Punjab News- ਹੜ੍ਹਾਂ ਦੇ ਪੱਕੇ ਹੱਲ ਲਈ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਨੌਜਵਾਨਾਂ ਵੱਲੋਂ ਮੋਟਰਸਾਈਕਲ ਮਾਰਚ
Punjab News- ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕ 03 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਡੀ ਸੀ ਫਾਜ਼ਿਲਕਾ ਦਾ ਕਰਨਗੇ ਘਿਰਾਓ
Punjab News- ਕੱਚੀਆਂ ਜਮੀਨਾਂ ਦੇ ਮਾਲਕੀ ਹੱਕ ਲੈਣ, ਫਸਲਾਂ, ਘਰਾਂ, ਪਸ਼ੂਆਂ ਤੇ ਮਨੁੱਖਾਂ ਦੇ ਨੁਕਸਾਨ ਦੀ ਭਰਪਾਈ ਲਈ ਢੁੱਕਵੀਂ ਮੁਆਵਜ਼ਾ ਨੀਤੀ ਬਣਾਉਣ, ਪਾਣੀਆਂ ਦੀ ਵੰਡ ਰਿਪੇਰੀਅਨ ਸਿਧਾਂਤ ਮੁਤਾਬਕ ਕਰਨ, ਡੈਮਾਂ ‘ਤੇ ਕੰਟਰੋਲ, ਵਿਕਸਿਤ ਨਹਿਰੀ ਢਾਂਚੇ ਤੇ ਬਾਰਿਸ਼ ਦੇ ਪਾਣੀ ਦੀ ਸਾਂਭ ਸੰਭਾਲ ਲਈ ਨੀਤੀ ਬਣਵਾਉਣ ਸਮੇਤ ਹੋਰਨਾਂ ਹੱਕੀ ਮੰਗਾਂ ਦੇ ਹੱਲ ਲਈ ਕਿਰਤੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਮਹਾਤਮ ਨਗਰ ਅਨਾਜ ਮੰਡੀ ਵਿੱਚ ਨੌਜਵਾਨਾਂ ਦਾ ਵੱਡਾ ਇਕੱਠ ਕਰਕੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵਿਸ਼ਾਲ ਮੋਟਰਸਾਈਕਲ ਮਾਰਚ ਕੀਤਾ ਗਿਆ ਅਤੇ ਹਰੇਕ ਪਿੰਡ ਜਾ ਕੇ 03 ਅਕਤੂਬਰ ਨੂੰ ਡੀਸੀ ਫਾਜਿਲਕਾ ਦੇ ਹੋ ਰਹੇ ਘਿਰਾਓ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਚੱਕ ਸੈਦੋਕੇ ਤੇ ਜ਼ਿਲ੍ਹਾ ਸਕੱਤਰ ਮਨਦੀਪ ਸਿੰਘ ਚੱਕ ਸੈਦੋ ਕੇ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਧੀਰਜ ਫਾਜ਼ਿਲਕਾ ਤੇ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਮੁਹਾਰਖੀਵਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਜਨਰਲ ਸਕੱਤਰ ਮਹਿੰਦਰ ਕੌੜੀਆ ਵਾਲੀ ਤੇ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਫਾਜ਼ਿਲਕਾ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਰਾਜਨ ਮੁਹਾਰਸੋਨਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਸਾਡੀਆਂ ਸਰਕਾਰਾਂ ਲੋਕ ਵਿਰੋਧੀ ਅਤੇ ਸਾਮਰਾਜੀ ਕਾਰਪੋਰੇਟ ਪੱਖੀ ਵਿਕਾਸ ਮਾਡਲ ਲਾਗੂ ਕਰਨ ਲੱਗੀ ਹੋਈ ਹੈ। ਜਿਸ ਦੇ ਤਹਿਤ ਹੀ ਸੜਕਾਂ ਦਾ ਵੱਡੇ ਪੱਧਰ ਤੇ ਨਿਰਮਾਣ ਕਰਨ ਲਈ ਜੰਗਲਾਂ ਅਤੇ ਪਹਾੜਾਂ ਦੀ ਕਟਾਈ ਕੀਤੀ ਜਾ ਰਹੀ ਹੈ। ਜਿਸ ਕਾਰਨ ਬੱਦਲ ਫਟਣ ਦੀਆਂ ਘਟਨਾਵਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਦੂਜੇ ਪਾਸੇ ਕੇਂਦਰ ਸਰਕਾਰ ਨੇ ਡੈਮ ਸੇਫਟੀ ਐਕਟ ਬਣਾ ਕੇ ਪੰਜਾਬ ਦੇ ਦਰਿਆਵਾਂ ਅਤੇ ਡੈਮਾਂ ਤੇ ਪੂਰਨ ਅਧਿਕਾਰ ਆਪਣੇ ਹੇਠ ਲੈ ਲਿਆ ਹੈ ਜੋਂ ਕਿ ਰਾਜਾਂ ਦੇ ਅਧਿਕਾਰਾਂ ਦਾ ਬਹੁਤ ਵੱਡਾ ਘਾਣ ਹੈ। ਇਸ ਦੇ ਨਾਲ ਹੀ ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਦੇਣ ਲਈ ਪੰਜਾਬ ਦੇ ਡੈਮਾਂ ਨੂੰ ਨੱਕੋ ਨੱਕ ਭਰ ਕੇ ਸਟੋਰ ਰੱਖਿਆ ਜਾਂਦਾ ਹੈ ਅਤੇ ਵੱਧ ਬਰਸਾਤ ਆਉਣ ਤੇ ਲੱਖਾਂ ਕਿਉਸਿਕ ਪਾਣੀ ਪੰਜਾਬ ਨੂੰ ਡੋਬਣ ਲਈ ਛੱਡ ਦਿੱਤਾ ਜਾਂਦਾ ਹੈ। ਜਿਸ ਕਰਕੇ ਵਾਤਾਵਰਨ ਪੱਖੀ ਕੁਦਰਤੀ ਵਿਕਾਸ ਮਾਡਲ ਲਾਗੂ ਹੋਣਾ ਅਤੇ ਪੰਜਾਬ ਦੇ ਪਾਣੀਆਂ ਉਪੱਰ ਪੰਜਾਬ ਦਾ ਹੱਕ ਤੇ ਪਾਣੀ ਦੀ ਵੰਡ ਰਿਪੇਰੀਅਨ ਸਿਧਾਂਤ ਮੁਤਾਬਕ ਹੋਣੀ ਲਾਜ਼ਮੀ ਹੈ।
ਇਸ ਦੇ ਨਾਲ ਹੀ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਮੀਤ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਆਦਿਤਿਆ ਫਾਜ਼ਿਲਕਾ ਤੇ ਦਿਲਕਰਨ ਰਤਨਪੁਰਾ, ਡੇਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਆਗੂ ਨੌਰੰਗ ਲਾਲ, ਨੌਜਵਾਨ ਭਾਰਤ ਸਭਾ ਦੇ ਆਗੂ ਜੈਮਲ ਸਿੰਘ, ਸੁਖਦੇਵ ਸਿੰਘ ਨੇ ਕਿਹਾ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਆਏ ਸਾਲ ਹੜ੍ਹਾਂ ਦੀ ਇਸ ਭੈੜੀ ਮਾਰ ਨੂੰ ਝੱਲਣਾ ਪੈਂਦਾ ਹੈ ਪਰ ਦੂਜੇ ਪਾਸੇ ਸਰਕਾਰ ਇਸ ਸਮੱਸਿਆ ਦਾ ਕੋਈ ਹੱਲ ਕਰਨ ਨੂੰ ਤਿਆਰ ਨਹੀਂ ਹੈ।
ਸਿਰਫ਼ ਨਿਗੂਣੇ ਜਿਹੇ ਮੁਆਵਜੇ ਦੇਣ ਦੇ ਐਲਾਨ ਕਰਕੇ ਆਪਣਾ ਪੱਲਾ ਝਾੜ ਰਹੀ ਹੈ। ਜਦਕਿ ਇੱਥੋਂ ਦੇ ਵਸਨੀਕਾਂ ਦੀਆਂ ਅੱਧੇ ਨਾਲੋ ਵੱਧ ਜਮੀਨਾਂ ਕੱਚੀਆ ਹਨ ਤੇ ਇਥੋਂ ਦੇ ਲੋਕਾਂ ਨੂੰ ਇਹਨਾਂ ਕੱਚੀਆ ਜ਼ਮੀਨਾਂ ਦਾ ਮੁਆਵਜਾ ਬਿਲਕੁੱਲ ਵੀ ਨਹੀਂ ਮਿਲਦਾ। ਇਸ ਸਾਲ ਦਾ ਮੁਆਵਜਾ ਤਾ ਦੂਰ ਹੁਣ ਤੱਕ ਲੋਕ ਪਿਛਲੇ ਸਾਲ ਆਏ ਹੜ੍ਹਾਂ ਦੇ ਮੁਆਵਜੇ ਦੀ ਉਡੀਕ ਵਿੱਚ ਹਨ। ਇਸ ਦੇ ਨਾਲ ਹੀ ਆਗੂਆਂ ਨੇ ਇਹ ਵੀ ਕਿਹਾ ਕਿ ਇਹਨਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਦਿਆਰਥੀ ਆਪਣੇ ਸਕੂਲਾਂ ਕਾਲਜਾਂ ਵਿੱਚ ਦਾਖ਼ਲੇ ਲੈਣ ਤੋਂ ਵਾਂਝੇ ਰਹਿ ਗਏ ਹਨ ਤੇ ਇਹ ਵਿਦਿਆਰਥੀ ਆਪਣੀਆਂ ਫ਼ੀਸਾਂ ਭਰਨ ਤੋਂ ਅਸਮਰਥ ਹਨ। ਜਿਸ ਕਰਕੇ ਇਹਨਾਂ ਵਿਦਿਆਰਥੀਆਂ ਦੀ ਫੀਸ ਮਾਫ਼ੀ ਵੀ ਹੋਣੀ ਚਾਹੀਦੀ ਹੈ।
ਅੰਤ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵੱਡੀ ਲਾਮਬੰਦੀ ਕਰਕੇ 3 ਅਕਤੂਬਰ ਨੂੰ ਡੀ ਸੀ ਫਾਜ਼ਿਲਕਾ ਦਾ ਘਿਰਾਓ ਕੀਤਾ ਜਾਵੇਗਾ। ਜਿਸ ਦਾ ਪਿੰਡ ਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਇਸ ਮੌਕੇ ਇਹਨਾਂ ਹੜ੍ਹ ਪ੍ਰਭਾਵਿਤ ਪਿੰਡਾਂ ਤੋਂ ਕੁਲਵਿੰਦਰ ਸਿੰਘ, ਸਨਮ, ਮਨਪ੍ਰੀਤ ਸਿੰਘ, ਸੰਜੀਵ ਸਿੰਘ, ਰਣਜੀਤ ਸਿੰਘ, ਗੁਰਸੇਵਕ ਸਿੰਘ, ਜਸਵੀਰ ਸਿੰਘ, ਗੁਰਵਿੰਦਰ ਸਿੰਘ, ਨਿਰਮਲ ਸਿੰਘ, ਸਕੰਦਰ ਸਿੰਘ, ਜਗਰੂਪ ਸਿੰਘ, ਰਮਨ, ਜਸਵਿੰਦਰ ਸਿੰਘ, ਰਾਜਪ੍ਰੀਤ ਸਿੰਘ,ਸੁਨੀਲ, ਅਰਸ਼ਦੀਪ ਸਿੰਘ, ਸੁਰਜੀਤ ਸਿੰਘ,ਲਵਜੀਤ ਸਿੰਘ ਅਤੇ ਹੋਰ ਵੀ ਨੌਜਵਾਨ ਹਾਜ਼ਰ ਸਨ।

