All Latest NewsGeneralNews FlashPunjab NewsTop BreakingTOP STORIES

Sher-e-Punjab: Maharaja Ranjit Singh: ਪੰਜ ਦਰਿਆਵਾਂ ਦਾ ਮਹਾਰਾਜਾ ਰਣਜੀਤ ਸਿੰਘ

 

Sher-e-Punjab: Maharaja Ranjit Singh: ਪੰਜਾਬ ਪੰਜਾਂ ਦਰਿਆਵਾਂ ਦੀ ਹੀ ਨਹੀਂ ਸਗੋਂ ਗੁਰੂਆਂ, ਪੀਰਾਂ, ਫ਼ਕੀਰਾਂ, ਸੂਫੀਆਂ, ਜੋਗੀਆਂ, ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਹੈ। ਜੇ ਦੁਨੀਆ ਦੇ ਨਕਸ਼ੇ ਵਿੱਚੋਂ ਏਸ਼ੀਆ ’ਤੇ ਨਜ਼ਰ ਮਾਰੀਏ ਤਾਂ ਇਹ ਧਰਤੀ ਵਿਸ਼ੇਸ਼ ਰੂਪ ਵਿਚ ਨਜ਼ਰ ਆਉਂਦੀ ਹੈ ਕਿਉਂਕਿ ਪ੍ਰਾਚੀਨ ਸਮਿਆਂ ਵਿਚ ਜਿੱਥੇ ਇਹ ਵਪਾਰਕ ਗਤੀਵਿਧੀਆਂ ਲਈ ਪ੍ਰਸਿੱਧ ਸੀ ਓਥੇ ਭਾਰਤ ਵਰਗੇ ਵੱਡੇ ਭੂ-ਭਾਗ ਲਈ ਦੁਨੀਆ ਦਾ ਪ੍ਰਵੇਸ਼ ਦੁਆਰ ਵੀ ਸੀ। ਇਤਿਹਾਸਕ ਸਮਿਆਂ ਵਿਚ ਸਿਕੰਦਰ ਤੋਂ ਲੈ ਕੇ ਗਜ਼ਨਵੀ ਤਕ ਤੇ ਬਾਬਰ ਤੋਂ ਲੈ ਕੇ ਦੁਰਾਨੀਆਂ ਤਕ ਵਿਦੇਸ਼ੀ ਧਾੜਵੀ ਇਸ ਧਰਤੀ ’ਤੇ ਪੈਰ ਰੱਖ ਕੇ ਇਛਾਵਾਂ ਦੀ ਪੂਰਤੀ ਲਈ ਲਹੂ ਦੇ ਦਰਿਆ ਵਗਾਂਦੇ ਰਹੇ ਪਰ ਇੱਥੋਂ ਦੇ ਯੋਧਿਆਂ ਤੇ ਸਿਰਲੱਥ ਸੂਰਮਿਆਂ ਨੇ ਜਿੱਥੇ ਸਿਕੰਦਰ ਦਾ ਰਾਹ ਰੋਕ ਕੇ ਉਹਨੂੰ ਚਟਾਨੀ ਅਹਿਸਾਸ ਕਰਾਇਆ ਓਥੇ ਗੁਰੂ ਨਾਨਕ ਸਾਹਿਬ ਨੇ ਬਾਣੀ ਰਾਹੀਂ ਸ਼ਬਦ ਦੀ ਤਾਕਤ ਨੂੰ ਸਿਰਮੌਰ ਬਣਾ ਕੇ ਬਾਬਰ ਨੂੰ ਵੰਗਾਰਿਆ।

ਏਸੇ ਪੰਜ ਦਰਿਆਵਾਂ ਦੀ ਧਰਤੀ ’ਤੇ ਗੁਰੂ ਨਾਨਕ ਸਾਹਿਬ ਦੀ ਸ਼ਬਦ ਤੇ ਗੁਰੂ ਗੋਬਿੰਦ ਸਿੰਘ ਦੀ ਸ਼ਸਤਰੀ ਪਰੰਪਰਾ ਨੂੰ ਬਾਦਸ਼ਾਹੀ ਦੇਣ ਵਾਲਾ ਸ਼ਾਸਕ ਰਣਜੀਤ ਸਿੰਘ ਪੈਦਾ ਹੋਇਆ। ਉਹਦੀ ਸ਼ੇਰ ਵਾਲੀ ਭਬਕ ਨੇ ਜਿੱਥੇ ਅਫ਼ਗਾਨਾਂ ਦੇ ਸਾਹ ਸੂਤੇ ਉੱਥੇ ਈਸਟ ਇੰਡੀਆ ਕੰਪਨੀ ਦੇ ਯੂਰਪੀਆਂ ਨੂੰ ਉਹਦੇ ਜਿਉਂਦੇ ਜੀਅ ਇਸ ਭੂਖੰਡ ’ਤੇ ਕਬਜ਼ਾ ਕਰਨ ਦਾ ਹੀਆ ਨਾ ਪਿਆ। ਪਰ ਅੰਤ ਅੰਗਰੇਜ਼ਾਂ ਦੀਆਂ ਚਾਲਾਂ, ਸਾਜ਼ਿਸ਼ਾਂ ਤੇ ਬਦਨੀਤੀਆਂ ਕਰਕੇ ਇਕ ਵਿਸ਼ਾਲ ਖ਼ਾਲਸਾ ਰਾਜ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਗਿਆ।

ਕੌਮਾਂਤਰੀ ਸੰਧੀਆਂ ਦੀ ਧਰਤੀ

ਇਨ੍ਹਾਂ ਦੀ ਵਡਿਆਈ ਕਰਦਿਆਂ ਪ੍ਰਸਿੱਧ ਇਤਿਹਾਸਕਾਰ ਡਾ. ਸੁਖਦਿਆਲ ਸਿੰਘ ਹੋਰੀਂ ਲਿਖਦੇ ਹਨ – 1780 ਤੋਂ ਲੈ ਕੇ 1839 ਤਕ ਦੇ 59 ਸਾਲ ਸ਼ੇਰੇ ਪੰਜਾਬ, ਮਹਾਰਾਜਾ ਰਣਜੀਤ ਸਿੰਘ ਦੇ ਸਨ। ਇਨ੍ਹਾਂ ਸਾਲਾਂ ਵਿਚ ਪੰਜਾਬ ਦੇ ਇਤਿਹਾਸ ਵਿਚ ਇਕ ਸ਼ਾਨਦਾਰ ਇਤਿਹਾਸਕ ਵਰਤਾਰਾ ਵਰਤਿਆ ਸੀ। ਸਿੱਖ ਕੌਮ, ਜਿਸ ਨੇ 1699 ਤੋਂ ਹੀ ਆਪਣੀ ਸੁਤੰਤਰਤਾ ਲਈ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ, ਸੰਘਰਸ਼ ਵਿਚ ਫਤਹਿਯਾਬ ਹੋ ਕੇ ਰਾਜ-ਭਾਗ ਦੀ ਉਸਾਰੀ ਕਰਨ ਵੱਲ ਜੁੱਟ ਗਈ ਸੀ। ਰਾਜ-ਭਾਗ ਦੀ ਸ਼ੁਰੂਆਤ ਮਿਸਲਾਂ ਦੀ ਸਰਦਾਰੀ ਰਾਹੀਂ ਹੋਈ ਸੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਵੱਖ-ਵੱਖ ਟੁਕੜਿਆਂ ਨੂੰ ਇਕੱਠਾ ਕਰ ਕੇ ਪੰਜ ਦਰਿਆਵਾਂ ਦੀ ਧਰਤੀ ’ਤੇ ਇਕ ਬਹੁਤ ਹੀ ਵਿਸ਼ਾਲ ਅਤੇ ਤਾਕਤਵਰ ਸਲਤਨਤ ਖੜ੍ਹੀ ਕਰ ਦਿੱਤੀ ਸੀ। ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਪੰਜ ਦਰਿਆਵਾਂ ਦੀ ਧਰਤੀ ਨੇ ਵਿਸ਼ਵ ਨੂੰ ਇਕ ਸ਼ਾਨਦਾਰ ਬਾਦਸ਼ਾਹਤ ਮੁਹੱਈਆ ਕੀਤੀ ਸੀ। ਪੰਜਾਬ ਦੇ ਪੰਜ ਦਰਿਆਵਾਂ ਦਾ ਵੱਡਾ ਸਮਾਂ ਸਿਰਫ਼ ਹਮਲਾਵਰਾਂ ਦੇ ਜੰਗਾਂ ਯੁੱਧਾਂ ਦੀਆਂ ਤਬਾਹੀਆਂ ਵਿਚ ਹੀ ਗੁਜ਼ਰਿਆ ਸੀ। ਕਿਸੇ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਜਿਹੜਾ ਪੰਜਾਬ ਜੁਗਾਂ-ਜੁਗਾਂਤਰਾਂ ਤੋਂ ਸਿਰਫ਼ ਜੰਗਾਂ-ਯੁੱਧਾਂ ਦੀ ਭੂਮੀ ਹੀ ਬਣਿਆ ਰਿਹਾ ਸੀ, ਕੀ ਕਦੇ ਇਹ ਧਰਤੀ ਵੀ ਕੌਮਾਂਤਰੀ ਸੰਧੀਆਂ ਅਤੇ ਅਹਿਦਨਾਮਿਆਂ ਨੂੰ ਲਿਖੇ ਜਾਣ ਵਾਲੀ ਬਣ ਜਾਏਗੀ? ਮਹਾਰਾਜਾ ਰਣਜੀਤ ਸਿੰਘ ਨੇ ਇਹ ਗੌਰਵ ਹਾਸਲ ਕੀਤਾ ਸੀ।’

ਇਤਿਹਾਸ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਲਾਸਾਨੀ ਦਰਜਾ ਹਾਸਲ ਹੈ, ਜਦੋਂ ਵਿਸ਼ਵ ਇਤਿਹਾਸ ਦਾ ਜ਼ਿਕਰ ਆਉਂਦਾ ਹੈ ਤਾਂ ਸੂਰਬੀਰ ਜੋਧਿਆਂ ਵਜੋਂ ਦੋ ਮਹਾਰਾਜਿਆਂ ਨੂੰ ਇਹ ਰੁਤਬਾ ਹਾਸਲ ਹੁੰਦਾ ਹੈ -ਇਕ ਹੈ ਨੈਪੋਲੀਅਨ ਬੋਨਾਪਾਰਟ ਦੂਜਾ ਮਹਾਰਾਜਾ ਰਣਜੀਤ ਸਿੰਘ। ਉਹਨੇ ਜਾਰਜ ਫਾਰੇਸਟਰ ਦੀ ਉਸ ਭਵਿੱਖ ਬਾਣੀ ਨੂੰ ਸੱਚ ਸਾਬਤ ਕਰ ਦਿੱਤਾ ਸੀ, ਜਿਹੜੀ ਉਹਨੇ ਮਾਰਚ 1783 ਵਿਚ ਆਪਣੇ ਪੱਤਰ ਰਾਹੀਂ ਕੀਤੀ ਸੀ। ਇਸ ਵਿਚ ਉਹਨੇ ਲਿਖਿਆ ਸੀ ਕਿ ਜੇਕਰ ਭਵਿੱਖ ਵਿਚ ਸਾਮਰਾਜ ਅਤੇ ਧਰਮ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਕਿਸੇ ਵੀ ਕਾਰਨ ਸਿੱਖਾਂ ਦੇ ਇਕ-ਜੁੱਟ ਪ੍ਰਯਤਨ ਦੀ ਲੋੜ ਪਈ ਤਾਂ ਸ਼ਾਇਦ ਕੋਈ ਉਤਸ਼ਾਹੀ ਮੁਖੀਆ ਆਪਣੀ ਸਿਆਣਪ ਅਤੇ ਸਫਲਤਾ ਤੋਂ ਪ੍ਰੇਰਨਾ ਲੈ ਕੇ ਅਤੇ ਆਪਣੇ ਸਾਥੀਆਂ ਦੀ ਸ਼ਕਤੀ ਗ੍ਰਹਿਣ ਕਰ ਕੇ ਆਪਣੇ ਖੇਤਰ ਦੇ ਖੰਡਰਾਤਾਂ ਤੋਂ ਰਾਜਤੰਤਰ ਦੇ ਮਿਆਰ ਦਾ ਪ੍ਰਦਰਸ਼ਨ ਕਰੇਗਾ।’

ਸਾਂਝੇ ਰਾਜ ਦੀਆਂ ਸਿਫ਼ਤਾਂ

ਮਹਾਰਾਜੇ ਨੇ ਆਪਣੀ ਸਿਆਸੀ ਸੂਝ ਬੂਝ, ਪ੍ਰਬੰਧਕੀ ਯੋਗਤਾ ਤੇ ਰਣਨੀਤੀ ਘਾੜੇ ਵਜੋਂ ਅਜਿਹਾ ਸੰਭਵ ਕਰ ਵਿਖਾਇਆ ਜਿਸਨੇ ਜੰਗਾਂ ਯੁੱਧਾਂ ਦੀ ਇਸ ਧਰਤੀ ਨੂੰ ਅਮਨ, ਚੈਨ ਤੇ ਸ਼ਾਂਤੀ ਦੇ ਖਿੱਤੇ ਵਿਚ ਬਦਲ ਦਿੱਤਾ। ਉਹਨੇ ਸਿੱਖ ਗੁਰੂਆਂ ਦੇ ਆਦਰਸ਼ ‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ’ ਦੇ ਲਿਖਤੀ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾ ਕੇ ਇਕ ਸਰਬ ਸਾਂਝੇ ਰਾਜ ਦੀ ਨੀਂਹ ਰੱਖੀ। ਇਸ ਸਾਂਝੇ ਰਾਜ ਦੀਆਂ ਸਿਫ਼ਤਾਂ ਦੇ ਗੁਣਗਾਨ ਕਰਦਾ ਸਾਡਾ ਉੱਘਾ ਲੋਕ ਕਵੀ ਸ਼ਾਹ ਮੁਹੰਮਦ ਲਿਖਦਾ ਹੈ –

ਮਹਾਂਬਲੀ ਰਣਜੀਤ ਸਿੰਘ

ਹੋਇਆ ਪੈਦਾ,

ਨਾਲ ਜ਼ੋਰ ਦੇ ਮੁਲਕ ਹਿਲਾ ਗਿਆ।

ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,

ਜੰਮੂ, ਕਾਂਗੜਾ, ਕੋਟ,

ਨਿਵਾ ਗਿਆ।

ਹੋਰ ਦੇਸ਼ ਲਦਾਖ ਤੇ ਚੀਨ ਤੋੜੀ

ਸਿੱਕਾ ਆਪਣੇ ਨਾਮ ਚਲਾ ਗਿਆ।

ਸ਼ਾਹ ਮੁਹੰਮਦਾ ਜਾਣ

ਪਚਾਸ ਬਰਸਾਂ

ਅੱਛਾ ਰੱਜ ਕੇ ਰਾਜ ਕਮਾ ਗਿਆ।

ਏਸੇ ਮਹਾਰਾਜੇ ਦੀ ਮੌਤ ’ਤੇ ਉਹ ਹੰਝੂ ਵੀ ਕੇਰਦਾ ਹੈ। ਮਹਾਰਾਜੇ ਦੀ ਮੌਤ ਉਪਰੰਤ ਦਰਬਾਰ ਵਿਚ ਹੋਈ ਬੁਰਛਾਗਰਦੀ ਨੇ ਉਸ ਗੌਰਵਸ਼ਾਲੀ ਸਲਤਨਤ ਨੂੰ ਮੁੜ ਖੇਰੂੰ ਖੇਰੂੰ ਕਰ ਦਿੱਤਾ। ਮਹਿੰਗੇ ਮੁੱਲ ਦੀ ਆਜ਼ਾਦੀ ਬਸਤੀਵਾਦੀ ਸਾਮਰਾਜੀਆਂ ਦੇ ਕਬਜ਼ੇ ਵਿਚ ਆ ਗਈ ਤੇ ਪੰਜਾਬ ਮੁੜ ਇਕ ਨਵੇਂ ਧਾੜਵੀ ਨੂੰ ਵੰਗਾਰਨ ਤੇ ਆਜ਼ਾਦੀ ਪ੍ਰਾਪਤੀ ਦੇ ਰਾਹ ਪੈ ਗਿਆ ਜਿਸਦੇ ਸਿੱਟੇ ਵਜੋਂ ਇਹਦੇ ਟੋਟੇ-ਟੋਟੇ ਹੋ ਗਏ, ਇਹ ਖੰਡ ਖੰਡ ਹੋ ਕੇ ਬਿਖਰ ਗਿਆ ਤੇ ਇਤਿਹਾਸ ਦੇ ਪੰਨਿਆਂ ਨੂੰ ਲਹੂ ਲੁਹਾਨ ਕਰ ਗਿਆ। ਮਹਾਰਾਜਾ ਰਣਜੀਤ ਸਿੰਘ ਦੀਆਂ ਰਗਾਂ ਵਿਚ ਯੋਧਿਆਂ ਦਾ ਖ਼ੂਨ ਦੌੜਦਾ ਸੀ। ਉਹਦਾ ਪਹਿਲਾ ਵੱਡਾ ਵਡੇਰਾ ਸਰਦਾਰ ਬੁੱਢਾ ਸਿੰਘ ਸੀ ਜਿਹੜਾ ਇਕ ਸਾਧਾਰਣ ਹਾਲੀ ਤੋਂ ਗੁਰੂ ਗੋਬਿੰਦ ਸਿੰਘ ਦੀ ਪਾਰਸ ਛੋਹ ਨਾਲ ਗੁਰੂ ਜੀ ਦੇ ਸੰਤ ਸਿਪਾਹੀ ਦੇ ਰੂਪ ਵਿਚ ਪਰਿਵਰਤਤ ਹੋ ਗਿਆ। ਉਹ ਸ਼ੁੱਕਰਚੱਕ ਪਿੰਡ ਦਾ ਵਸਨੀਕ ਸੀ। ਉਹ ਸਤਵੇਂ ਗੁਰੂ ਹਰਿ ਰਾਏ ਸਾਹਿਬ ਦੀ ਪ੍ਰੇਰਨਾ ਨਾਲ ਸਿੱਖੀ ਦੇ ਲੜ ਲੱਗਿਆ। ਉਹ ਇਕ ਬਹਾਦਰ ਅਤੇ ਵੱਡ-ਜੋਧਾ ਸੀ।

ਕਿਹਾ ਜਾਂਦਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਅਤੇ ਬੰਦਾ ਬਹਾਦਰ ਨਾਲ ਲੜਾਈਆਂ ਵਿਚ ਵੀ ਜੌਹਰ ਦਿਖਾਂਦਾ ਰਿਹਾ। ਉਹ ਇਕ ਮਹਾਂ-ਸ਼ਕਤੀਸ਼ਾਲੀ ਯੋਧਾ ਸੀ ਜਿਸਨੇ ਆਪਣੇ ਜਿਸਮ ’ਤੇ ਤਲਵਾਰ ਦੇ ਤੀਹ ਜ਼ਖ਼ਮ ਤੇ ਬੰਦੂਕ ਦੇ ਨੌਂ ਜ਼ਖ਼ਮ ਹੰਢਾਏ ਸਨ। ਉਹ ਆਪਣੀ ਚਿੱਤਕਬਰੀ ਘੋੜੀ ਨੂੰ ਅੰਤਾਂ ਦਾ ਪਿਆਰ ਕਰਦਾ ਸੀ, ਜੋ ਯੁੱਧ ਵਿਚ ਉਹਦੀ ਹਮਸਫ਼ਰ ਬਣਦੀ ਸੀ। ਉਹਦਾ ਨਾਂ ‘ਦੇਸੀ’ ਸੀ, ਜਿਸ ’ਤੇ ਸਵਾਰ ਹੋ ਕੇ ਇਸ ਜੋਧੇ ਨੇ ਕੋਈ ਪੰਜਾਹ ਵਾਰੀ ਰਾਵੀ, ਜੇਲ੍ਹਮ ਤੇ ਝਨਾਂ ਦਰਿਆ ਟੱਪੇ ਸਨ।

ਵਿਰਾਸਤ ਦਾ ਵਾਰਸ

1718 ਵਿਚ ਬੁੱਢਾ ਸਿੰਘ ਦੀ ਮੌਤ ਹੋ ਗਈ ਤੇ ਉਹਨੇ ਆਪਣੀ ਵਿਰਾਸਤ ਆਪਣੇ ਦੋ ਪੁੱਤਰਾਂ ਨੌਧ ਸਿੰਘ ਅਤੇ ਚੰਦਾ ਸਿੰਘ ਦੇ ਨਾਂ ਕਰ ਦਿੱਤੀ। ਇਨ੍ਹਾਂ ਵਿੱਚੋਂ ਚੰਦਾ ਸਿੰਘ ਸੰਧਾਂਵਾਲੀਏ ਸਰਦਾਰਾਂ ਦਾ ਵਡੇਰਾ ਸੀ। ਨੌਧ ਸਿੰਘ ਨੇ 1749 ਵਿਚ ਨਵਾਬ ਕਪੂਰ ਸਿੰਘ ਦੀ ਅਗਵਾਈ ਵਿਚ ਅਹਿਮਦ ਸ਼ਾਹ ਅਬਦਾਲੀ ਦਾ ਪਿੱਛਾ ਕੀਤਾ ਤੇ ਉਹਦੇ ਨਾਲ ਦੋ-ਦੋ ਹੱਥ ਕੀਤੇ। 1752 ਵਿਚ ਮਜੀਠੇ ਨੇੜੇ ਅਫਗਾਨ ਸੰਘਰਸ਼ ਵਿਚ ਇਹ ਜੋਧਾ ਵੀਰਗਤੀ ਨੂੰ ਪ੍ਰਾਪਤ ਹੋਇਆ। ਉਹਦੇ ਚਾਰਾਂ ਪੁੱਤਰਾਂ ਵਿੱਚੋਂ ਚੜ੍ਹਤ ਸਿੰਘ ਸਭ ਤੋਂ ਵੱਡਾ ਤੇ ਉਹਦੀ ਵਿਰਾਸਤ ਦਾ ਵਾਰਸ ਸੀ। ਇਤਿਹਾਸ ਵਿਚ ਇਹ ਸਮਾਂ ਸਿੱਖ ਮਿਸਲਾਂ ਦੀ ਚੜ੍ਹਤ ਦਾ ਸੀ। ਚੜ੍ਹਤ ਸਿੰਘ ਨੇ ਛੇਤੀ ਹੀ ਸ਼ੁਕਰਚੱਕੀਆ ਮਿਸਲ ਦੀ ਕਮਾਨ ਸੰਭਾਲ ਲਈ ਤੇ ਗੁਜਰਾਂਵਾਲੇ ਨੂੰ ਆਪਣੀ ਛਾਉਣੀ ਬਣਾ ਲਿਆ। ਉਹਨੇ ਆਸ ਪਾਸ ਦੇ ਇਲਾਕਿਆਂ ਵਿਚ ਆਪਣਾ ਸਿੱਕਾ ਕਾਇਮ ਕਰਨ ਲਈ ਏਮਨਾਬਾਦ ਦੇ ਅੱਤਿਆਚਾਰੀ ਹਾਕਮ ਨੂੰ ਸਖ਼ਤ ਸਜ਼ਾ ਦਿੱਤੀ ਤੇ ਲਾਹੌਰ ਦੇ ਖੁਆਜ਼ਾ ਆਬਿਦ ਤੋਂ ਗੁਜਰਾਂਵਾਲੇ ਨੂੰ ਬਚਾ ਲਿਆ। ਨਾਲ ਹੀ ਅਹਿਮਦ ਸ਼ਾਹ ਦੁਰਾਨੀ ਦੇ ਫ਼ੌਜੀ ਕਮਾਂਡਰ ਨੂਰਦੀਨ ਬਾਮੇਜ਼ੀ ’ਤੇ ਪ੍ਰਾਪਤ ਕੀਤੀ ਇਤਿਹਾਸਕ ਜਿੱਤ ਨੇ ਉਹਨੂੰ ਇਕ ਸ਼ਾਨਦਾਰ ਜੋਧੇ ਦੇ ਰੁਤਬੇ ਵਿਚ ਪ੍ਰਸਿੱਧ ਕਰ ਦਿੱਤਾ। ਜਲਦੀ ਹੀ ਉਹਨੇ ਨਵੀਆਂ ਮੁਹਿੰਮਾਂ ਛੇੜ ਲਈਆਂ ਤੇ ਖਿਓੜਾ ਤੇ ਮਿਆਣੀ ਦੀਆਂ ਲੂਣ ਦੀਆਂ ਪ੍ਰਸਿੱਧ ਖਾਣਾਂ ਸਮੇਤ ਵਜ਼ੀਰਾਬਾਦ, ਰਾਮ ਨਗਰ, ਸਿਆਲਕੋਟ, ਰੋਹਤਾਸ, ਪਿੰਡ ਦੱਦਣ ਖਾਨ ਅਤੇ ਧੰਨੀ ਪੋਠੋਹਾਰ ਦੇ ਵੱਡੇ ਇਲਾਕੇ ਨੂੰ ਜਿੱਤ ਕੇ ਸ਼ੁਕਰਚੱਕੀਆ ਮਿਸਲ ਦੇ ਝੰਡੇ ਗੱਡ ਦਿੱਤੇ। ਉਹਦੀ ਮੌਤ ਤੋਂ ਬਾਅਦ ਉਹਦੀ ਮਿਸਲ ਦੀ ਕਮਾਨ ਉਹਦੇ ਦਸਾਂ ਸਾਲਾਂ ਦੇ ਪੁੱਤਰ ਮਹਾਂ ਸਿੰਘ ਦੇ ਹੱਥਾਂ ’ਚ ਆ ਗਈ।

ਮਹਾਨ ਜੋਧੇ ਚੜ੍ਹਤ ਸਿੰਘ ਦੀ ਵਿਧਵਾ ਮਾਈ ਦੇਸਾਂ ਬੜੀ ਸਿਆਣੀ, ਸੁਘੜ ਅਤੇ ਕਾਬਲੀਅਤ ਵਾਲੀ ਬਹਾਦਰ ਔਰਤ ਸੀ। ਉਹਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਪਤੀ ਦੇ ਜਿੱਤੇ ਇਲਾਕਿਆਂ ਨੂੰ ਕਬਜ਼ੇ ਵਿਚ ਰੱਖਣ ਲਈ ਉਹਨੂੰ ਆਸ-ਪਾਸ ਦੇ ਰਾਜਿਆਂ ਨਾਲ ਸਬੰਧ ਬਣਾਉਣ ਤੇ ਉਨ੍ਹਾਂ ਦੇ ਸੰਗ ਸਾਥ ਦੀ ਲੋੜ ਸੀ। ਏਸੇ ਕਰਕੇ ਉਹਨੇ ਆਪਣੀ ਲੜਕੀ ਰਾਜ ਕੌਰ ਗੁਜਰਾਤ ਦੇ ਸਾਹਿਬ ਸਿੰਘ ਭੰਗੀ ਨਾਲ ਵਿਆਹ ਦਿੱਤੀ ਤੇ ਜੀਂਦ ਦੇ ਰਾਜੇ ਗਜਪਤ ਸਿੰਘ ਦੀ ਲੜਕੀ ਰਾਜ ਕੌਰ ਨਾਲ ਆਪਣੇ ਲੜਕੇ ਮਹਾਂ ਸਿੰਘ ਦਾ ਵਿਆਹ ਕਰ ਦਿੱਤਾ। ਇੰਜ ਦੋ ਪ੍ਰਸਿੱਧ ਮਿਸਲਾਂ ਭੰਗੀ ਤੇ ਫੂਲਕੀਆ ਨਾਲ ਪਰਿਵਾਰਕ ਰਿਸ਼ਤੇ ਜੋੜ ਕੇ ਉਹਨੇ ਜਿੱਥੇ ਹਮਦਰਦੀ ਹਾਸਲ ਕੀਤੀ ਓਥੇ ਆਪਣਾ ਇਕ ਕਵਚ ਵੀ ਤਿਆਰ ਕਰ ਲਿਆ। ਉਹਨੇ ਗੁਜਰਾਂਵਾਲੇ ਕਿਲ੍ਹੇ ਨੂੰ ਮਜ਼ਬੂਤ ਕੀਤਾ ਤੇ ਉਹਦਾ ਵਿਸਥਾਰ ਕੀਤਾ।

ਹੁਣ ਵਾਰੀ ਮਹਾਂ ਸਿੰਘ ਦੀ ਸੀ। ਉਹਨੇ ਨੂਰੁਦੀਨ ਬਾਮੇਜ਼ੀ ਖ਼ਿਲਾਫ਼ ਮੁਹਿੰਮ ਦੀ ਅਗਵਾਈ ਕੀਤੀ ਤੇ ਰੋਹਤਾਸ ’ਤੇ ਕਬਜ਼ਾ ਕਰਕੇ ਕੋਟਲੀ ਲੁਹਾਰਾਂ ਨੂੰ ਵੀ ਜਿੱਤ ਲਿਆ। ਤਿੰਨ ਸਾਲਾਂ ਬਾਅਦ ਉਹਨੇ ਚੱਠਿਆਂ ਦਾ ਖ਼ਾਤਮਾ ਕਰਕੇ ਉਨ੍ਹਾਂ ਦੇ ਸ਼ਹਿਰ ਅਲੀਪੁਰ ਦਾ ਨਾਂ ਬਦਲ ਕੇ ਅਕਾਲਗੜ੍ਹ ਰਖਿਆ। ਉਹਨੇ ਵੀ ਆਪਣੇ ਵਡੇਰਿਆਂ ਵਾਂਗ ਆਪਣੀ ਮਿਸਲ ਦੀ ਚੜ੍ਹਤ ਕਾਇਮ ਰੱਖਣ ਲਈ ਲਗਾਤਾਰ ਮੁਹਿੰਮਾਂ ਵਿੱਢੀ ਰੱਖੀਆਂ। ਉਹਨੇ ਆਪਣੀ ਤਾਕਤ ਤੇ ਸੋਮਿਆਂ ਨਾਲ ਆਪਣੇ ਹਥਿਆਰ ਪਿੰਡੀ ਭੱਟੀਆਂ, ਸਾਹੀਵਾਲ ਤੇ ਈਸਾ ਖੇਲ ਵਿਚ ਰਖੇ। 1782 ਵਿਚ ਉਹਨੇ ਜੰਮੂ ’ਤੇ ਚੜ੍ਹਾਈ ਕੀਤੀ। ਉਸ ਸਮੇਂ ਮਿਸਲਾਂ ਵਿਚ ਵੀ ਖਿੱਚੋਤਾਣ ਚਲਦੀ ਰਹਿੰਦੀ ਸੀ। ਅੜੀਅਲ ਸੁਭਾਅ ਕਾਰਨ ਸਰਦਾਰ ਜੈ ਸਿੰਘ ਘਨੱਈਏ ਦੇ ਸਬੰਧ ਸ਼ੁੱਕਰਚੱਕੀਆਂ ਨਾਲ ਵਿਗੜ ਗਏ। ਪਰ ਦੋਹਾਂ ਮਿਸਲਾਂ ਦੇ ਸਬੰਧ, ਗੁਰਬਖ਼ਸ਼ ਸਿੰਘ ਦੀ ਵਿਧਵਾ ਸਦਾ ਕੌਰ ਦੇ ਜਤਨਾਂ ਨਾਲ ਆਪਣੀ ਲੜਕੀ ਮਹਿਤਾਬ ਕੌਰ ਦਾ ਸਾਕ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਜੋੜ ਕੇ, ਸਦਾ ਲਈ ਪੱਕੇ ਕਰ ਦਿੱਤੇ।

ਇਹ ਵੀ ਇਤਫਾਕ ਹੀ ਹੈ ਕਿ ਗੁੱਜਰ ਸਿੰਘ ਭੰਗੀ ਦੀ ਮੌਤ ’ਤੇ ਉਹਦੇ ਪੁੱਤਰ ਸਾਹਿਬ ਸਿੰਘ ਨਾਲ ਮਹਾਂ ਸਿੰਘ ਦੇ ਮੱਤ ਭੇਦ ਪੈਦਾ ਹੋ ਗਏ ਤੇ ਉਹਨੇ ਉਹਨੂੰ ਸੋਹਦਰਾ ਦੇ ਕਿਲ੍ਹੇ ਵਿਚ ਸ਼ਰਨ ਲੈਣ ਲਈ ਮਜਬੂਰ ਕਰ ਦਿੱਤਾ। ਏਥੇ ਹੀ 1790 ਵਿਚ ਮਹਾਂ ਸਿੰਘ ਅਚਾਨਕ ਬਿਮਾਰ ਹੋ ਗਿਆ ਤੇ ਆਪਣੀ ਮਿਸਲ ਦੀ ਕਮਾਨ ਆਪਣੇ ਬਾਪ ਵਾਂਗ ਦਸਾਂ ਸਾਲਾਂ ਦੇ ਪੁੱਤ ਨੂੰ ਸੌਂਪ ਆਪ ਗੁਜਰਾਂਵਾਲੇ ਵਿਖੇ ਇਸ ਜਹਾਨ ਤੋਂ ਰੁਖਸਤ ਹੋ ਗਿਆ।

ਰਣ ਤੱਤੇ ਦਾ ਜੇਤੂ ਸ਼ੇਰ

ਸ਼ੁੱਕਰਚੱਕੀਆ ਮਿਸਲ ਦੇ ਮਹਾਂ ਸਿੰਘ ਦੇ ਇਕਲੌਤੇ ਪੁੱਤਰ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਬੀਬੀ ਰਾਜ ਕੌਰ, ਜਿਸਨੂੰ ਮਾਈ ਮਲਵੈਣ ਵੀ ਕਿਹਾ ਜਾਂਦਾ ਸੀ, ਦੀ ਕੁੱਖੋਂ ਹੋਇਆ। ਪਹਿਲਾਂ ਇਸ ਬਾਲਕ ਦਾ ਨਾਂ ਬੁੱਧ ਸਿੰਘ ਰਖਿਆ ਗਿਆ ਪਰ ਪਿਤਾ ਦੀਆਂ ਯੁੱਧ-ਮੁਹਿੰਮਾਂ ਕਰਕੇ ਉਹਦਾ ਨਾਂ ਬਦਲ ਕੇ ਰਣਜੀਤ ਸਿੰਘ ਅਥਵਾ ਰਣ ਤੱਤੇ ਦਾ ਜੇਤੂ ਸ਼ੇਰ ਰੱਖ ਦਿੱਤਾ ਗਿਆ। ਬਚਪਨ ਵਿਚ ਹੀ ਚੇਚਕ ਵਰਗੀ ਭਿਆਨਕ ਬਿਮਾਰੀ ਨੇ ਬਾਲਕ ’ਤੇ ਹਮਲਾ ਕਰਕੇ ਉਹਦੇ ਚਿਹਰੇ ’ਤੇ ਚੇਚਕ ਦੇ ਦਾਗ਼ ਪਾ ਦਿੱਤੇ ਤੇ ਖੱਬੀ ਅੱਖ ਨੂੰ ਨੁਕਸਾਨ ਪਹੁੰਚਾ ਕੇ ਉਹਨੂੰ ਕਰੂਪ ਕਰ ਦਿੱਤਾ। ਪਰ ਇਸ ਕਰੂਪਤਾ ਪਿੱਛੇ ਇਕ ਜੇਤੂ ਗੌਰਵ ਸੀ ਜਿਸਨੇ ਇਤਿਹਾਸ ਦੇ ਪੰਨਿਆਂ ’ਤੇ ਉਹਨੂੰ ਸਦਾ ਲਈ ਮਾਨਵ ਹਿਤੈਸ਼ੀ ਮਹਾਰਾਜੇ ਵਜੋਂ ਅਮਰ ਸਥਾਨ ਦਿਵਾ ਦਿੱਤਾ।

ਬਚਪਨ ਵਿਚ ਬਾਲਕ ਰਣਜੀਤ ਸਿੰਘ ਨੂੰ ਪੜ੍ਹਨ ਲਈ ਭਾਈ ਭਾਗੂ ਸਿੰਘ ਕੋਲ ਗੁਜਰਾਵਾਲੇ ਉਹਦੀ ਧਰਮਸ਼ਾਲਾ ਵਿਚ ਭੇਜਿਆ ਗਿਆ ਪਰ ਪੜ੍ਹਾਈ ਵਿਚ ਉਹਦੀ ਬਹੁਤੀ ਰੁਚੀ ਨਹੀਂ ਸੀ। ਏਸ ਕਰਕੇ ਉਹ ਪੜ੍ਹ ਨਾ ਸਕਿਆ। ਪਰ ਇਹ ਵੀ ਇਕ ਇਤਫਾਕ ਹੈ ਕਿ ਜਦੋਂ ਉਹਨੇ ਰਾਜ ਭਾਗ ਦੀ ਵਾਗ ਡੋਰ ਸੰਭਾਲੀ ਤਾਂ ਸਭ ਤੋਂ ਵੱਧ ਜ਼ੋਰ ਸਿੱਖਿਆ ’ਤੇ ਦਿਤਾ ਤੇ ਉਹਦੇ ਰਾਜ ਵਿਚ ਸਾਖਰਤਾ ਦਰ ਬਹੁਤ ਜ਼ਿਆਦਾ ਸੀ। ਇਹ ਸਮੇਂ ਜੰਗਾਂ ਯੁੱਧਾਂ ਦੇ ਸਨ ਤੇ ਹਰ ਮਿਸਲ ਆਪਣੀ ਸਥਾਪਤੀ ਲਈ ਯੁੱਧ ਕਲਾ ’ਤੇ ਜ਼ੋਰ ਦੇਂਦੀ ਸੀ।

ਏਸੇ ਕਰਕੇ ਬਾਲਕ ਰਣਜੀਤ ਸਿੰਘ ਨੇ ਬਚਪਨ ਵਿਚ ਹੀ ਘੋੜ ਸਵਾਰੀ ਤੇ ਸ਼ਸ਼ਤਰਾਂ ਦੇ ਕਰਤੱਬ ਸਿੱਖਣ ਵਿਚ ਵਧੇਰੇ ਦਿਲਚਸਪੀ ਦਿਖਾਈ। ਆਪਣੇ ਪਿਤਾ ਦੀ ਮੌਤ ਸਮੇਂ ਉਹਦੀ ਉਮਰ ਅਜੇ ਨਿਆਣੀ ਸੀ। ਇਸ ਕਰਕੇ ਉਹਦੀ ਮਾਤਾ ਦੀਵਾਨ ਲੱਖਪਤ ਰਾਏ ਦੀ ਸਹਾਇਤਾ ਨਾਲ ਕਾਇਮ ਮੁਕਾਮ ਹਾਕਮ ਬਣ ਗਈ। ਉਹਨੇ ਸਾਰੀ ਪ੍ਰਬੰਧਕੀ ਵਾਗ-ਡੋਰ ਆਪਣੇ ਹੱਥ ਲੈ ਲਈ ਤੇ ਸਾਰੇ ਪ੍ਰਬੰਧਾਂ ਨੂੰ ਅਜਿਹੀ ਯੋਗਤਾ ਨਾਲ ਅੰਜਾਮ ਦਿੱਤਾ ਕਿ ਉਹਦੀ ਚੰਗੀ ਪੈਂਠ ਬਣ ਗਈ।

ਇਨ੍ਹਾਂ ਦਿਨਾਂ ਵਿਚ ਹਸ਼ਮਤ ਖ਼ਾਨ ਚੱਠੇ ਨੇ ਮਹਾਂ ਸਿੰਘ ਹੱਥੋਂ ਹੋਈ ਆਪਣੀ ਹਾਰ ਤੇ ਅਪਮਾਨ ਦਾ ਬਦਲਾ ਲੈਣ ਦੀ ਠਾਣ ਲਈ। ਉਹਨੇ ਰਣਜੀਤ ਸਿੰਘ ’ਤੇ ਜਾਨ ਲੇਵਾ ਹਮਲਾ ਕਰ ਦਿੱਤਾ। ਅਸਲ ਵਿਚ ਰਣਜੀਤ ਸਿੰਘ ਸ਼ਿਕਾਰ ਖੇਡਦਾ ਦੂਰ ਨਿਕਲ ਗਿਆ ਤੇ ਸਾਥੀਆਂ ਨਾਲੋਂ ਵਿਛੜ ਗਿਆ। ਅਚਾਨਕ ਚੱਠਾ ਸਰਦਾਰ ਆਪਣੀ ਲੁਕਣ ਵਾਲੀ ਥਾਂ ਤੋਂ ਨਿਕਲ ਆਇਆ ਤੇ ਉਹਨੇ ਰਣਜੀਤ ਸਿੰਘ ’ਤੇ ਹਮਲਾ ਕਰ ਦਿੱਤਾ। ਵਾਰ ਕੇਵਲ ਉਹਦੇ ਕਮਰਬੰਦ ਨੂੰ ਕੱਟਦਾ ਹੋਇਆ ਨਾਕਾਮ ਹੋ ਗਿਆ ਤੇ ਰਣਜੀਤ ਸਿੰਘ ਨੇ ਫੁਰਤੀ ਨਾਲ ਉਸ ’ਤੇ ਘਾਤਕ ਵਾਰ ਕਰ ਕੇ ਉਹਨੂੰ ਥਾਏਂ ਚਿੱਤ ਕਰ ਦਿੱਤਾ।

1796 ਵਿਚ 16 ਵਰ੍ਹਿਆਂ ਦੀ ਉਮਰੇ ਉਹਦਾ ਵਿਆਹ ਬਟਾਲੇ ਵਿਖੇ ਘਨੱਈਏ ਮਿਸਲ ਦੀ ਮੁਖੀ ਮਾਤਾ ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ ਨਾਲ ਹੋਇਆ। ਕਾਬਲ ਦੇ ਬਾਦਸ਼ਾਹ ਸ਼ਾਹ ਜਮਾਨ ਨੇ ਏਸੇ ਸਮੇਂ ਭਾਰਤ ਵਿਚ ਮੁੜ ਦੁਰਾਨੀ-ਸੱਤਾ ਸਥਾਪਤ ਕਰਨ ਲਈ ਜਤਨ ਕੀਤੇ ਤੇ 1797 ਵਿਚ ਲਾਹੌਰ ਸ਼ਹਿਰ ’ਤੇ ਕਬਜ਼ਾ ਕਰ ਲਿਆ ਪਰ ਮਿਸਲਾਂ ਨੇ ਛੇਤੀ ਹੀ ਉਹਨੂੰ ਵਾਪਸੀ ਵਾਲੇ ਰਾਹ ਤੋਰ ਦਿੱਤਾ। ਸਿੱਖਾਂ ਹੱਥੋਂ ਆਪਣੇ ਸੈਨਾਪਤੀ ਅਹਿਮਦ ਖ਼ਾਨ ਸ਼ਹਾਨਚੀ ਦੀ ਕਰਾਰੀ ਹਾਰ ਅਤੇ ਉਹਦੀ ਮੌਤ ਤੋਂ ਬਾਅਦ ਸ਼ਾਹ ਜਮਾਨ ਨੇ 1798 ਵਿਚ ਫਿਰ ਪੰਜਾਬ ’ਤੇ ਹੱਲਾ ਬੋਲਿਆ। ਉਹਨੇ ਫਿਰ ਲਾਹੌਰ ’ਤੇ ਹਮਲਾ ਕਰਕੇ ਕਿਲ੍ਹੇ ’ਤੇ ਕਬਜ਼ਾ ਕਰ ਲਿਆ। ਸੋਹਣ ਲਾਲ ਸੂਰੀ ਤੇ ਬੂਟੇ ਸ਼ਾਹ ਨੇ ਆਪਣੇ ਰੋਜ਼ਨਾਮਚਿਆਂ ਵਿਚ ਲਿਖਿਆ ਹੈ।

ਰਣਜੀਤ ਸਿੰਘ ਨੇ ਇਸ ਸਮੇਂ ਸੀਮਤ ਗਿਣਤੀ ਵਿਚ ਸਰਦਾਰਾਂ ਨੂੰ ਲੈ ਕੇ ਕਿਲ੍ਹੇ ਦੇ ਸਮਨ ਬੁਰਜ ’ਤੇ ਤਿੰਨ ਵਾਰ ਚੜ੍ਹਾਈ ਕੀਤੀ। ਫਾਇਰ ਕੀਤੇ, ਕਈ ਅਫਗਾਨੀਆਂ ਨੂੰ ਮਾਰਿਆ ਅਤੇ ਜ਼ਖ਼ਮੀ ਕੀਤਾ। ਸ਼ਾਹ ਜ਼ਮਾਨ ਨੂੰ ਆਹਮੋ-ਸਾਹਮਣੇ ਲੜਾਈ ਲਈ ਵੰਗਾਰਦੇ ਹੋਏ ਰਣਜੀਤ ਸਿੰਘ ਨੇ ਕਿਹਾ ‘ਆ ਜਾ ਓਏ ਅਹਿਮਦ ਸ਼ਾਹ ਦਿਆ ਪੋਤਰਿਆ, ਅੱਜ ਤੈਨੂੰ ਮਹਾਨ ਸਰਦਾਰ ਚੜ੍ਹਤ ਸਿੰਘ ਦੇ ਪੋਤਰੇ ਨਾਲ ਦੋ ਦੋ ਹੱਥ ਅਜ਼ਮਾਉਣੇ ਪੈਣਗੇ ਤੇ ਪਤਾ ਲੱਗ ਜਾਏਗਾ ਕਿਹੜਾ ਵੱਡਾ ਸੂਰਮਾ ਹੈ,’ ਪਰ ਦੂਜੇ ਪਾਸਿਓਂ ਕੋਈ ਉਤਰ ਨਾ ਆਇਆ। ਸ਼ਾਹ ਜ਼ਮਾਨ ਮਹਾਰਾਜੇ ਤੋਂ ਡਰਦਾ ਹੀ ਵਾਪਸ ਪਰਤ ਗਿਆ।

ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਸਮਾਂ ਜੰਗਾਂ ਯੁੱਧਾਂ ਦੀਆਂ ਮੁਹਿੰਮਾਂ ਤੇ ਆਪਣੇ ਰਾਜ ਦੇ ਵਿਸਥਾਰ ਵਿਚ ਬੀਤਿਆ। ਸਭ ਤੋਂ ਪਹਿਲਾਂ ਤਾਂ ਉਹਨੇ ਸਿੱਖ ਮਿਸਲਾਂ ਨੂੰ ਇਕੱਠਿਆਂ ਕਰ ਕੇ ਆਪਣਾ ਸਿੱਕਾ ਜਮਾਇਆ। 7 ਜੁਲਾਈ, 1799 ਵਿਚ ਭੰਗੀ ਸਰਦਾਰਾਂ ਵਲੋਂ ਬਿਨਾਂ ਕਿਸੇ ਉਜਰ ਦੇ ਉਹ ਲਾਹੌਰ ’ਤੇ ਕਾਬਜ਼ ਹੋ ਗਿਆ। ਏਸੇ ਤਰ੍ਹਾਂ ਬੁੱਧੂ ਦੇ ਆਵੇ ਕੋਲੋਂ ਉਹਨੂੰ ਖ਼ਜ਼ਾਨਾ ਮਿਲਿਆ। ਫਿਰ ਉਹਨੇ ਜੰਮੂ, ਮੀਰੋਵਾਲ, ਨਾਰੋਵਾਲ ਅਤੇ ਜੱਸਰਵਾਲ ਨੂੰ ਜਿੱਤ ਲਿਆ। 1801 ਦੇ ਅਰੰਭ ਵਿਚ ਉਹਦੇ ਪਹਿਲੇ ਸ਼ਹਿਜ਼ਾਦੇ ਖੜਕ ਸਿੰਘ ਦਾ ਜਨਮ ਹੋਇਆ।

ਅੰਮ੍ਰਿਤਸਰ ਦੀ ਸੰਧੀ

ਅੰਮ੍ਰਿਤਸਰ ਦੀ ਸੰਧੀ ਮਹਾਰਾਜੇ ਦੀ ਜ਼ਿੰਦਗੀ ਦੀ ਅਹਿਮ ਘਟਨਾ ਸੀ। ਮਹਾਰਾਜਾ ਬ੍ਰਿਟਿਸ਼ ਸਾਮਰਾਜ ਦੀਆਂ ਚਾਲਾਂ ਤੋਂ ਜਾਣੂ ਸੀ। ਉਸਨੂੰ ਆਪਣੇ ’ਤੇ ਉਨ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਮਹਿਸੂਸ ਹੋ ਰਿਹਾ ਸੀ ਕਿਉਂਕਿ ਮਹਾਰਾਜੇ ਦੇ ਦ੍ਰਿੜ ਇਰਾਦੇ ਨੂੰ ਦੇਖਦੇ ਹੋਏ ਬ੍ਰਿਟਿਸ਼ ਸਰਕਾਰ ਕਿਸੇ ਵੇਲੇ ਵੀ ਕਸੂਰ, ਮੁਲਤਾਨ ਅਤੇ ਝੰਗ ਦੇ ਸ਼ਾਸਕਾਂ ਨੂੰ ਸੁਰੱਖਿਆ ਦੇ ਸਕਦੀ ਸੀ। ਇਸ ਨੂੰ ਧਿਆਨ ਵਿਚ ਰੱਖਦਿਆਂ ਹੀ ਮਹਾਰਾਜੇ ਨੇ 25 ਮਾਰਚ, 1809 ਨੂੰ ਅੰਮ੍ਰਿਤਸਰ ਸੰਧੀ ਕਰਨ ਦੀ ਅਕਲਮੰਦੀ ਕੀਤੀ। ਇਸ ਸੰਧੀ ਦੀਆਂ ਕੁਝ ਪ੍ਰਮੁੱਖ ਸ਼ਰਤਾਂ ਸਨ :

ਬ੍ਰਿਟਿਸ਼ ਸਰਕਾਰ ਤੇ ਲਾਹੌਰ ਦਰਬਾਰ ਵਿਚ ਸਥਾਈ ਮਿੱਤਰਤਾ ਕਾਇਮ ਰਹੇਗੀ। ਲਾਹੌਰ ਰਾਜ ਨੂੰ ਸਭ ਤੋਂ ਵੱਧ ਨਿਵਾਜਿਆ ਜਾਵੇਗਾ ਤੇ ਬ੍ਰਿਟਿਸ਼ ਸਰਕਾਰ ਸਤਲੁਜ ਦਰਿਆ ਦੇ ਉੱਤਰ ਵਿਚ ਮਹਾਰਾਜੇ ਦੇ ਇਲਾਕਿਆਂ ਤੇ ਜਨਤਾ ਨਾਲ ਕੋਈ ਸਰੋਕਾਰ ਨਹੀਂ ਰੱਖੇਗੀ। ਦਰਿਆ ਸਤਲੁਜ ਦੇ ਖੱਬੇ ਕੰਢੇ ਆਪਣੇ ਅਧੀਨ ਪੈਂਦੇ ਇਲਾਕਿਆਂ ਵਿਚ ਮਹਾਰਾਜਾ ਕੇਵਲ ਓਨੀ ਫੌਜ ਹੀ ਰੱਖੇਗਾ ਜਿੰਨੀ ਇਲਾਕੇ ਦੀਆਂ ਅੰਦਰੂਨੀ ਲੋੜਾਂ ਨੂੰ ਪੂਰਿਆਂ ਕਰਨ ਲਈ ਜ਼ਰੂਰੀ ਹੋਵੇਗੀ ਤੇ ਪਾਰਲੇ ਇਲਾਕਿਆਂ ਵਿਚ ਕੋਈ ਦਖਲ ਨਹੀਂ ਦੇਵੇਗਾ। ਦੋਹਾਂ ਵਿਚੋਂ ਕਿਸੇ ਵੀ ਰਾਜ ਦੁਆਰਾ ਉਪਰੋਕਤ ਧਰਾਵਾਂ ਜਾਂ ਮਿੱਤਰਤਾ ਦੀ ਉਲੰਘਣਾ ਦੀ ਸੂਰਤ ਵਿਚ ਇਸ ਸੰਧੀ ਨੂੰ ਰੱਦ ਸਮਝਿਆ ਜਾਵੇਗਾ। ਪਰ ਇਹ ਵੀ ਵਿਡੰਬਨਾ ਹੀ ਕਹੀ ਜਾ ਸਕਦੀ ਹੈ ਕਿ ਅੰਤ ਬ੍ਰਿਟਿਸ਼ ਸਰਕਾਰ ਨੇ ਹੀ ਇਸ ਸੰਧੀ ਨੂੰ ਤੋੜ ਕੇ ਪੰਜਾਬ ’ਤੇ ਜਬਰੀ ਕਬਜ਼ਾ ਕੀਤਾ।

ਆਪਣੀ ਬਣਾਈ ਇਸ ਵੱਡ-ਆਕਾਰੀ ਸਲਤਨਤ ਨੂੰ ਕਾਇਮ ਰੱਖਣ ਲਈ ਉਹ ਅੰਤਮ ਸਵਾਸਾਂ ਤਕ ਲੜਦਾ ਰਿਹਾ ਪਰ ਉਹਦੇ ਦਰਬਾਰ ਵਿਚ ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਦਾ ਮੁੱਢ ਬੱਝ ਚੁੱਕਾ ਸੀ ਉਨ੍ਹਾਂ ਨੂੰ ਠੱਲ ਪਾਉਣ ਵਿਚ ਉਹ ਕਾਮਯਾਬ ਨਹੀਂ ਹੋ ਸਕਿਆ। ਉਹਦੇ ਸਾਹਮਣੇ ਤਿੰਨ ਤਰ੍ਹਾਂ ਦੀਆਂ ਚੁਣੌਤੀਆਂ ਸਨ। ਇਕ ਤਾਂ ਉਹਦੇ ਪੁੱਤਰਾਂ ਵਿਚ ਗੱਦੀ ਦੇ ਵਾਰਸ ਬਣਨ ਲਈ ਹੋੜ ਲੱਗੀ ਹੋਈ ਸੀ। ਦੂਸਰਾ ਦਰਬਾਰੀ ਤੇ ਡੋਗਰੇ ਸਰਦਾਰ ਗੱਦੀ ਹੜੱਪਣ ਤੇ ਸਰਕਾਰੀ ਖ਼ਜ਼ਾਨੇ ’ਤੇ ਕਬਜ਼ੇ ਕਰਨ ਲਈ ਅੰਗਰੇਜ਼ਾਂ ਨਾਲ ਗੰਢ ਤੁੱਪ ਕਰ ਰਹੇ ਸਨ ਤੀਜਾ ਅੰਗਰੇਜ਼ ਇਨ੍ਹਾਂ ਸਾਰਿਆਂ ਤੋਂ ਉਪਰ ਚਾਰੋਂ ਤਰਫੋਂ ਖ਼ਾਲਸਾ ਦਰਬਾਰ ਨੂੰ ਚਿੱਤ ਕਰਨ ਦੇ ਮਨਸੂਬੇ ਘੜੀ ਬੈਠੇ ਸਨ।

ਓਧਰ ਮਹਾਰਾਜੇ ਦੀ ਸਿਹਤ ਡਿੱਗਦੀ ਜਾ ਰਹੀ ਸੀ ਤੇ ਮਹਾਰਾਜੇ ਦੇ ਫੌਲਾਦੀ ਸਰੀਰ ਨੂੰ ਬਿਮਾਰੀ ਖੋਖਲਾ ਕਰਦੀ ਜਾ ਰਹੀ ਸੀ। ਅਪ੍ਰੈਲ 1839 ਵਿਚ ਤੇਜ਼ ਬੁਖਾਰ ਕਰਕੇ ਮਹਾਰਾਜੇ ਦਾ ਜਲੋਧਰ ਰੋਗ ਵਧ ਗਿਆ ਤੇ ਦਵਾਈਆਂ ਦਾ ਅਸਰ ਖ਼ਤਮ ਹੋਣ ਲੱਗਾ। ਇੰਜ ਲੱਗਣ ਲੱਗ ਪਿਆ ਸੀ ਜਿਵੇਂ ਇਕ ਵਿਸ਼ਾਲ ਰੰਗਮੰਚ ਦੇ ਪਿਛੋਕੜ ਵਿਚ ਇਕ ਵੱਡੀ ਸਲਤਨਤ ਡਗਮਗਾ ਰਹੀ ਹੋਵੇ ਤੇ ਪਰਦਾ ਡਿੱਗਣ ਵਾਲਾ ਹੋਵੇ। ਅੰਤ 27 ਜੂਨ 1839 ਨੂੰ ਇਸ ਰੰਗ ਮੰਚ ’ਤੇ ਪਰਦਾ ਡਿੱਗ ਪਿਆ ਤੇ ਇਸ ਤੋਂ ਬਾਅਦ ਤ੍ਰਾਸਦੀ ਦਾ ਇਕ ਲੰਬਾ ਇਤਿਹਾਸਕ ਦੌਰ ਸ਼ੁਰੂ ਹੋਇਆ ਜੋ ਅੱਜ ਤਕ ਰੰਗ ਮੰਚ ’ਤੇ ਖੇਡਿਆ ਜਾ ਰਿਹਾ ਹੈ।

ਮਹਾਰਾਜੇ ਦਾ ਖਿਤਾਬ

ਇਨ੍ਹਾਂ ਖ਼ੁਸ਼ਨੁਮਾ ਦਿਨਾਂ ਦੌਰਾਨ ਮੁਖੀਆਂ, ਪ੍ਰਸਿੱਧ ਹਸਤੀਆਂ, ਦਰਬਾਰੀਆਂ ਤੇ ਸ਼ਹਿਰੀਆਂ ਨੇ ਉਸਨੂੰ ਮਹਾਰਾਜੇ ਦਾ ਖਿਤਾਬ ਦੇਣ ਦਾ ਫ਼ੈਸਲਾ ਕੀਤਾ। ਇਸ ਉਤਸਵ ਲਈ 1801 ਦੀ ਵੈਸਾਖੀ ਤੋਂ ਇਕ ਦਿਨ ਪਹਿਲਾਂ 12 ਅਪ੍ਰੈਲ ਨੂੰ ਇਕ ਸ਼ਾਨਦਾਰ ਦਰਬਾਰ ਸਜਾਇਆ ਗਿਆ ਜਿਸ ’ਚ ਸਾਰੇ ਵੱਡੇ ਸਰਦਾਰ, ਮਿਸਲਦਾਰ, ਉੱਘੇ ਹਿੰਦੂ ਅਤੇ ਮੁਸਲਿਮ ਅਹਿਲਕਾਰ ਹਾਜ਼ਰ ਹੋਏ। ਕੁਝ ਸਿੱਖ ਧਾਰਮਕ ਰਸਮਾਂ ਤੋਂ ਬਾਅਦ ਬਾਬਾ ਸਾਹਿਬ ਸਿੰਘ ਬੇਦੀ ਨੇ ਸਰਦਾਰ ਰਣਜੀਤ ਸਿੰਘ ਦੇ ਮੱਥੇ ’ਤੇ ਮਹਾਰਾਜਸ਼ਾਹੀ ਤਿਲਕ ਦੀ ਰਸਮ ਕੀਤੀ ਤੇ ਉਹਨੂੰ ਮਹਾਰਾਜੇ ਦਾ ਖਿਤਾਬ ਦਿੱਤਾ। ਹਾਲਾਂਕਿ ਉਹਨੇ ਆਪ ਕਿਸੇ ਬਾਦਸ਼ਾਹਤ ਦਾ ਦਾਅਵਾ ਨਹੀਂ ਸੀ ਕੀਤਾ। ਸਗੋਂ ਉਹਦੇ ਲਈ ਗੁਰੂ ਹੀ ਸੱਚਾ ਪਾਤਸ਼ਾਹ ਤੇ ਅਸਲੀ ਬਾਦਸ਼ਾਹ ਸੀ। ਉਹ ਤਾਂ ਆਪਣੇ ਆਪਨੂੰ ਗੁਰੂ ਦਾ ਨਿਮਾਣਾ ਜਿਹਾ ਸੇਵਕ ਮੰਨਦਾ ਸੀ। ਉਹਨੇ ਸਭ ਨੂੰ ਕਹਿ ਦਿੱਤਾ ਸੀ ਕਿ ਅੱਗੇ ਤੋਂ ਉਹਨੂੰ ਸਰਕਾਰ ਕਿਹਾ ਜਾਵੇ। ਉਹਨੇ ਆਪਣੇ ਅਸਲੀ ਬਾਦਸ਼ਾਹ ਗੁਰੂ ਦੇ ਨਾਂ ਦੇ ਸਿੱਕੇ ਢਾਲੇ ਜੋ ਨਾਨਕਸ਼ਾਹੀ ਨਾਂ ਨਾਲ ਅੱਜ ਤਕ ਪ੍ਰਸਿੱਧ ਹਨ। ਉਨ੍ਹਾਂ ’ਤੇ ਉਹਨੇ ਗੁਰੂ ਦੀ ਮੋਹਰ ਉਕਰਵਾਈ

ਦੇਗ਼ ਵ ਤੇਗ਼ ਫਤਹਿ, ਨਸ਼ਰਤ ਬੇਦਰੰਗ

ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ

ਦੇਗ਼ ਗ਼ਰੀਬਾਂ ਦੇ ਢਿੱਡ ਭਰਨ ਦਾ ਚਿੰਨ੍ਹ ਹੈ ਤੇ ਤੇਗ਼ ਕਮਜ਼ੋਰਾਂ ਤੇ ਬੇਸਹਾਰਿਆਂ ਦੀ ਸੁਰੱਖਿਆ ਲਈ ਸ਼ਕਤੀ ਦਾ ਚਿੰਨ੍ਹ ਹੈ। ਏਸੇ ਕਰਕੇ ਮਹਾਰਾਜੇ ਨੇ ਦੋ ਰਾਜਧਾਨੀਆਂ ਬਣਾਈਆਂ। ਦੁਨਿਆਵੀ ਪ੍ਰਸ਼ਾਸਨ, ਅਧਿਕਾਰ ਤੇ ਰਾਜਨੀਤੀ ਦੀ ਰਾਜਧਾਨੀ ਲਾਹੌਰ ਸੀ ਤੇ ਧਾਰਮਕ ਆਸਥਾ ਤੇ ਸਾਂਝੀਵਾਲਤਾ ਦੀ ਰਾਜਧਾਨੀ ਅੰਮ੍ਰਿਤਸਰ ਸੀ।

ਲਾਲ ਰੰਗ ਦਾ ਅਰਥ

ਮਹਾਰਾਜੇ ਬਾਰੇ ਪ੍ਰਚੱਲਤ ਕਥਾ ਕਹਾਣੀਆਂ ਦੀ ਗੱਲ ਕਰਦਿਆਂ ਖ਼ੁਸ਼ਵੰਤ ਸਿੰਘ ਆਪਣੀ ਪ੍ਰਸਿੱਧ ਕਿਤਾਬ ‘ਸਿੱਖ ਰਾਜ ਦਾ ਅੰਤ’ ਦੇ ਮੁੱਢ ਵਿਚ ਲਿਖਦਾ ਹੈ- ‘ਇਸ ਲਾਲ ਰੰਗ ਦਾ ਕੀ ਮਤਲਬ ਹੈ?’ ਮਹਾਰਾਜਾ ਰਣਜੀਤ ਸਿੰਘ ਨੇ ਇਕ ਅੰਗਰੇਜ਼ ਨਕਸ਼ਾ ਨਵੀਸ ਤੋਂ ਪੁੱਛਿਆ ਜੋ ਉਹਨੂੰ ਹਿੰਦੋਸਤਾਨੀ ਨਕਸ਼ਾ ਵਿਖਾ ਰਿਹਾ ਸੀ।

‘ਮਹਾਰਾਜ, ਲਾਲ ਰੰਗ ਉਸ ਇਲਾਕੇ ਨੂੰ ਦਰਸਾ ਰਿਹਾ ਹੈ ਜਿੱਥੇ ਅੰਗਰੇਜ਼ਾਂ ਦਾ ਰਾਜ ਹੈ।’ ਮਹਾਰਾਜੇ ਨੇ ਸਾਰੇ ਨਕਸ਼ੇ ਨੂੰ ਆਪਣੀ ਇਕੋ ਅੱਖ ਨਾਲ ਨਿਹਾਰਦਿਆਂ ਧਿਆਨ ਨਾਲ ਵੇਖਿਆ ਤੇ ਜਾਣਿਆ ਕਿ ਸਿਰਫ਼ ਪੰਜਾਬ ਨੂੰ ਛੱਡ ਕੇ ਬਾਕੀ ਸਾਰਾ ਹਿੰਦੋਸਤਾਨ ਲਾਲ ਹੋਇਆ ਪਿਆ ਹੈ। ਉਹ ਕੁਝ ਦੇਰ ਰੁਕ ਕੇ ਸੋਚਦਾ ਰਿਹਾ ਤੇ ਫਿਰ ਦਰਬਾਰੀਆਂ ਵੱਲ ਮੂੰਹ ਕਰ ਕੇ ਕਿਹਾ ਕਿ ‘ਇਕ ਦਿਨ ਇਹ ਸਾਰਾ ਲਾਲ ਹੋ ਜਾਏਗਾ।’ ਇਸ ਤੋਂ ਸਪਸ਼ਟ ਹੈ ਕਿ ਮਹਾਰਾਜਾ ਅੰਗਰੇਜ਼ਾਂ ਦੀਆਂ ਕੁਟਿਲ ਨੀਤੀਆਂ ਤੋਂ ਜਾਣੂੰ ਸੀ। ਇਹ ਨਹੀਂ ਕਿ ਉਹ ਕਮਜ਼ੋਰ ਬਾਦਸ਼ਾਹ ਸੀ ਪਰ ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਸਨ ਉਹ ਪੰਜਾਬ ਲਈ ਬਹੁਤੇ ਸਾਜਗਾਰ ਨਹੀਂ ਸਨ। ਉਹਦੀ ਚੜ੍ਹਤ ਅਤੇ ਬਾਦਸ਼ਾਹੀ ਦੇ ਵਰ੍ਹੇ ਪੰਜਾਬ ਹੀ ਨਹੀਂ ਦੁਨੀਆ ਦੇ ਇਤਿਹਾਸ ਵਿਚ ਸੁਨਹਿਰੀ ਝਾਲ ਵਾਲੇ ਹਨ। Punjabi jagran

– ਪਰਮਜੀਤ ਢੀਂਗਰਾ

Leave a Reply

Your email address will not be published. Required fields are marked *