ਬਦਲਾਅ ਦਾ ਚੇਹਰਾ ਬੇਨਕਾਬ; ਸਿੱਖਿਆ ਕ੍ਰਾਂਤੀ ਫ਼ੇਲ੍ਹ! ਸਰਕਾਰੀ ਸਕੂਲ ‘ਚ ਇੱਕ ਅਧਿਆਪਕ ਹੀ ਪੜ੍ਹਾ ਰਿਹੈ 82 ਬੱਚਿਆਂ ਨੂੰ ਸਾਰੇ ਵਿਸ਼ੇ
ਕੋਈ ਅਧਿਕਾਰੀ ਨਹੀਂ ਸੁਣ ਰਿਹਾ ਪ੍ਰਬੰਧਕ ਕਮੇਟੀ ਦੀ ਗੱਲ
ਫਗਵਾੜਾ
ਸਰਕਾਰੀ ਮਿਡਲ ਸਕੂਲ ਪਲਾਹੀ (ਫਗਵਾੜਾ) ਵਿਖੇ ਇਕੋ ਇਕ ਸਾਇੰਸ ਟੀਚਰ ਛੇਵੀਂ, ਸੱਤਵੀਂ, ਅੱਠਵੀਂ ਦੇ 82 ਵਿਦਿਆਰਥੀਆਂ ਦੀ ਸਾਰੇ ਵਿਸ਼ਿਆਂ ਦੀ ਪੜ੍ਹਾਈ ਕਰਵਾ ਰਿਹਾ ਹੈ, ਜਿਸਨੂੰ ਹਰ ਸ਼ੁਕਰਵਾਰ, ਸ਼ਨੀਵਾਰ ਸਿਰਫ਼ ਥੋੜ੍ਹਾ ਜਿਹਾ ਸਾਹ ਦੇਣ ਲਈ ਕੰਪਿਊਟਰ ਟੀਚਰ ਆ ਜਾਂਦਾ ਹੈ।
ਇਹ ਟੀਚਰ ਦਫ਼ਤਰੀ ਕੰਮ ਵੀ ਕਰਦਾ ਹੈ, ਸਕੂਲ ਦੀ ਦੇਖਭਾਲ ਵੀ ਕਰਦਾ ਹੈ, ਦੁਪਿਹਰ ਦਾ ਖਾਣਾ ਵੀ ਵਿਦਿਆਰਥੀਆਂ ਨੂੰ ਮੁਹੱਈਆ ਕਰਦਾ ਹੈ। ਇਸ ਸਕੂਲ ਵਿੱਚ 4 ਪੋਸਟਾਂ, ਹਿੰਦੀ, ਪੰਜਾਬੀ, ਸਾਇੰਸ ਅਤੇ ਸਮਾਜਿਕ ਸਿਖਿਆ ਪੜਾਉਣ ਦੀਆਂ ਮਨਜ਼ੂਰ ਹਨ। ਇਮਾਰਤ ਸੁੰਦਰ ਹੈ। ਪਿੰਡ ਵਲੋਂ ਪੂਰਾ ਸਹਿਯੋਗ ਹੈ।
ਸਰਕਾਰੀ ਪ੍ਰਾਇਮਰੀ ਸਕੂਲ ਪਲਾਹੀ ‘ਚ 206 ਵਿਦਿਆਰਥੀ ਹਨ, ਅੱਠ ਪੋਸਟਾਂ ਮਨਜ਼ੂਰ ਹਨ, ਜਿਹਨਾਂ ਵਿੱਚੋਂ ਸਿਰਫ਼ ਚਾਰ ਟੀਚਰ ਤਾਇਨਾਤ ਹਨ, ਬਾਕੀ 4 ਪੋਸਟਾਂ ਦੋ ਈ ਟੀ ਟੀ , ਇਕ ਪ੍ਰੀ ਪ੍ਰਾਇਮਰੀ ਅਤੇ ਇਕ ਸੀ.ਐਸ.ਟੀ ਖਾਲੀ ਹਨ।
ਸਰਕਾਰੀ ਮਿਡਲ ਸਕੂਲ ਮਾਣਕਾਂ ਦਾ ਵੀ ਇਹੋ ਹਾਲ ਹੈ, ਜਿਥੇ ਸਿਰਫ਼ ਇਕੋ ਇਕ ਅਧਿਆਪਕ 38 ਵਿਦਿਆਰਥੀਆਂ ਨੂੰ ਇਕੱਲਾ ਪੜ੍ਹਾ, ਖਿਡਾ ਰਿਹਾ ਹੈ ਅਤੇ ਦਫ਼ਤਰੀ ਆਨਲਾਈਨ ਕੰਮ ਵੀ ਪੂਰਾ ਕਰਵਾ ਰਿਹਾ ਹੈ। ਹੋਰ ਕੋਈ ਅਧਿਆਪਕ ਇਥੇ ਬਹੁੜਦਾ ਹੀ ਨਹੀਂ।
ਸਰਕਾਰੀ ਮਿਡਲ ਸਕੂਲ ਪਲਾਹੀ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਬਖ਼ਸ਼ ਕੌਰ, ਸੁਖਵਿੰਦਰ ਸਿੰਘ, ਸਨੀ ਚੰਦੜ੍ਹ, ਪੀਟਰ ਕੁਮਾਰ ਨੇ ਲਗਾਤਾਰ ਸਰਕਾਰੀ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਅਧਿਆਪਕ ਭੇਜੇ ਜਾਣ ਪਰ ਕੋਈ ਨਹੀਂ ਸੁਣ ਰਿਹਾ। ਉਹਨਾਂ ਇਲਾਕਾ ਇੰਚਾਰਜ ਹਰਨੂਰ ਸਿੰਘ ਮਾਨ ਤੋਂ ਮੰਗ ਕੀਤੀ ਕਿ ਉਹ ਦਖ਼ਲ ਦੇ ਕੇ ਪਲਾਹੀ ਅਤੇ ਮਾਣਕਾਂ ਸਕੂਲ ‘ਚ ਟੀਚਰ ਭੇਜਣ।

