All Latest NewsNews FlashPunjab News

ਵੱਡੀ ਖਬਰ: ਪੰਜਾਬ ਸਰਕਾਰ ਵੱਲੋਂ 10 ਕੀਟਨਾਸ਼ਕ ਦਵਾਈਆਂ ‘ਤੇ ਪਾਬੰਦੀਆਂ ਲਾਉਣ ਦੇ ਹੁਕਮ 

 

ਪੰਜਾਬ ਨੈੱਟਵਰਕ, ਚੰਡੀਗੜ੍ਹ/ਰੂਪਨਗਰ: 

ਪੰਜਾਬ ਸਰਕਾਰ ਵੱਲੋਂ ਬਾਸਮਤੀ ਚੌਲਾਂ ਦੀ ਬਰਾਮਦ ਵਿੱਚ ਰੁਕਾਵਟ ਪਾਉਣ ਵਾਲੇ ਕੁੱਝ ਕੀਟਨਾਸ਼ਕ ਦੀ ਵਿਕਰੀ ਅਤੇ ਵਰਤੋਂ ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਇਸ ਬਾਰੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਬਾਸਮਤੀ ਬੀਜਣ ਵਾਲੇ ਕਿਸਾਨਾਂ ਅਤੇ ਕੀਟਨਾਸ਼ਕ ਦਵਾਈਆਂ ਵੇਚਣ ਵਾਲੇ ਡੀਲਰਾਂ ਨੂੰ ਜਾਣਕਾਰੀ ਦਿੱਤੀ ਕਿ ਇਹ ਨਿਰਦੇਸ਼ ਬਾਸਮਤੀ ਚੌਲਾਂ ਦੀ ਗੁਣਵੱਤਾ ਵਿੱਚ ਸੁਧਾਰ ਲਈ ਕਿਸਾਨਾਂ ਦੇ ਪੱਖ ਵਿੱਚ ਜਾਰੀ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕੀਟਨਾਸ਼ਕਾਂ ਵਿੱਚ ਐਸੀਫੇਟ, ਬੁਪਰੋਫੇਜਿਨ, ਕਲੋਰਪਾਈਰੀਫਾਸ, ਪਰੋਫੈਨੋਫੋਸ, ਆਈਸੋਪਰੋਥੀੳਲੇਨਾ, ਥਾਇਆਮਿਥੌਕਸਮ, ਟਰਾਈਸਾਈਕਲਾਜੋਲ, ਕਾਰਬੈਂਡਾਜਿਪ, ਪ੍ਰੋਪੀਕੋਨਾਜ਼ੋਲ, ਮੈਥਾਮਾਈਡੋਫੋਸ ਵਰਗੇ ਕੀਟ ਨਾਸ਼ਕ ਸ਼ਾਮਲ ਹਨ ਜੋ ਚੌਲਾਂ ਖਾਸ ਕਰਕੇ ਬਾਸਮਤੀ ਚੌਲਾਂ ਦੀ ਬਰਾਮਦ ਅਤੇ ਖਪਤ ਵਿੱਚ ਸੰਭਾਵੀ ਰੁਕਾਵਟਾਂ ਬਣ ਰਹੇ ਸਨ।

ਇਸ ਲਈ ਇਨ੍ਹਾਂ ਕੀਟਨਾਸ਼ਕ ਤੇ ਪੰਜਾਬ ਸਰਕਾਰ ਵੱਲੋ ਪਾਬੰਦੀ ਲਗਾਈ ਗਈ ਹੈ ਤਾਂ ਜੋ ਬਿਨਾਂ ਕਿਸੇ ਰਹਿੰਦ-ਖੂੰਹਦ ਦੇ ਵਧੀਆ ਗੁਣਵੱਤਾ ਵਾਲੇ ਬਾਸਮਤੀ ਚੌਲ ਪੈਦਾ ਕੀਤੇ ਜਾ ਸਕਣ।

ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਮਾਹਿਰਾਂ ਅਨੁਸਾਰ ਇਨ੍ਹਾਂ ਖੇਤੀ ਰਸਾਇਣਾਂ ਦੀ ਵਰਤੋਂ ਕਰਨ ਨਾਲ ਬਾਸਮਤੀ ਚੌਲਾਂ ਵਿੱਚ ਸਮਰੱਥ ਅਥਾਰਿਟੀ ਦੁਆਰਾ ਨਿਰਧਾਰਤ ਮੈਕਸੀਮਮ ਰੈਜੀਡਿਊਲ ਲੈਵਲ (ਐਮਆਰਐਲ) ਤੋਂ ਵੱਧ ਕੀਟਨਾਸ਼ਕ ਰਹਿੰਦ-ਖੂੰਹਦ ਹੋਣ ਦਾ ਖਤਰਾ ਹੈ। ਪੰਜਾਬ ਦੀ ਵਿਰਾਸਤੀ ਬਾਸਮਤੀ ਉਪਜ ਨੂੰ ਬਚਾਉਣ ਅਤੇ ਬਾਸਮਤੀ ਚੌਲਾਂ ਦੀ ਦੂਜੇ ਦੇਸ਼ਾਂ ਨੂੰ ਬਰਾਮਦ ਯਕੀਨੀ ਬਣਾਉਣ ਲਈ ਇਨ੍ਹਾਂ ਖੇਤੀ ਰਸਾਇਣਾਂ ਤੇ ਪਾਬੰਦੀ ਲਗਾਈ ਗਈ ਹੈ।

ਇਸ ਮੌਕੇ ਉਨ੍ਹਾਂ ਸਾਰੇ ਕੀਟਨਾਸ਼ਕ ਦਵਾਈਆ ਵੇਚਣ ਵਾਲੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਇਹ ਕੀਟਨਾਸ਼ਕ ਬਾਸਮਤੀ ਦੀ ਫਸਲ ਲਈ ਨਾ ਦਿੱਤੇ ਜਾਣ।ਇਸ ਮੌਕੇ ਉਨ੍ਹਾਂ ਬਾਸਮਤੀ ਬੀਜਣ ਵਾਲੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਪੀ.ਏ.ਯੂ ਵੱਲੋ ਸ਼ਿਫ਼ਾਰਿਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਦੀ ਹੀ ਵਰਤੋਂ ਕੀਤੀ ਜਾਵੇ ਅਤੇ ਖਰੀਦੀ ਰਸਾਇਣ ਦਾ ਬਿੱਲ ਜਰੂਰ ਲਿਆ ਜਾਵੇ।

 

Leave a Reply

Your email address will not be published. Required fields are marked *