ਸ਼ਹੀਦ ਭਗਤ ਸਿੰਘ ਦੇ ਅੰਤਿਮ ਪੱਤਰ ਦੇ ਮੂਲ ਸ਼ਬਦਾਂ ਨੂੰ ਗਲਤ ਲਿਖਣ ਖਿਲਾਫ ਨੌਜਵਾਨਾਂ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ
ਸ਼ਹੀਦ ਭਗਤ ਸਿੰਘ ਦੀ ਮੂਲ ਹੱਥ ਲਿਖਤ ਵਿੱਚ ਹੇਰ ਫੇਰ ਕਰਨਾ ਉਨ੍ਹਾਂ ਦੀ ਵਿਚਾਰਧਾਰਾ ਖ਼ਿਲਾਫ਼ ਕੋਝੀ ਸਾਜ਼ਿਸ਼: ਢਾਬਾਂ, ਛਾਂਗਾ ਰਾਏ
ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ
ਜੰਗੇ ਆਜ਼ਾਦੀ ਦੇ ਮਹਾਨ ਸ਼ਹੀਦ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀ ਸ਼ਹੀਦੀ ਸਮਾਰਕ ਹੁਸੈਨੀ ਵਾਲਾ ਵਿਖੇ ਸ਼ਹੀਦ ਭਗਤ ਸਿੰਘ ਵੱਲੋਂ 22 ਮਾਰਚ 1931 ਨੂੰ ਆਪਣੇ ਇਨਕਲਾਬੀ ਸਾਥੀਆਂ ਨੂੰ ਲਿਖੇ ਅੰਤਿਮ ਪੱਤਰ ਦੇ ਮੂਲ ਸ਼ਬਦਾਂ ਨੂੰ ਗ਼ਲਤ ਢੰਗ ਨਾਲ ਲਿਖ ਕੇ ਹੁਸੈਨੀ ਵਾਲਾ ਵਿਖੇ ਸਟੀਲ ਦੀ ਪਲੇਟ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੰਭੀਰ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ਹੀਦੀ ਸਮਾਰਕ ਹੁਸੈਨੀ ਵਾਲਾ ਵਿਖੇ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਨੇ ਕੀਤੀ। ਇਸ ਰੋਸ ਪ੍ਰਦਰਸ਼ਨ ਮੌਕੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਤਿੱਖਾ ਹਮਲਾ ਕਰਦਿਆਂ ਸਾਥੀ ਪਰਮਜੀਤ ਢਾਬਾ ਅਤੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਕੀਤੀ ਗਈ ਇਹ ਕੋਝੀ ਸਾਜ਼ਿਸ਼ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੂਬਾਈ ਆਗੂਆਂ ਨੇ ਸ਼ਹੀਦ ਭਗਤ ਸਿੰਘ ਦੇ ਅੰਤਿਮ ਪੱਤਰ ਦੀਆਂ ਸਤਰਾਂ ਨਾਲ ਕੀਤੀ ਗਈ ਹੇਰ ਫੇਰ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ, ਜੋ ਅੰਤਿਮ ਪੱਤਰ ਆਪਣੇ ਸਾਥੀਆਂ ਨੂੰ ਲਿਖਿਆ ਗਿਆ ਸੀ ਵਿੱਚ ਮੂਲ ਰੂਪ ਵਿਚ ਦਰਜ ਹੈ ਕਿ “… ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਇੰਨੀ ਵੱਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਾਮਰਾਜਵਾਦ ਦੀਆਂ ਸਭ ਸ਼ੈਤਾਨੀ ਤਾਕਤਾਂ ਦੇ ਵੱਸ ਦੀ ਗੱਲ ਨਹੀਂ ਹੋਵੇਗੀ।” ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਟੀਲ ਦੀ ਪਲੇਟ ਉੱਤੇ ਲਿਖੀਆਂ ਸਤਰਾਂ ਵਿੱਚ “ਸਾਮਰਾਜਵਾਦ” ਸ਼ਬਦ ਦੀ ਜਗ੍ਹਾ ਤੇ “ਸਮਾਜਵਾਦ” ਸ਼ਬਦ ਲਿਖਿਆ ਹੋਇਆ ਹੈ ਜਿਹੜਾ ਕਿ ਭਗਤ ਸਿੰਘ ਵੱਲੋਂ ਕਹੀਆਂ ਉਕਤ ਸਤਰਾਂ ਦੇ ਅਰਥ ਬਦਲ ਕੇ ਭਗਤ ਸਿੰਘ ਦੀ ਵਿਚਾਰਧਾਰਾ ਬਿਲਕੁਲ ਉਲਟ ਕਰ ਦਿੰਦਾ ਹੈ।
ਸੂਬਾਈ ਆਗੂਆਂ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦੀ ਸਮਾਰਕ ਹੁਸੈਨੀ ਵਾਲਾ ਦੇਸ਼ ਪੱਧਰੀ ਨਹੀਂ ਬਲਕਿ ਕੌਮਾਂਤਰੀ ਪੱਧਰ ਤੇ ਇਤਿਹਾਸਿਕ ਸਥਾਨ ਹੈ ਜਿੱਥੇ ਹਰ ਸਾਲ ਲੱਖਾਂ ਸੈਲਾਨੀ ਅਤੇ ਸ਼ਹੀਦ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਇਸ ਜਗ੍ਹਾ ਤੇ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਇੱਥੋਂ ਇੱਕ ਨਵੀਂ ਰੌਸ਼ਨੀ ਲੈ ਕੇ ਜਾਂਦੇ ਹਨ ਪਰ ਇਸ ਇਤਿਹਾਸਿਕ ਸਥਾਨ ਤੇ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਵਿਗਾੜ ਕੇ ਲਿਖੇ ਬੋਰਡ ਉਨ੍ਹਾਂ ਤੇ ਗ਼ਲਤ ਪ੍ਰਭਾਵ ਪਾਉਣ ਦੇ ਹਨ ਅਤੇ ਆਉਣ ਵਾਲੀਆਂ ਪਿੜੀਆਂ ਨੂੰ ਗੁਮਰਾਹ ਕਰਨ ਲਈ ਇੱਕ ਸੋਚੀ ਸਮਝੀ ਸਾਜ਼ਿਸ਼ ਹੈ।
ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਗ਼ਲਤ ਬੋਰਡਾਂ ਨੂੰ ਤੁਰੰਤ ਹਟਾ ਕੇ ਸ਼ਹੀਦਾਂ ਦੀਆਂ ਮੂਲ ਲਿਖਤਾਂ ਦੇ ਬੋਰਡ ਹਵਾਲਿਆਂ ਸਮੇਤ ਲਗਾਏ ਜਾਣ ਤਾਂ ਕਿ ਕੋਈ ਗੁਮਰਾਹ ਨਾ ਹੋ ਸਕੇ। ਆਗੂਆਂ ਨੇ ਸ਼ਹੀਦ ਭਗਤ ਸਿੰਘ ਨੂੰ ਪਿਆਰ ਕਰਨ ਵਾਲਿਆਂ ਅਤੇ ਇਨਕਲਾਬੀ ਜਥੇਬੰਦੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਇਹ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਖ਼ਿਲਾਫ਼ ਇੱਕ ਸਾਜ਼ਿਸ਼ ਹੈ, ਅਤੇ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਸਾਜ਼ਿਸ਼ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਇਹ ਗ਼ਲਤ ਬੋਰਡ ਤੁਰੰਤ ਨਾ ਹਟਾਇਆ ਗਿਆ ਤਾਂ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਛੇਤੀ ਹੀ ਇਹਦੇ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਆਗੂ ਗੁਰਦਿਆਲ ਢਾਬਾਂ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਫ਼ਿਰੋਜ਼ਪੁਰ ਦੇ ਆਗੂ ਪਰਮਜੀਤ ਸਿੰਘ, ਜ਼ਿਲ੍ਹਾ ਫ਼ਾਜ਼ਿਲਕਾ ਦੇ ਜ਼ਿਲ੍ਹਾ ਆਗੂ ਸੁਰਿੰਦਰ ਸਿੰਘ ਅਤੇ ਸਾਬਕਾ ਨੌਜਵਾਨ ਆਗੂ ਪ੍ਰੇਮ ਬਹਾਦਰ ਕੇ ਵਿਚ ਹਾਜ਼ਰ ਸਨ।