰੂਲਾ, ਗੀਤਾ, ਗਗਨਦੀਪ ਕੌਰ, ਕਮਲੇਸ਼ ਕੁਮਾਰੀ, ਰੇਣੂ ਬਾਲਾ, ਪ੍ਰੈਟੀ, ਸੀਮਾ ਹਾਂਡਾ, ਜੋਤੀ, ਚਰਨਜੀਤ ਵਾਲੀਆ, ਲਖਵੀਰ ਸਿੰਘ, ਬਲਜੀਤ ਸਿੰਘ, ਕਪਿਲ ਸਨਾਨ, ਜਸਵਿੰਦਰ ਸਿੰਘ, ਰਾਜੀਵ ਮੋਂਗਾ, ਮਨੋਜ ਮੋਂਗਾ, ਹਰਜਿੰਦਰ ਸਿੰਘ, ਨਵਦੀਪ ਕੁਮਾਰ, ਮਿਸ਼ਾਲ ਧਵਨ, ਅਨਿਲ ਧਵਨ, ਸੰਜੀਵ ਮਨਚੰਦਾ, ਭਾਰਤ ਕੁਮਾਰ, ਸੁਖਵਿੰਦਰ ਸਿੰਘ, ਸੰਜੀਵ ਨਰੂਲਾ, ਸ਼ਕਤੀਮਾਨ ਸਿੰਘ ਆਦਿ ਸਾਥੀ ਹਾਜ਼ਰ ਸਨ।