ਪੰਜਾਬ ‘ਚ ਨਵ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਜਾਂਚ ਸ਼ੁਰੂ ਕੀਤੀ, ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ਖਿਲਾਫ ਮਾਮਲਾ ਦਰਜ
ਦੀਪਕ ਜੈਨ, ਜਗਰਾਉਂ
ਚੌਂਕ ਰੱਖੜੀਆਂ ਦੇ ਨਜਦੀਕ ਸਥਿਤ ਮੁਹੱਲਾ ਸੂਦਾਂ ਦੀ ਰਹਿਣ ਵਾਲੀ ਇੱਕ ਨਵ ਵਿਆਹੁਤਾ ਵੱਲੋਂ ਭੇਦ ਭਰੇ ਹਾਲਾਤਾਂ ਵਿੱਚ ਫਾਹਾ ਲੈ ਕੇ ਆਪਣੇ ਜੀਵਨ ਲੀਲਾ ਸਮਾਪਤ ਕਰਨ ਦਾ ਦੁਖਾਂਤ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੀ ਪਛਾਣ ਇਸ਼ਾ ਪੁੱਤਰੀ ਪੂਰਨ ਕੁਮਾਰ ਉਮਰ ਕਰੀਬ 26 ਸਾਲ ਵਜੋਂ ਹੋਈ ਹੈ।
ਮ੍ਰਿਤਕਾ ਦੇ ਪਿਤਾ ਪੂਰਨ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦੀ ਵਿਆਹ ਕਰੀਬ ਸਾਢੇ ਤਿੰਨ ਮਹੀਨੇ ਪਹਿਲਾਂ ਜਗਰਾਉਂ ਦੇ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਮੋਹਿਤ ਨਾਲ ਹੋਇਆ ਸੀ ਪਰ ਵਿਆਹ ਦੇ ਕੁਝ ਸਮਾਂ ਬਾਅਦ ਹੀ ਦੋਹਾਂ (ਪਤੀ ਪਤਨੀ) ਚ ਆਪਸੀ ਮੱਤਭੇਦ ਹੋ ਜਾਣ ਕਾਰਨ ਉਹਨਾਂ ਦੀ ਲੜਕੀ ਪਿਛਲੇ ਡੇਢ ਕੁ ਮਹੀਨੇ ਤੋਂ ਆਪਣੇ ਪੇਕੇ ਘਰ ਆ ਕੇ ਉਹਨਾਂ ਨਾਲ ਰਹਿ ਰਹੀ ਸੀ।
ਉਹਨਾਂ ਦੱਸਿਆ ਕਿ ਅੱਜ ਮੰਗਲਵਾਰ ਦੀ ਦੇਰ ਸ਼ਾਮ ਜਦੋਂ ਉਹਨਾਂ ਦੀ ਲੜਕੀ ਘਰੇ ਇਕੱਲੀ ਸੀ ਤਾਂ ਉਸਨੇ ਪੌੜੀਆਂ ਦੇ ਨਾਲ ਲੱਗਦੇ ਜੰਗਲੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਿਟੀ ਪੁਲਿਸ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਜਾਂਚ ਸ਼ੁਰੂ ਕੀਤੀ।
ਇਸ ਮਾਮਲੇ ਵਿੱਚ ਥਾਣਾ ਸਿਟੀ ਦੇ ਮੁਖੀ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਲੜਕੀ ਦੇ ਪਿਤਾ ਪੂਰਨ ਕੁਮਾਰ ਦੇ ਬਿਆਨਾਂ ਤੇ ਮ੍ਰਿਤਕਾ ਲੜਕੀ ਦੇ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ (ਪਤੀ ਮੋਹਿਤ ਤੋਂ ਇਲਾਵਾ ਮੋਹਿਤ ਦਾ ਭਰਾ ਰੋਹਿਤ, ਸੱਸ ਸੁਨੀਤਾ ਦੇਵੀ ਅਤੇ ਭਾਬੀ ਆਂਚਲ) ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

