ਪੰਜਾਬ ਸਰਕਾਰ ਨੇ ਅਧਿਆਪਕ ਪੜ੍ਹਾਈ ਤੋਂ ਹਟਾ ਕੇ ਹੋਰਨਾਂ ਕੰਮਾਂ ‘ਚ ਉਲਝਾਏ
Punjab News- ਹੜ ਕੰਟਰੋਲ ਡਿਊਟੀਆਂ, BLO, ਮਿਸਨ ਸਮਰੱਥ, ਖੇਡਾਂ, ਏਕ ਪੇੜ ਮਾਂ ਕੇ ਨਾਮ ਅਤੇ ਗੂਗਲ ਫਾਰਮ ਵਿੱਚ ਉਲਝੇ ਅਧਿਆਪਕ- ਅਮਨਦੀਪ ਸ਼ਰਮਾ
ਗੈਰ-ਵਿੱਦਿਅਕ ਕੰਮਾਂ ਤੋਂ ਛੁਟਕਾਰਾ ਦੇਣ ਵਾਲੀ ਸਰਕਾਰ ਵਿੱਚ ਲੱਗ ਰਹੀਆਂ ਹਨ ਵੱਧ ਡਿਊਟੀਆਂ- ਬੱਛੂਆਣਾ
Punjab News- ਅਧਿਆਪਕ ਦਾ ਸਬੰਧ ਬੱਚਿਆਂ ਨੂੰ ਪੜਾਉਣ ਤੱਕ ਹੁੰਦਾ ਹੈ। ਜਦੋਂ ਅਧਿਆਪਕ ਨੂੰ ਬੱਚਿਆਂ ਤੋਂ ਦੂਰ ਲਿਜਾ ਕੇ ਹੜ ਕੰਟਰੋਲ ਡਿਊਟੀਆਂ, ਬੀਐਲਓ ਡਿਊਟੀਆਂ, ਮਿਡ -ਡੇ- ਮੀਲ, ਗਰੀਨ ਸਕੂਲ ਪ੍ਰੋਗਰਾਮ, ਯੂ ਡਾਈਸ ਅਤੇ ਨਿਤ ਦੇ ਆ ਰਹੇ ਗੂਗਲ ਫਾਰਮ ਗੂਗਲ ਸੀਟਾਂ ਵਿੱਚ ਅਧਿਆਪਕਾਂ ਨੂੰ ਉਲਝਾਇਆ ਜਾ ਰਿਹਾ।
ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਰੋਜਾਨਾ ਅਧਿਆਪਕਾਂ ਦੀਆਂ ਤਹਿਸੀਲ ਪੱਧਰ ਤੇ ਹੜ ਕੰਟਰੋਲ ਡਿਊਟੀਆਂ ਲੱਗ ਰਹੀਆਂ ਹਨ। ਉਹਨਾਂ ਕਿਹਾ ਕਿ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਦੀਆਂ ਲੰਬੀਆਂ ਡਿਊਟੀਆਂ ਦੌਰਾਨ ਤਹਿਸੀਲ ਪੱਧਰ ਤੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ।
ਉਹਨਾਂ ਕਿਹਾ ਕਿ ਸਿਰਫ ਫੋਨ ਸੁਣਨ ਤੱਕ ਹੀ ਡਿਊਟੀ ਨੂੰ ਸੀਮਤ ਕੀਤਾ ਗਿਆ ਹੈ। ਅੱਜ ਟੈਕਨੋਲੋਜੀ ਦਾ ਯੁੱਗ ਹੈ ਹਰੇਕ ਅਧਿਆਪਕ ਕੋਲ ਆਪਣਾ ਮੋਬਾਈਲ ਫੋਨ ਹੈ ਜੇਕਰ ਡਿਊਟੀਆਂ ਲਗਾਉਣੀਆਂ ਹੀ ਹਨ ਤਾਂ ਉਸ ਅਧਿਆਪਕ ਦਾ ਫੋਨ ਨੰਬਰ ਦਿੱਤਾ ਜਾਵੇ ਅਤੇ ਉਸਨੂੰ ਉਸ ਸਮੇਂ ਦੌਰਾਨ ਡਿਊਟੀ ਲਈ ਪਾਬੰਦ ਕੀਤਾ ਜਾਵੇ।
ਜਥੇਬੰਦੀ ਪੰਜਾਬ ਦੇ ਜੋਆਇੰਟ ਸਕੱਤਰ ਰਕੇਸ਼ ਕੁਮਾਰ ਬਰੇਟਾ ਨੇ ਕਿਹਾ ਕਿ ਬੀਐਲਓ ਡਿਊਟੀਆਂ ਕਾਰਨ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਫਾਰਗ ਕੀਤਾ ਗਿਆ ਹੈ। ਜਿਸ ਕਾਰਨ ਉਹਨਾਂ ਦੀ ਕਲਾਸ ਦਾ ਨੁਕਸਾਨ ਹੋ ਰਿਹਾ ਹੈ। ਪੇਪਰਾਂ ਦੇ ਦਿਨਾਂ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਰੋਜਾਨਾ ਗਤੀਵਿਧੀਆਂ ਵੀ ਅਧਿਆਪਕ ਨੂੰ ਵਿਸ਼ੇ ਤੋਂ ਭਟਕਾ ਰਹੀਆਂ ਹਨ।
ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੂਆਣਾ ਨੇ ਕਿਹਾ ਕਿ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਤੋਂ ਛੋਟ ਦੇਣ ਵਾਲੀ ਸਰਕਾਰ ਵਿੱਚ ਅਧਿਆਪਕਾਂ ਦੀਆਂ ਵੱਡੇ ਪੱਧਰ ਤੇ ਡਿਊਟੀਆਂ ਲੱਗ ਰਹੀਆਂ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਪ੍ਰਕਾਰ ਦੀਆਂ ਡਿਊਟੀਆਂ ਤੋਂ ਛੋਟ ਦੇ ਕੇ ਅਧਿਆਪਕ ਨੂੰ ਸਿਰਫ ਤੇ ਸਿਰਫ ਬੱਚਿਆਂ ਤੱਕ ਕੇਂਦਰਿਤ ਕੀਤਾ ਜਾਵੇ।
ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਬਲਜੀਤ ਸਿੰਘ ਗੁਰਦਾਸਪੁਰ, ਰਘਵਿੰਦਰ ਸਿੰਘ ਧੂਲਕਾ, ਰਾਕੇਸ਼ ਗੋਇਲ ਬਰੇਟਾ,ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ, ਲਵਨੀਸ਼ ਗੋਇਲ ਨਾਭਾ, ਪਰਮਜੀਤ ਤੂਰ ਪਟਿਆਲਾ ,ਭਗਵੰਤ ਭਟੇਜਾ ਫਾਜ਼ਿਲਕਾ, ਰੇਸ਼ਮ ਦੌਦਰ ,ਹਿੰਦਾ ਮੋਗਾ, ਪਰਮਜੀਤ ਸਿੰਘ ਤਲਵੰਡੀ, ਜਸ਼ਨਦੀਪ ਕੁਲਾਣਾ, ਜਗਦੀਪ ਸਿੰਘ ਆਲਮਪੁਰ ਬੋਦਲਾ, ਕਮਲ ਗੋਇਲ ਸਨਾਮ, ਓਮ ਪ੍ਰਕਾਸ਼ ਗੋਇਲ, ਅਮਨਦੀਪ ਸਿੰਘ ਸੰਗਰੂਰ, ਸੁਖਬੀਰ ਸੰਗਰੂਰ, ਦੀਪਕ ਮੋਹਾਲੀ, ਮੱਖਣ ਜੈਨ ਪਟਿਆਲਾ ਆਦਿ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਨੂੰ ਸਿਰਫ ਸਿਲੇਬਸ ਹੀ ਪੜਾਇਆ ਜਾਵੇ ਅਤੇ ਅਧਿਆਪਕਾਂ ਨੂੰ ਪੜਾਉਣ ਤੱਕ ਸੀਮਤ ਰੱਖਿਆ ਜਾਵੇ ਅਤੇ ਬਾਕੀ ਡਿਊਟੀਆਂ ਹੋਰ ਵਿਭਾਗਾਂ ਵਿੱਚੋਂ ਲਈਆਂ ਜਾਣ।

