Chandigarh News: ਹੁਣ ਇਨ੍ਹਾਂ ਅਫਸਰਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ
Chandigarh News: ਸੰਸਦ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਗਲਤ ਜਾਣਕਾਰੀ ਦੇਣ ਵਾਲੇ ਅਫਸਰਾਂ ਖਿਲਾਫ ਹੋਵੇਗੀ ਕਾਰਵਾਈ: ਐਮ.ਪੀ ਮਨੀਸ਼ ਤਿਵਾੜੀ
Chandigarh News: ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਪਿਛਲੇ ਇੱਕ ਸਾਲ ਤੋਂ ਸ਼ਹਿਰ ਦੀ ਨੁਹਾਰ ਬਦਲਣ ਲਈ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।
ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਾਰਲੀਮੈਂਟ ਚ ਚੁੱਕਣ ਦੌਰਾਨ ਉਹਨਾਂ ਦਾ ਗਲਤ ਜਵਾਬ ਦੇਣ ਵਾਲੇ ਅਫਸਰਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਉਹ ਮੋਲੀ ਜਾਗਰਾਂ ਇਲਾਕੇ ਵਿੱਚ ਇੱਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਜਿਸ ਦੌਰਾਨ ਉਹਨਾਂ ਨਾਲ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ ਵੀ ਮੌਜੂਦ ਰਹੇ।
ਇਸ ਮੌਕੇ ਸੰਬੋਧਨ ਕਰਦਿਆਂ, ਤਿਵਾੜੀ ਨੇ ਕਿਹਾ ਕਿ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣਾ ਉਹਨਾਂ ਦੀ ਜਿੰਮੇਵਾਰੀ ਹੈ। ਇਹਨਾਂ ਹਾਲਾਤਾਂ ਵਿੱਚ ਲੋਕਾਂ ਦੀਆਂ ਪਰੇਸ਼ਾਨੀਆਂ ਨਾਲ ਜੁੜੇ ਜਿਹੜੇ ਸਵਾਲ ਪਿਛਲੇ 25 ਸਾਲਾਂ ਦੌਰਾਨ ਨਹੀਂ ਚੁੱਕੇ ਗਏ ਸਨ, ਉਹਨਾਂ ਸਬੰਧੀ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਗਈ ਹੈ।
ਤਿਵਾੜੀ ਨੇ ਸਪਸ਼ਟ ਕੀਤਾ ਕਿ ਲੋਕਾਂ ਦੇ ਮੁੱਦੇ ਸੰਸਦ ਵਿੱਚ ਰੱਖਣ ਲਈ ਉਹਨਾਂ ਨੂੰ ਚੁਣਿਆ ਗਿਆ ਹੈ ਅਤੇ ਉਹ ਇਸ ਲਈ ਕੰਮ ਕਰ ਰਹੇ ਹਨ। ਲੇਕਿਨ ਜਿਹੜੇ ਅਫਸਰ ਲੋਕਾਂ ਨਾਲ ਜੁੜੇ ਸਵਾਲਾਂ ਦਾ ਸੰਸਦ ਵਿੱਚ ਸਹੀ ਜਵਾਬ ਨਹੀਂ ਦਿੰਦੇ, ਉਹਨਾਂ ਖਿਲਾਫ “ਬ੍ਰੀਚ ਆਫ ਪ੍ਰੀਵਿਲੇਜ ਮੋਸ਼ਨ” ਲਿਆ ਕੇ ਸਖਤ ਕਾਰਵਾਈ ਕਰਵਾਈ ਜਾਵੇਗੀ।
ਉਹਨਾਂ ਨੇ ਖੁਲਾਸਾ ਕੀਤਾ ਕਿ ਲੋਕਾਂ ਪਾਸੋਂ ਲਗਾਤਾਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸ਼ਿਕਾਇਤਾਂ ਆ ਰਹੀਆਂ ਹਨ। ਪਾਰਲੀਮੈਂਟ ਵਿੱਚ ਅਫਸਰ ਦਾਅਵਾ ਕਰਦੇ ਹਨ ਕਿ ਲੋਕਾਂ ਨੂੰ 18 ਘੰਟੇ ਪਾਣੀ ਦੀ ਸਪਲਾਈ ਹੋ ਰਹੀ ਹੈ, ਜਦਕਿ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਘੰਟੇ ਵੀ ਸਹੀ ਤਰੀਕੇ ਨਾਲ ਪਾਣੀ ਨਹੀਂ ਮਿਲਦਾ। ਇਥੋਂ ਤੱਕ ਕਿ ਪਾਣੀ ਦੀ ਸਪਲਾਈ ਦੇਣ ਵਾਲੇ ਕਈ ਟਿਊਬਵੇਲ ਵੀ ਬੰਦ ਕਰ ਦਿੱਤੇ ਗਏ ਹਨ। ਤਿਵਾੜੀ ਨੇ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਉਦੋਂ ਹੋਵੇਗਾ, ਜਦੋਂ ਕਾਰਪੋਰੇਸ਼ਨ ਦੀ ਜਿੰਮੇਵਾਰੀ ਕਾਂਗਰਸ ਦੇ ਹੱਥ ਵਿੱਚ ਆਵੇਗੀ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਲੱਕੀ ਨੇ ਕਿਹਾ ਕਿ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਜੋਰਦਾਰ ਤਰੀਕੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਚੁੱਕਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹ ਕਈ ਵਾਰ ਇਥੇ ਵੱਖ-ਵੱਖ ਪ੍ਰੋਗਰਾਮਾਂ ਚ ਆਉਂਦੇ ਰਹੇ ਹਨ, ਲੇਕਿਨ ਪਹਿਲੀ ਵਾਰ ਇਸ ਤਰੀਕੇ ਨਾਲ ਲੋਕਾਂ ਨਾਲ ਰੁਬਰੂ ਹੋਣ ਦਾ ਮੌਕਾ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਸਿਰਫ ਕਾਂਗਰਸ ਪਾਰਟੀ ਤੇ ਉਸਦੇ ਸਹਿਯੋਗੀ ਹੀ ਕਰ ਸਕਦੇ ਹਨ, ਜਿਸ ਲਈ ਲੋਕਾਂ ਨੂੰ ਵੱਧ ਚੜ ਕੇ ਉਨ੍ਹਾਂ ਦੇ ਹੱਥ ਮਜਬੂਤ ਕਰਨੇ ਚਾਹੀਦੇ ਹਨ।
ਹੋਰਨਾ ਤੋਂ ਇਲਾਵਾ, ਜਿਲਾ ਕਾਂਗਰਸ ਪ੍ਰਧਾਨ ਸੁਰਜੀਤ ਸਿੰਘ ਢਿੱਲੋ, ਪ੍ਰੋਗਰਾਮ ਦੇ ਆਯੋਜਕ ਅਤੇ ਸੂਬਾ ਕਾਂਗਰਸ ਦੇ ਸਕੱਤਰ ਲੇਖਪਾਲ, ਮੁਕੇਸ਼ ਰਾਏ, ਆਸਿਫ ਚੌਧਰੀ, ਵਿਨੈ ਮਿਸ਼ਰਾ, ਮੁਕੇਸ਼ ਸਿਰਸਵਾਲ, ਜਲੀਲ ਅਹਿਮਦ ਕੁਰੇਸ਼ੀ, ਨੇਤ ਰਾਮ, ਆਦੇਸ਼ ਸ਼ਰਮਾ ਆਦਿ ਹਾਜ਼ਰ ਸਨ।