ਸਿੱਖਿਆ ਵਿਭਾਗ ਨੇ ਚਾੜ੍ਹੇ ਹੁਕਮ: ਖੇਡਾਂ, SMC ਟ੍ਰੇਨਿੰਗਾਂ ਅਤੇ ਪ੍ਰੀਖਿਆਵਾਂ ਕਰਾਓ ਨਾਲ਼ੋ-ਨਾਲ਼
ਅਧਿਆਪਕ ਇੱਕੋ ਸਮੇਂ ਪ੍ਰੀਖਿਆਵਾਂ ਲੈਣ, ਖੇਡਾਂ ਕਰਵਾਉਣ, ਐੱਸ.ਐੱਮ.ਸੀ. ਟ੍ਰੇਨਿੰਗਾਂ ਕਰਨ ਜਾਂ ਬੀ.ਐੱਲ.ਓ. ਡਿਊਟੀ ਕਰਨ? ਡੀ.ਟੀ.ਐੱਫ਼.
ਅੰਮ੍ਰਿਤਸਰ
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ਼.) ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੂਬਾ ਸਕੱਤਰ ਮਹਿੰਦਰ ਕੌੜਿਆਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਸੂਬਾ ਕਮੇਟੀ ਮੈਂਬਰ ਤੇ ਜ਼ਿਲ੍ਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਨੇ ਸਿਖਿਆ ਵਿਭਾਗ ਵਲੋਂ ਬਗੈਰ ਕੋਈ ਵਿਦਿਅਕ ਕੈਲੰਡਰ ਬਣਾਏ ਅਧਿਆਪਕਾਂ ਨੂੰ ਇੱਕੋ ਸਮੇਂ ਵੱਖ-ਵੱਖ ਕੰਮਾਂ ਵਿੱਚ ਉਲਝਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ।
ਉਹਨਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਸੂਬੇ ਦੇ ਸਕੂਲਾਂ ਵਿੱਚ ਸਤੰਬਰ ਮਹੀਨੇ ਦੀਆਂ ਟਰਮ ਪ੍ਰੀਖਿਆਵਾਂ ਚੱਲ ਰਹੀਆਂ ਹਨ ਜੋ ਕਿ ਅਗਲੇ ਹਫ਼ਤੇ ਤੱਕ ਚਲਣਗੀਆਂ ਅਤੇ ਸੋਮਵਾਰ ਤੋਂ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸ਼ੁਰੂ ਹੋ ਰਹੀਆਂ ਹਨ। ਸਿੱਖਿਆ ਵਿਭਾਗ ਨੇ ਜਿਨ੍ਹਾਂ ਦਿਨਾਂ ਵਿੱਚ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਕਰਵਾਉਣ ਦੇ ਹੁਕਮ ਦਿੱਤੇ ਸਨ ਹੁਣ ਉਨ੍ਹਾਂ ਦਿਨਾਂ ਵਿੱਚ ਹੀ ਸਕੂਲਾਂ ਵਿੱਚ ਨਵੀਆਂ ਬਣੀਆਂ ਸਕੂਲ ਮੈਨੇਜਮੈਂਟ ਕਮੇਟੀਆਂ (ਐੱਸ.ਐੱਮ.ਸੀ.) ਦੀਆਂ ਟ੍ਰੇਨਿੰਗਾਂ ਕਰਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਵਰਨਣਯੋਗ ਹੈ ਕਿ ਵਿਦਿਆਰਥੀਆਂ ਦੇ ਸਤੰਬਰ ਟਰਮ ਪ੍ਰੀਖਿਆਵਾਂ ਦੇ ਨਾਲ ਹੀ ਚੋਣ ਕਮਿਸ਼ਨ ਵਲੋਂ ਪਹਿਲਾਂ ਹੀ ਸੂਬੇ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸ.ਆਈ.ਆਰ.) ਦਾ ਕੰਮ ਚੱਲ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਬੀ.ਐੱਲ.ਓ. ਵਜੋਂ ਡਿਊਟੀਆਂ ਨਿਭਾ ਰਹੇ ਹਨ ਜਿਨ੍ਹਾਂ ਨੂੰ ਕਿ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਪਹਿਲਾਂ ਹੀ ਸਕੂਲਾਂ ਤੋਂ ਫ਼ਾਰਗ ਕਰਵਾ ਕੇ ਬੀ.ਐੱਲ.ਓ. ਦੇ ਕੰਮਾਂ ਉੱਤੇ ਤਾਇਨਾਤ ਕੀਤਾ ਹੋਇਆ ਹੈ।
ਅਜਿਹੇ ਵਿੱਚ ਅਧਿਆਪਕਾਂ ਦਾ ਕਹਿਣਾ ਹੈ ਕਿ ਓਹ ਇਸ ਭੰਬਲਭੂਸੇ ਵਿੱਚ ਫ਼ਸੇ ਹਨ ਕਿ ਓਹ ਆਪਣੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਲੈ ਕੇ ਜਾਣ, ਐੱਸ.ਐੱਮ.ਸੀ. ਦੀਆਂ ਟ੍ਰੇਨਿੰਗਾਂ ਵਿੱਚ ਭਾਗ ਲੈਣ ਜਾਂ ਬੀ.ਐੱਲ.ਓ. ਡਿਊਟੀ ਕਰਨ?
ਡੀ.ਟੀ.ਐਫ ਅੰਮ੍ਰਿਤਸਰ ਦੇ ਆਗੂਆਂ ਨਿਰਮਲ ਸਿੰਘ ,ਰਜੇਸ਼ ਪਰੈਸ਼ਰ ,ਕੁਲਦੀਪ ਵਰਨਾਲੀ , ਬਿਕਰਮਜੀਤ ਸਿੰਘ ਭੀਲੋਵਾਲ ,ਬਿਕਰਮ ਸਿੰਘ ਦਿਆਲਪੁਰਾ, ਰਾਜੇਸ਼ ਕੁੰਦਰਾ, ਪਰਮਿੰਦਰ ਸਿੰਘ , ਨਵਤੇਜ ਸਿੰਘ , ਮਨਪ੍ਰੀਤ ਸਿੰਘ, ਗੁਰਕਿਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਸੂਬੇ ਦੀ ਸਿੱਖਿਆ ਨੂੰ ਲੈ ਕੇ ਜ਼ਰਾ ਵੀ ਗੰਭੀਰ ਨਹੀਂ ਹੈ ਜਿਸਦੀ ਤਾਜ਼ਾ ਮਿਸਾਲ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਉੱਤੇ ਇੱਕੋ ਸਮੇਂ ਕਈ ਕੰਮ ਥੋਪਣਾ ਹੈ।
ਸੂਬੇ ਦੀਆਂ ਬਹੁਤ ਸਾਰੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਪੰਜਾਬ ਸਰਕਾਰ ਵੱਲੋਂ ਸਿਆਸੀ ਦਖਲ ਅੰਦਾਜੀ ਦੇ ਅਜੰਡੇ ਤਹਿਤ ਨਿਯਮਾਂ ਵਿੱਚ ਕੀਤੀਆਂ ਗੈਰ ਵਾਜਬ ਤਬਦੀਲੀਆਂ ਰਾਹੀਂ ਆਪਣੇ ਸਿਆਸੀ ਚਹੇਤਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਿਹਨਾਂ ਨੂੰ ਸਰਕਾਰੀ ਫੰਡਾਂ ‘ਤੇ ਸਟੇਟ ਪੱਧਰ ਦੀਆਂ ਟ੍ਰੇਨਿੰਗਾਂ ਲਗਾਵਾਉਣ ਪਿੱਛੋਂ ਹੁਣ ਹੇਠਲੇ ਪੱਧਰ ‘ਤੇ ਟ੍ਰੇਨਿੰਗਾਂ ਲਈ ਤਿਆਰ ਕੀਤਾ ਜਾ ਰਿਹਾ ਹੈ।
ਅਜਿਹਾ ਕਰਦੇ ਹੋਏ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਬੇਲੋੜੇ ਸਿਆਸੀ ਦਖ਼ਲ ਨੂੰ ਹਵਾ ਦਿੱਤੀ ਜਾ ਰਹੀ ਹੈ, ਦੂਜੇ ਪਾਸੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਇੱਕੋ ਸਮੇਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਉਲਝਾ ਕੇ ਸਕੂਲਾਂ ਦਾ ਵਿਦਿਅਕ ਮਾਹੌਲ ਲੀਰੋ ਲੀਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਲੰਮੇ ਸਮੇਂ ਤੋਂ ਮੰਗ ਕਰਦੀ ਆ ਰਹੀ ਹੈ ਸੂਬੇ ਦੇ ਸਕੂਲਾਂ ਦਾ ਵਿੱਦਿਅਕ ਅਤੇ ਖੇਡ ਕੈਲੰਡਰ ਹਰ ਵਰ੍ਹੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਸਮੇਂ ਹੀ ਬਣ ਕੇ ਜਾਰੀ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਅਧਿਆਪਕ ਅਤੇ ਵਿਦਿਆਰਥੀ ਅਜਿਹੀਆਂ ਘੁੰਮਣਘੇਰੀਆਂ ਵਿੱਚ ਨਾ ਪੈਣ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੱਕੋ ਸਮੇਂ ਇੱਕ ਹੀ ਕੰਮ ਕਰਵਾਇਆ ਜਾਵੇ।

