ਗਾਜ਼ਾ ਦੇ ਹੱਕ ‘ਚ ਉੱਠੀ ਕਲਮਦਾਨਾਂ ਦੀ ਅਵਾਜ਼! ਪੁਸਤਕ ‘ਮੈਂ ਗਾਜਾ ਕਹਿਨਾ’ ਲੋਕ ਅਰਪਣ
ਪਟਿਆਲਾ
ਅਦਾਰਾ ਪਰਵਾਜ਼ ਦੀ ਪਟਿਆਲਾ ਇਕਾਈ ਵੱਲੋਂ ਪ੍ਰਭਾਤ ਪਰਵਾਨਾ ਹਾਲ ਪਟਿਆਲਾ ਵਿੱਚ ਡਾ. ਅਰਵਿੰਦਰ ਕੌਰ ਕਾਕੜਾ ਅਤੇ ਅਜਮੇਰ ਸਿੱਧੂ ਵੱਲੋਂ ਸੰਪਾਦਿਤ ਕਾਵਿ ਪੁਸਤਕ ‘ਮੈਂ ਗਾਜਾ ਕਹਿਨਾ’ ਲੋਕ ਅਰਪਣ ਕੀਤੀ ਗਈ ਤੇ ਪੁਸਤਕ ਬਾਰੇ ਸੰਵਾਦ ਰਚਾਇਆ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਰਾਜਿੰਦਰ ਪਾਲ ਬਰਾੜ ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਮੁੱਖ ਮਹਿਮਾਨ ਵਜੋਂ ਆਲੋਚਕ ਤੇ ਚਿੰਤਕ ਡਾ. ਸੁਰਜੀਤ ਸਿੰਘ ਭੱਟੀ ਨੇ ਸ਼ਿਰਕਤ ਕੀਤੀ।
ਸਮਾਗਮ ਦੇ ਮੁੱਖ ਬੁਲਾਰੇ ਵਜੋਂ ਡਾ.ਭੀਮਇੰਦਰ ਸਿੰਘ ਪ੍ਰੋਫ਼ੈਸਰ ਤੇ ਡਾਇਰੈਕਟਰ ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹਾਜ਼ਰੀ ਭਰੀ। ਸਭ ਤੋਂ ਪਹਿਲਾਂ ਬਲਬੀਰ ਜਲਾਲਾਬਾਦੀ ਨੇ ਸਭ ਨੂੰ ਜੀ ਆਇਆਂ ਕਿਹਾ ਤੇ ਇਸ ਪੁਸਤਕ ਵਿੱਚ ਸ਼ਾਮਲ ਸਾਰੇ ਕਵੀਆਂ ਨੂੰ ਮੁਬਾਰਕਾਂ ਦੇ ਕੇ ਇਸ ਸਮਾਗਮ ਦੀ ਕਾਰਵਾਈ ਸ਼ੁਰੂ ਕੀਤੀ। ਪੁਸਤਕ ਦੇ ਸੰਪਾਦਕ ਡਾ. ਅਰਵਿੰਦਰ ਕੌਰ ਕਾਕੜਾ ਨੇ ਦੱਸਿਆ ਇਸ ਪੁਸਤਕ ਤੇ ਜਰੀਏ ਅਸੀਂ ਗਾਜ਼ਾ ਵਿੱਚ ਅਮਰੀਕਾ ਦੀ ਸ਼ਹਿ ‘ਤੇ ਇਜ਼ਰਾਈਲ ਦੁਆਰਾ ਕੀਤੀ ਜਾ ਰਹੀ ਨਸ਼ਲਕੁਸ਼ੀ ਦੇ ਵਿਰੁੱਧ ਅਵਾਜ਼ ਉਠਾਈ ਹੈ।
ਆਪਣੀ ਹੋਂਦ ਦੀ ਲੜਾਈ ਲੜਣ ਵਾਲੇ ਲੋਕਾਂ ਦੇ ਹੱਕ ਵਿੱਚ ਖੜੀ ਇਹ ਪੰਜਾਬੀ ਕਵਿਤਾ ਇਸ ਪੁਸਤਕ ਦੇ ਜ਼ਰੀਏ ਗਾਜ਼ਾ ਦੀ ਧਿਰ ਬਣਦੀ ਹੈ। ਗਾਜ਼ਾ ਵਿੱਚ ਜਾਨਾਂ ਗੁਆਉਣ ਵਾਲੇ ਬੇਕਸੂਰ ਬਸ਼ਿੰਦਿਆਂ ,ਕਵੀਆਂ,ਲੇਖਕਾਂ, ਪੱਤਰਕਾਰਾਂ ਤੇ ਰੰਗ ਕਰਮੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਪੁਸਤਕ ਲੋਕ ਅਰਪਣ ਕਰਨ ਤੋਂ ਬਾਅਦ ਕਵੀਆਂ ਨੇ ਆਪਣੀਆਂ ਕਵਿਤਾਵਾਂ ਰਾਹੀ ਗਾਜ਼ਾ ਪ੍ਰਤੀ ਆਪਣੀ ਸੰਵੇਦਨਾ ਦਾ ਇਜ਼ਹਾਰ ਕੀਤਾ।
ਮੁਖ ਬੁਲਾਰੇ ਡਾ. ਭੀਮਇੰਦਰ ਸਿੰਘ ਨੇ ਪੁਸਤਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਯੁੱਗ ਦੀ ਸਭ ਤੋਂ ਵੱਡੀ ਚੁਣੌਤੀ ਪੂੰਜੀਵਾਦੀ ਸਾਮਰਾਜ ਹੈ ਜਿਸਦੀ ਦਹਿਸ਼ਤ ਨੇ ਖੌਫ਼, ਭੈਅ ਤੇ ਅਸ਼ਾਂਤੀ ਨੂੰ ਜਨਮ ਦਿੱਤਾ ਹੈ। ਸਾਮਰਾਜੀ ਦਹਿਸ਼ਤ ਦੇ ਅਨੇਕਾਂ ਘਿਨਾਉਣੇ ਦ੍ਰਿਸ਼ ਸਾਡੇ ਸਾਹਮਣੇ ਹਨ। ਉਹਨਾਂ ਨੇ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਵਿੱਚ ਲੱਗੀਆਂ ਜੰਗਾਂ ਦੇ ਇਤਿਹਾਸ ਬਾਰੇ ਵੀ ਵਿਸਥਾਰ ਸਹਿਤ ਆਪਣੇ ਵਿਚਾਰ ਰੱਖੇ। ਮੁੱਖ ਮਹਿਮਾਨ ਡਾ.ਸੁਰਜੀਤ ਭੱਟੀ ਨੇ ਕਿਹਾ ਕਿ ਇਹ ਪੁਸਤਕ ਮਾਨਵੀ ਸੰਵੇਦਨਾਵਾਂ ਦਾ ਉਹ ਦਸਤਾਵੇਜ਼ ਹੈ ਜੋਂ ਕਾਵਿ ਦਾਇਰੇ ਵਿੱਚ ਆਪਣਾ ਨਾਮ ਲਿਖਵਾਏਗਾ। ਉਹਨਾਂ ਨੇ ਕਿਹਾ ਕਿ ਗਾਜ਼ਾ ਦੇ ਹੱਕ ਵਿੱਚ ਉਠਾਈ ਗਈ ਪਟਿਆਲੇ ਦੀ ਆਵਾਜ਼ ਇਸ ਪੁਸਤਕ ਜ਼ਰੀਏ ਦੁਨੀਆਂ ਦੇ ਹਰ ਕੋਨੇ ਵਿੱਚ ਜਾਵੇਗੀ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ.ਬਰਾੜ ਨੇ ਪੁਸਤਕ ਦੇ ਸੰਪਾਦਕਾਂ ਨੂੰ ਮੁਬਾਰਕਾਂ ਦਿੰਦਿਆਂ ਸਮੁੱਚੇ ਸਮਾਗਮ ਨੂੰ ਸਾਰਥਕ ਦੱਸਿਆ। ਉਹਨਾਂ ਨੇ ਕਿਹਾ ਕਿ ਜੰਗ ਆਪਣੇ ਨਾਲ ਬਹੁਤ ਕੁਝ ਲੈ ਕੇ ਆਉਂਦੀ ਹੈ। ਵਿਸ਼ਵ ਵਿੱਚ ਧਰਮ, ਜਾਤ, ਨਸਲ ਦੇ ਨਾਂ ‘ਤੇ ਹੁੰਦੀਆਂ ਲੜਾਈਆਂ ਲੋਕਾਂ ਅੰਦਰ ਨਫ਼ਰਤ, ਦਰਿੰਦਗੀ ਅਤੇ ਬੇਅਰਾਮਤਾ ਵਰਗੀਆਂ ਕਈ ਅਲਾਮਤਾਂ ਪੈਦਾ ਕਰਦੀਆਂ ਹਨ।ਪਰ ਅੱਜ ਸੁਆਲ ਇਹ ਹੈ ਕਿ ਇਹਨਾਂ ਲੜਾਈਆਂ ਦਾ ਮੁਕਾਬਲਾ ਕਰਨ ਲਈ ਸਾਨੂੰ ਨਵੇਂ ਤੌਰ ਤਰੀਕੇ ਲੱਭਣੇ ਪੈਣਗੇ।
ਸਮਾਗਮ ਵਿੱਚ ਜੁਝਾਰਵਾਦੀ ਕਵੀ ਦਰਸ਼ਨ ਖਟਕੜ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ ਕੁਲਦੀਪ ਦੀਪ, ਅਮਰਜੀਤ ਕੌਂਕੇ, ਧਰਮ ਕੰਮੇਆਣਾ, ਬਲਵਿੰਦਰ ਸੰਧੂ, ਡਾ ਸੰਤੋਖ ਸੁੱਖੀ, ਸੰਦੀਪ ਜਸਵਾਲ, ਤਰਲੋਚਨ ਮੀਰ, ਚਰਨਜੀਤ ਜੋਤ, ਕੁਲਵਿੰਦਰ ਚਾਵਲਾ, ਅਵਤਾਰਜੀਤ, ਬਚਨ ਸਿੰਘ ਗੁਰਮ, ਹਰਪ੍ਰੀਤ ਸੰਧੂ, ਨਰਿੰਦਰ ਪਾਲ ਕੌਰ, ਕੁਲਵੰਤ ਸੈਦੋਕੇ,ਸੁਖਮਿੰਦਰ ਸੇਖੋਂ, ਜਸਵਿੰਦਰ ਖਾਰਾ, ਗੁਰਮੁੱਖ ਸਿੰਘ ਆਦਿ ਨੇ ਆਪਣੀਆਂ ਇਸ ਪੁਸਤਕ ਵਿੱਚ ਸ਼ਾਮਿਲ ਭਾਵ ਪੂਰਵਕ ਕਵਿਤਾਵਾਂ ਸੁਣਾਈਆਂ। ਇਹਨਾਂ ਸਾਰੇ ਕਵੀਆਂ ਨੂੰ ਪੁਸਤਕ ਸੰਪਾਦਕਾਂ ਨੇ ‘ਮੈਂ ਗਾਜ਼ਾ ਕਹਿਨਾ’ ਪੁਸਤਕ ਭੇਟ ਕੀਤੀ।
ਅਦਾਰਾ ਪਰਵਾਜ਼ ਪੰਜਾਬ ਵੱਲੋਂ ਅਜਮੇਰ ਸਿੱਧੂ ਕਹਾਣੀਕਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਅਦਾਰਾ ਪਰਵਾਜ ਦਾ ਮੁੱਖ ਮਕਸਦ ਸਮਾਜ ਦੇ ਵਰਤਾਰੇ ਸਬੰਧੀ ਲੇਖਕਾਂ ਦੀ ਭੂਮਿਕਾ ਦਾ ਵੱਧ ਤੋਂ ਵੱਧ ਪ੍ਰਸਾਰ ਕਰਨਾ ਹੈ ਅਤੇ ਅਮਾਨਵੀ ਵਰਤਾਰੇ ਦੇ ਵਿਰੁੱਧ ਸ਼ਾਬਦਿਕ ਲੜਾਈ ਲੜਨੀ ਹੈ। ਸਮੁੱਚੇ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਚੰਨ ਪਟਿਆਲਵੀ, ਡਾ ਜੀ ਐਸ ਆਨੰਦ ਗੁਰਦਰਸ਼ਨ ਸਿੰਘ ਗੁਸੀਲ, ਦਰਸ਼ਨ ਸਿੰਘ ਤੇ ਅਦਾਰਾ ਪਟਿਆਲਾ ਦਾ ਯੋਗਦਾਨ ਰਿਹਾ।ਡਾ.ਚਰਨਜੀਤ ਕੌਰ, ਗੁਰਚਰਨ ਪੱਬਾਰਾਲੀ, ਬਲਵਿੰਦਰ ਭੱਟੀ, ਡਾ ਇੰਦਰ ਪਾਲ ਸਿੰਘ, ਸੁਖਵਿੰਦਰ ਕੌਰ, ਜਸਵਿੰਦਰ ਕੌਰ, ਆਦਿ ਸ਼ਾਮਿਲ ਹੋਏ।

