ਵੱਡਾ ਖ਼ੁਲਾਸਾ: ਪੰਜਾਬ ਦੇ ਇਨ੍ਹਾਂ ਸਰਕਾਰੀ ਸਕੂਲਾਂ ‘ਚੋਂ ਡਿਊਟੀ ਕਰਨ ਤੋਂ ਭੱਜਣ ਲੱਗੇ ਅਧਿਆਪਕ
Education News- ਪੰਜਾਬ ਸਰਕਾਰ ਲਗਾਤਾਰ ਇਸ ਗੱਲ ਦਾ ਦਾਅਵਾ ਕਰ ਰਹੀ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਇਸ ਨੂੰ ਲੈ ਕੇ ਦਾਖ਼ਲਾ ਮੁਹਿੰਮ ਚਲਾਈ ਗਈ ਤੇ ‘ਸਿੱਖਿਆ ਕ੍ਰਾਂਤੀ’ ਦੇ ਨਾਂ ਹੇਠ ਕਈ ਵੱਡੇ ਕੰਮ ਕਰਨ ਦਾ ਦਾਅਵਾ ਕੀਤਾ ਗਿਆ।
ਪੰਜਾਬੀ ਜਾਗਰਣ ਦੀ ਰਿਪੋਰਟ ਕਹਿੰਦੀ ਹੈ ਕਿ, ਸਰਹੱਦੀ ਇਲਾਕਿਆਂ ਦੇ ਸਰਕਾਰੀ ਸਕੂਲਾਂ ’ਚ ਜ਼ਿਆਦਾਤਰ ਅਧਿਆਪਕ ਤਾਇਨਾਤੀ ਤੋਂ ਕੰਨੀ ਕਤਰਾਉਂਦੇ ਹਨ।
ਰਿਪੋਰਟ ਅਨੁਸਾਰ, ਬਹੁਤੇ ਅਧਿਆਪਕ ਸਰਹੱਦੀ ਸਕੂਲਾਂ ਵਿੱਚ ਡਿਉਟੀ ਕਰਨ ਤੋਂ ਆਨਾਕਾਨੀ ਕਰ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਸ਼ਹਿਰੀ ਖਿੱਤੇ ਦੇ ਅੰਦਰ ਹੀ ਡਿਊਟੀ ਮਿਲੇ। ਹਾਲਾਂਕਿ ਸਰਕਾਰ ਹਰ ਵਾਰ ਦਾਅਵਾ ਕਰਦੀ ਹੈ ਕਿ ਸਰਹੱਦੀ ਇਲਾਕਿਆਂ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਪੂਰੀ ਤੈਨਾਤੀ ਕੀਤੀ ਜਾਵੇਗੀ, ਜਦੋਂਕਿ ਅਸਲੀਅਤ ਇਸ ਸਭ ਤੋਂ ਕੋਹਾਂ ਦੂਰ ਹੈ।
ਅਜਿਹੀਆਂ ਰਿਪੋਰਟਾਂ ਵੀ ਆਈਆਂ ਹਨ ਕਿ ਜੇ ਕੋਈ ਅਧਿਆਪਕ ਤਾਇਨਾਤੀ ਲੈ ਵੀ ਲੈਂਦਾ ਹੈ ਤਾਂ ਉਸ ਨੇ ਅੱਗੇ ਹੋਰ ਅਧਿਆਪਕ ਰੱਖਿਆ ਹੈ ਜਿਸ ਨੂੰ ਉਹ ਆਪਣੇ ਪੱਲਿਓਂ ਤਨਖ਼ਾਹ ਦਿੰਦਾ ਹੈ।
ਅਧਿਆਪਨ ਕਿੱਤੇ ਨਾਲ ਜੁੜੇ ਟੈਸਟ ਪਾਸ ਕਰਨ ਮਗਰੋਂ ਸਾਰੇ ਨੌਕਰੀ ਤਾਂ ਸਰਕਾਰੀ ਚਾਹੁੰਦੇ ਹਨ ਪਰ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ’ਚ ਪੜ੍ਹਾਉਣ ਨੂੰ ਤਰਜੀਹ ਦਿੰਦੇ ਹਨ। ਕੱਚੇ ਅਧਿਆਪਕਾਂ ਵੱਲੋਂ ਪੱਕੇ ਹੋਣ ਤੇ ਪੱਕਿਆਂ ਵੱਲੋਂ ਤਨਖ਼ਾਹਾਂ ’ਚ ਵਾਧੇ ਨੂੰ ਲੈ ਕੇ ਰੋਜ਼ਾਨਾ ਕੀਤੇ ਜਾਂਦੇ ਧਰਨੇ-ਪ੍ਰਦਰਸ਼ਨ ਵੀ ਸਿੱਖਿਆ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹਨ।
ਸਕੂਲਾਂ ’ਚ ਸੁਧਾਰਾਂ ਲਈ ਅਧਿਆਪਕਾਂ ਦੇ ਵਿਦੇਸ਼ ਟੂਰ ਵੀ ਲਗਾਏ ਜਾਂਦੇ ਹਨ ਪਰ ਜ਼ਮੀਨੀ ਪੱਧਰ ’ਤੇ ਹਕੀਕਤ ਕੁਝ ਹੋਰ ਹੈ। ਸਰਕਾਰ ਨੂੰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੰਜੀਦਗੀ ਦਿਖਾਉਣੀ ਚਾਹੀਦੀ ਹੈ।

