Ferozepur News: ਪ੍ਰਬੰਧਾਂ ਦੀ ਘਾਟ ਕਾਰਨ ਲੜਾਈ-ਝਗੜੇ, ਚੋਰੀਆਂ ਅਤੇ ਹੁੜਦੰਗਬਾਜ਼ੀ ਦੀ ਭੇਟ ਚੜ੍ਹਿਆ ਮਾਤਾ ਨਹਿਰਾਂ ਵਾਲੀ ਦਾ ਸਾਲਾਨਾ ਜੋੜ ਮੇਲਾ
Ferozepur News: ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੇ ਨਾਲ ਲਗਾਏ ਗਏ ਉੱਚੇ ਪੰਘੂੜੇ,ਕਿਸੇ ਵਕਤ ਵੀ ਵਾਪਰ ਸਕਦਾ ਵੱਡਾ ਹਾਦਸਾ, ਖ਼ਾਲੀ ਥਾਂ ਦੇ ਵਸੂਲੇ ਗਏ ਭਾਰੀ ਕਿਰਾਇਆਂ ਦਾ ਬੋਝ ਪਿਆ ਸੰਗਤਾਂ ਦੀਆਂ ਜੇਬਾਂ ‘ਤੇ
ਜਸਬੀਰ ਸਿੰਘ ਕੰਬੋਜ, ਫ਼ਿਰੋਜ਼ਪੁਰ
ਫ਼ਿਰੋਜ਼ਪੁਰ ਦੇ ਕਸਬੇ ਮਮਦੋਟ ਨਜ਼ਦੀਕ ਮਾਤਾ ਨਹਿਰਾਂ ਵਾਲੀ ਮੰਦਿਰ ਵਿਖੇ ਹਰ ਸਾਲ ਮਨਾਇਆ ਜਾਣ ਵਾਲਾ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਇਸ ਵਾਰ ਪ੍ਰਬੰਧਾਂ ਦੀ ਘਾਟ ਕਾਰਨ ਲੜਾਈ ਝਗੜੇ, ਚੋਰੀਆਂ ਅਤੇ ਹੁੜਦੰਗਬਾਜ਼ੀ ਦੀ ਭੇਟ ਚੜ੍ਹ ਗਿਆ। ਇਸ ਤਿੰਨ ਦਿਨਾਂ ਜੋੜ ਮੇਲੇ ਦੇ ਪਹਿਲੇ ਦੋ ਦਿਨ ਚੋਰੀਆਂ ਅਤੇ ਲੜਾਈ-ਝਗੜਿਆਂ ਦੀਆਂ ਇੱਕਾ-ਦੁੱਕਾ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ। ਪਰੰਤੂ ਮੇਲੇ ਦੇ ਤੀਜੇ ਅਤੇ ਆਖ਼ਰੀ ਦਿਨ ਜਿੱਥੇ ਲੜਾਈ-ਝਗੜੇ,ਚੋਰੀਆਂ ਅਤੇ ਹੁੜਦੰਗਬਾਜ਼ੀ ਨੇ ਸੰਗਤਾਂ ਨੂੰ ਭਾਰੀ ਪਰੇਸ਼ਾਨ ਕੀਤਾ,ਉੱਥੇ ਮਾਤਾ ਦੇ ਮੰਦਰ ਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਮਾਲਕਾ ਵੱਲੋਂ ਦੁਕਾਨਾਂ,ਫੜੀਆਂ ਲਗਾਉਣ ਵਾਲੇ ਦੁਕਾਨਦਾਰਾਂ ਅਤੇ ਵਾਹਨ ਖੜੇ ਕਰਨ ਲਈ ਸਟੈਂਡ ਬਣਾਉਣ ਵਾਲਿਆਂ ਕੋਲੋਂ ਭਾਰੀ ਕਿਰਾਏ ਵਸੂਲੇ ਗਏ,ਜਿਸਦਾ ਸਾਰਾ ਬੋਝ ਮਾਤਾ ਦੇ ਮੰਦਰ ਤੇ ਮੱਥਾ ਟੇਕਣ ਤੇ ਆਪਣੀਆਂ ਸੁੱਖਾਂ ਲਾਹੁਣ ਆਈਆਂ ਸੰਗਤਾਂ ਦੀਆਂ ਜੇਬਾਂ ਤੇ ਪਿਆ।
ਝੂਲਿਆਂ ਅਤੇ ਬੇੜੀਆਂ ਦੇ ਮਾਲਕਾ,ਦੁਕਾਨਾਂ, ਫੜੀਆਂ ਵਾਲਿਆਂ ਵੱਲੋਂ ਜਗਾਹ ਦੇ ਭਾਰੀ ਕਿਰਾਇਆਂ ਦਾ ਹਵਾਲਾ ਦਿੰਦਿਆਂ ਸੰਗਤਾਂ ਦੀ ਭਾਰੀ ਲੁੱਟ ਕੀਤੀ,ਉੱਥੇ ਵਾਹਨਾਂ ਲਈ ਸਟੈਂਡ ਬਣਾਉਣ ਵਾਲਿਆਂ ਵੱਲੋਂ ਚਾਰ ਪਹੀਆ ਵਾਹਨਾਂ ਲਈ 100 ਰੁਪਏ ਅਤੇ 2 ਪਹੀਆ ਵਾਹਨਾਂ ਲਈ 40 ਰੁਪਏ ਵਸੂਲ ਕੇ ਸੰਗਤਾਂ ਦੀ ਭਾਰੀ ਲੁੱਟ ਕੀਤੀ ਗਈ।ਜਿਸ ਵੀ ਵਿਅਕਤੀ ਨੇ ਵਾਹਨ ਖੜੇ ਕਰਨ ਦੀ ਪਰਚੀ ਜ਼ਿਆਦਾ ਹੋਣ ਕਾਰਨ ਆਪਣਾ ਵਾਹਨ ਸੜਕ ਕਿਨਾਰੇ ਖੜ੍ਹਾ ਕੀਤਾ,ਉਹ ਚੋਰੀ ਹੋ ਗਿਆ। ਮੇਲੇ ਵਿਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਸੰਗਤਾਂ ਦੀਆਂ ਜੇਬਾਂ ਕੱਟਣ,ਪਰਸ ਕੱਢਣ,ਮੋਟਰ ਸਾਈਕਲ ਚੋਰੀ ਕਰਨ ਦੇ ਨਾਲ-ਨਾਲ ਇੱਕ ਪਿਕਅਪ ਗੱਡੀ ਵੀ ਚੋਰੀ ਕਰਕੇ ਲੈ ਜਾਣ ਬਾਰੇ ਜਾਣਕਾਰੀ ਮਿਲ ਰਹੀ ਹੈ ।
ਮਾਤਾ ਦੇ ਮੰਦਰ ਨੂੰ ਜਾਣ ਵਾਲੇ ਰਸਤੇ ਦੇ ਬਿਲਕੁਲ ਨਜ਼ਦੀਕ ਲਗਾਏ ਗਏ ਵੱਡੇ ਪੰਘੂੜਿਆਂ ਕਾਰਨ ਹੋਈ ਭੀੜ ਵੀ ਚੋਰੀਆਂ ਦਾ ਮੁੱਖ ਕਾਰਨ ਬਣੀ,ਉੱਪਰੋਂ ਵੱਡੇ ਅਤੇ ਉੱਚੇ ਪੰਘੂੜੇ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੇ ਬਿਲਕੁਲ ਨਜ਼ਦੀਕ ਲਗਾਏ ਜਾਣ ਕਾਰਨ ਕਿਸੇ ਵਕਤ ਵੀ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਰਿਹਾ। ਇਸ ਸਬੰਧੀ ਥਾਣਾ ਮੁਖੀ ਮਮਦੋਟ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਓਹਨਾ ਦੱਸਿਆ ਕਿ ਉਹ ਕਿਸੇ ਜ਼ਰੂਰੀ ਕੰਮ ਥਾਣੇ ਤੋਂ ਬਾਹਰ ਹਨ ਓਹਨਾ ਦੱਸਿਆ ਕਿ ਮੇਲੇ ਦੌਰਾਨ ਕੁੱਝ ਹੁੜਦੰਗਬਾਜ਼ਾ ਨੂੰ ਕਾਬੂ ਕਰਕੇ ਥਾਣੇ ਜ਼ਰੂਰ ਲਿਜਾਇਆ ਗਿਆ ਪਰ ਪੂਰੀ ਜਾਣਕਾਰੀ ਉਹ ਥਾਣੇ ਪਹੁੰਚ ਕੇ ਹੀ ਦੇ ਸਕਦੇ ਹਨ।
ਇਸ ਤੋਂ ਪਹਿਲਾਂ ਪਿਛਲੇ ਸਾਲਾਂ ਵਿੱਚ ਲਗਾਏ ਗਏ ਮੇਲਿਆਂ ਦੌਰਾਨ ਜਿੱਥੇ ਪ੍ਰਸ਼ਾਸ਼ਨਿਕ ਅਧਿਕਾਰੀ ਐੱਸ ਡੀ ਐੱਮ ਅਤੇ ਨਾਇਬ ਤਹਿਸੀਲਦਾਰ ਮਮਦੋਟ ਨੂੰ ਮੇਲਾ ਪ੍ਰਬੰਧਕ ਲਗਾਇਆ ਜਾਂਦਾ ਰਿਹਾ ਹੈ ਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਪਲ ਪਲ ਤੇ ਪੈਨੀ ਨਜ਼ਰ ਰੱਖੀ ਜਾਂਦੀ ਰਹੀ ਹੈ ਪਰੰਤੂ ਇਸ ਵਾਰ ਸਿਵਲ ਪ੍ਰਸ਼ਾਸ਼ਨ ਪੂਰੀ ਤਰਾਂ ਨਦਾਰਦ ਅਤੇ ਖ਼ਾਮੋਸ਼ ਰਿਹਾ ।ਮੇਲੇ ਵਿਚ ਵਾਪਰੇ ਇਸ ਵਰਤਾਰੇ ਨੇ ਦੂਰ-ਦੂਰ ਤੋ ਮੇਲੇ ਵਿਚ ਆਈਆਂ ਸੰਗਤਾਂ ਨੂੰ ਭਾਰੀ ਨਿਰਾਸ਼ ਕੀਤਾ।
ਇਲਾਕੇ ਦੀਆਂ ਸੰਗਤਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈ ਕਿ ਸਰਹੱਦੀ ਖੇਤਰ ਦੇ ਇਸ ਮੇਲੇ ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪਹੁੰਚਦੀਆਂ ਹਨ,ਇਸ ਦੇ ਪਬੰਧਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਆਪਣੇ ਹੱਥਾਂ ਵਿਚ ਲੈ ਕੇ ਅਗਲੇ ਸਾਲ ਮੇਲੇ ਵਕਤ ਮਾਤਾ ਦੇ ਮੰਦਰ ਦੇ ਨਜ਼ਦੀਕ ਸਿਰਫ਼ ਪ੍ਰਸ਼ਾਦ ਅਤੇ ਝੰਡਿਆਂ ਦੀਆਂ ਦੁਕਾਨਾਂ ਹੀ ਲਗਾਈਆਂ ਜਾਣ,ਪੰਘੂੜੇ ਅਤੇ ਹੋਰ ਜ਼ਿਆਦਾ ਥਾਂ ਘੇਰਨ ਵਾਲੀਆਂ ਦੁਕਾਨਾਂ ਮਾਤਾ ਦੇ ਮੰਦਰ ਤੋ ਅੱਧਾ ਕਿਲੋਮੀਟਰ ਦੂਰ ਲਗਾਉਣ ਦੀ ਮੰਗ ਕਰਦਿਆਂ ਸੰਗਤਾਂ ਲਈ ਵਾਹਨ ਖੜੇ ਕਰਨ ਦਾ ਸਥਾਨ ਕਿਸੇ ਸਰਕਾਰੀ ਥਾਂ ਵਿਚ ਮੁਫ਼ਤ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ ਹੈ,ਤਾਂ ਜੋ ਸ਼ਰਧਾ ਭਾਵਨਾ ਨਾਲ ਮੇਲੇ ਵਿਚ ਆਈਆਂ ਸੰਗਤਾਂ ਨੂੰ ਆਰਥਿਕ ਲੁੱਟ ਤੋ ਬਚਾਇਆ ਜਾ ਸਕੇ।

