ਜਰਾਂ ਬੱਚ ਕੇ..! ਸਕੂਲ ਪ੍ਰਿੰਸੀਪਲ ਨਾਲ ਸਵਾ ਕਰੋੜ ਦੀ ਆਨਲਾਈਨ ਠੱਗੀ
Punjab News: ਫੋਟੋ ਸਰੋਤ- Meta AI
Punjab News: ਮੁਕਤਸਰ ਦੇ ਬਾਵਾ ਕਲੋਨੀ ਨਿਵਾਸੀ ਤੇ ਇੱਕ ਨਿੱਜੀ ਸਕੂਲ ਤੋਂ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਈ ਇੱਕ ਮਹਿਲਾ ਨੂੰ ਸੀਬੀਆਈ ਅਧਿਕਾਰੀਆਂ ਦੇ ਭੇਸ ਵਿੱਚ ਠੱਗਾਂ ਵੱਲੋਂ “ਡਿਜੀਟਲ ਗ੍ਰਿਫ਼ਤਾਰੀ” ਕਰਕੇ 1.27 ਕਰੋੜ ਰੁਪਏ ਦੀ ਠੱਗੀ ਮਾਰ ਲਈ ਗਈ ਹੈ।
ਜਾਣਕਾਰੀ ਇਹ ਹੈ ਕਿ ਠੱਗਾਂ ਨੇ ਉਸ ਨੂੰ 5 ਦਿਨਾਂ ਤੱਕ ਡਰਾ ਕੇ ਰੱਖਿਆ ਅਤੇ ਮਨੀ ਲਾਂਡਰਿੰਗ ਅਤੇ ਅਸ਼ਲੀਲ ਸਮੱਗਰੀ ਫੈਲਾਉਣ ਦੇ ਝੂਠੇ ਦੋਸ਼ ਲਗਾਏ। ਟ੍ਰਿਬਿਊਨ ਦੀ ਖ਼ਬਰ ਅਨੁਸਾਰ, 22 ਜੂਨ ਨੂੰ ਪੀੜਤਾ ਕੁਸੁਮ ਡੂਮਰਾ ਨੂੰ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ। ਕਾਲਰ ਨੇ ਦਾਅਵਾ ਕੀਤਾ ਕਿ, ਉਸਦੇ ਨਾਮ ‘ਤੇ ਰਜਿਸਟਰਡ ਇੱਕ ਮੋਬਾਈਲ ਨੰਬਰ ਮੁੰਬਈ ਵਿੱਚ ਅਸ਼ਲੀਲ ਵੀਡੀਓ ਭੇਜਣ ਲਈ ਵਰਤਿਆ ਜਾ ਰਿਹਾ ਸੀ। ਉਸਦੇ ਖਿਲਾਫ਼ 27 ਸ਼ਿਕਾਇਤਾਂ ਦਰਜ ਹੋਈਆਂ ਸਨ।
ਇਸ ਤੋਂ ਬਾਅਦ, “ਸੀਬੀਆਈ ਅਧਿਕਾਰੀ” (ਝੂਠਾ ਨਾਮ) ਨੇ ਦਾਅਵਾ ਕੀਤਾ ਕਿ, ਉਸਦਾ ਕੈਨਰਾ ਬੈਂਕ ਖਾਤਾ 6.8 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਨਾਲ ਜੁੜਿਆ ਹੋਇਆ ਹੈ। ਉਸਨੂੰ (ਪ੍ਰਿੰਸੀਪਲ) ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤਾ ਜਾਵੇਗਾ।
ਠੱਗਾਂ ਨੇ ਉਸਨੂੰ ਵਟਸਐਪ ਵੀਡੀਓ ਕਾਲ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ। ਇੱਕ ਵਿਅਕਤੀ ਨੇ ਆਪਣੇ ਆਪ ਨੂੰ “ਸੀਬੀਆਈ ਡਾਇਰੈਕਟਰ” ਦੱਸਿਆ।ਉਸਨੂੰ (ਪ੍ਰਿੰਸੀਪਲ) ਕਿਸੇ ਨਾਲ ਵੀ ਗੱਲ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਅਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ। ਉਸਨੂੰ 24×7 ਕੈਮਰੇ ਉੱਤੇ ਰਹਿਣ ਅਤੇ ਘਰ ਤੋਂ ਬਾਹਰ ਨਾ ਨਿਕਲਣ ਦਾ ਹੁਕਮ ਦਿੱਤਾ ਗਿਆ।
ਠੱਗਾਂ ਨੇ ਦਾਅਵਾ ਕੀਤਾ ਕਿ “ਨਰੇਸ਼ ਗੋਇਲ (ਜੈੱਟ ਏਅਰਵੇਜ਼ ਸੰਸਥਾਪਕ) ਦੇ ਮਨੀ ਲਾਂਡਰਿੰਗ ਕੇਸ” ਨਾਲ ਉਸਦਾ ਨਾਮ ਜੁੜਿਆ ਹੈ। ਉਸਨੂੰ “ਜ਼ਮਾਨਤ” ਦੇ ਬਹਾਨੇ ਆਪਣੇ ਪੈਸੇ “ਸੁਰੱਖਿਅਤ” ਖਾਤਿਆਂ ਵਿੱਚ ਟ੍ਰਾਂਸਫਰ ਕਰਨ ਲਈ ਕਿਹਾ ਗਿਆ। 23 ਤੋਂ 27 ਜੂਨ ਦੇ ਵਿਚਕਾਰ, ਪੀੜਤਾ ਨੇ RTGS ਰਾਹੀਂ 1,27,00,500 ਰੁਪਏ ਠੱਗਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ।
ਪੁਲਿਸ ਕੀ ਕਹਿੰਦੀ ਹੈ?
ਡੀਐਸਪੀ (ਡਿਟੈਕਟਿਵ) ਮੁਕਤਸਰ ਰਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ, ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੀੜਤਾ ਨੇ ਆਪਣੀ ਸਾਰੀ ਜੀਵਨ-ਬੱਚਤ ਗੁਆ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਣਜਾਣ ਕਾਲ/ਮੈਸੇਜ ‘ਤੇ ਭਰੋਸਾ ਨਾ ਕਰਨ। ਕਿਸੇ ਵੀ ਅਧਿਕਾਰੀ ਦੀ ਪਛਾਣ ਵੈਰੀਫਾਈ ਕਰੋ (ਅਸਲ ਸੀਬੀਆਈ/ਪੁਲਿਸ ਸਿੱਧਾ ਕਦੇ ਇਸ ਤਰ੍ਹਾਂ ਕਾਲ ਨਹੀਂ ਕਰਦੀ)। ਕਦੇ ਵੀ ਕਿਸੇ ਨੂੰ ਆਪਣੇ ਬੈਂਕ ਡਿਟੇਲਸ ਨਾ ਦੱਸੋ। ਜੇ ਕੋਈ ਧਮਕੀ ਦੇਵੇ, ਤੁਰੰਤ ਪੁਲਿਸ ਨੂੰ ਸੂਚਿਤ ਕਰੋ।