ਹੁਣ ਘੱਗਰ ਦਰਿਆ ਨੇ ਮਾਰੀਆਂ ਬੜਕਾਂ! DC ਵੱਲੋਂ ਹੜ੍ਹਾਂ ਨੂੰ ਲੈ ਕੇ ਅਲਰਟ ਜਾਰੀ

All Latest NewsNews FlashPunjab News

 

ਘੱਗਰ ਦਰਿਆ ਵਿੱਚ ਪਾਣੀ ਦਾ ਵਾਧਾ ਕੰਟਰੋਲ ਅਧੀਨ : ਡਿਪਟੀ ਕਮਿਸ਼ਨਰ ਕੋਮਲ ਮਿੱਤਲ

ਮੋਹਾਲੀ ਪ੍ਰਸ਼ਾਸਨ ਵੱਲੋਂ ਹੜ੍ਹ ਸਥਿਤੀ ‘ਤੇ ਕਰੜੀ ਨਿਗਰਾਨੀ, ਕੰਟਰੋਲ ਰੂਮ ਸਥਾਪਿਤ

ਲੋਕਾਂ ਨੂੰ ਦਰਿਆ ਤੇ ਕਾਜਵੇਅਜ਼ ਤੋਂ ਦੂਰ ਰਹਿਣ ਦੀ ਅਪੀਲ

ਟਿਵਾਣਾ (ਸਾਹਿਬਜ਼ਾਦਾ ਅਜੀਤ ਸਿੰਘ ਨਗਰ)

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਬੀਤੀ ਰਾਤ ਕੈਚਮੈਂਟ ਏਰੀਆ ਵਿੱਚ ਭਾਰੀ ਮੀਂਹ ਪੈਣ ਕਾਰਨ ਅਤੇ ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹੇ ਜਾਣ ਨਾਲ ਅੱਜ ਸਵੇਰੇ ਲਗਭਗ 9 ਵਜੇ ਘੱਗਰ ਦਰਿਆ ਵਿੱਚ ਪਾਣੀ ਦਾ ਵਹਾਅ 70,000 ਕਿਊਸਕ ਤੱਕ ਸੀ।

ਉਨ੍ਹਾਂ ਦੱਸਿਆ ਕਿ ਭਾਂਖਰਪੁਰ ਪੁਲ ‘ਤੇ ਪਾਣੀ ਦਾ ਪੱਧਰ 10.5 ਫੁੱਟ ਹੋਣ ਕਾਰਨ ਪਾਣੀ ਵਧਣਾ ਹੋਣਾ ਸ਼ੁਰੂ ਹੋ ਗਿਆ ਸੀ, ਪਰ ਕੁਝ ਸਮੇਂ ਬਾਅਦ ਪੱਧਰ ਘਟਣਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਲਗਪਗ ਦੁਪਹਿਰ 12:30 ਵਜੇ ਪਾਣੀ ਦਾ ਵਹਾਅ ਘੱਟ ਕੇ 35,000 ਕਿਊਸਕ ਰਹਿ ਗਿਆ ਅਤੇ ਹੁਣ ਸਥਿਤੀ ਕੰਟਰੋਲ ਵਿੱਚ ਹੈ।

ਅੱਜ ਸਵੇਰੇ ਸਥਿਤੀ ਗੰਭੀਰ ਹੋਣ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਲਾਲੜੂ ਇਲਾਕੇ ਵਿੱਚ ਘੱਗਰ ਦੇ ਟਿਵਾਣਾ ਬੰਨ੍ਹ ਦਾ ਦੌਰਾ ਕੀਤਾ ਗਿਆ ਅਤੇ ਉੱਥੇ ਮੌਜੂਦ ਪਿੰਡ ਦੇ ਲੋਕਾਂ ਦਾ ਹਾਲ ਵੀ ਜਾਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਬੰਨ੍ਹ ਦੀ ਮਜ਼ਬੂਤੀ ਬਰਕਰਾਰ ਹੈ ਅਤੇ ਪ੍ਰਸ਼ਾਸਨਿਕ ਟੀਮਾਂ ਸਾਵਧਾਨ ਕੀਤੀਆਂ ਹੋਈਆਂ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਸਾਰੇ ਨਾਜ਼ੁਕ ਪੁਆਇੰਟਾਂ ‘ਤੇ ਤਾਇਨਾਤ ਹਨ ਅਤੇ ਬਲਟਾਣਾ, ਭਾਂਖਰਪੁਰ, ਮੁਬਾਰਕਪੁਰ ਆਦਿ ਸਥਾਨਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਕੁਝ ਕਾਜਵੇਜ਼ ਉੱਤੇ ਪਾਣੀ ਆਉਣ ਕਾਰਨ ਆਵਾਜਾਈ ਨੂੰ ਅਸਥਾਈ ਤੌਰ ‘ਤੇ ਬੰਦ ਕਰ ਟ੍ਰੈਫ਼ਿਕ ਨੂੰ ਡਾਇਵਰਟ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਘੱਗਰ ਨੇੜਲੇ ਡੇਰਾਬੱਸੀ ਸਬ ਡਵੀਜ਼ਨ ਦੇ ਕੰਢਿਆਂ ‘ਤੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਨ੍ਹਾਂ ਪਿੰਡਾਂ ਵਿੱਚ ਟਿਵਾਣਾ, ਖਜੂਰ ਮੰਡੀ, ਸਾਧਾਂਪੁਰ, ਸਰਸੀਨੀ, ਆਲਮਗੀਰ, ਡੰਗਢੇਰਾ, ਮੁਬਾਰਿਕਪੁਰ, ਮੀਰਪੁਰ, ਬਾਕਰਪੁਰ ਆਦਿ ਸ਼ਾਮਿਲ ਹਨ।

ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜ਼ਿਲ੍ਹਾ ਮੋਹਾਲੀ ਦੇ ਲੋਕ ਘੱਗਰ ਅਤੇ ਸੁਖਨਾ ਨਾਲ ਸੰਬੰਧਤ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ। ਖ਼ਾਸ ਕਰਕੇ ਬੱਚਿਆਂ ਨੂੰ ਦਰਿਆ, ਕਾਜਵੇਅ ਜਾਂ ਪਾਣੀ ਨਾਲ ਭਰੇ ਖੇਤਰਾਂ ਨੇੜੇ ਜਾਣ ਤੋਂ ਰੋਕਿਆ ਜਾਵੇ।

ਉਨ੍ਹਾਂ ਦੱਸਿਆ ਕਿ ਭਾਵੇਂ ਪ੍ਰਸ਼ਾਸਨਿਕ ਟੀਮਾਂ ਪੂਰੀ ਤਰਾਂ ਸਮਰਪਿਤ ਅਤੇ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ ਪਰ ਫਿਰ ਵੀ ਜੇਕਰ ਕਿਸੇ ਨੂੰ ਕੋਈ ਖ਼ਤਰਾ ਮਹਿਸੂਸ ਹੋਵੇ ਤਾਂ ਤੁਰੰਤ ਡੀ ਸੀ ਦਫ਼ਤਰ ਦੇ ਕੰਟਰੋਲ ਰੂਮ: 0172-2219506, ਮੋਬਾਇਲ: 76580-51209, ਉਪ ਮੰਡਲ ਖਰੜ: 0160-2280222 ਅਤੇ ਉਪ ਮੰਡਲ ਡੇਰਾਬੱਸੀ ਦੇ ਕੰਟਰੋਲ ਰੂਮ 01762-283224 ਤੇ ਫ਼ੋਨ ਕਰ ਕੇ ਸੂਚਿਤ ਕੀਤਾ ਜਾਵੇ।

 

Media PBN Staff

Media PBN Staff

Leave a Reply

Your email address will not be published. Required fields are marked *