Punjab News- ਸਿੱਖਿਆ ‘ਤੇ ਮੁੜ ਲੱਗਾ ਗ਼ੈਰ ਵਿਦਿਅਕ ਡਿਊਟੀਆਂ ਦਾ ਗ੍ਰਹਿਣ; ਸੈਂਕੜੇ ਪ੍ਰਾਇਮਰੀ ਅਧਿਆਪਕਾਂ ਦੀ ਲੱਗੀ ਪੰਚਾਇਤਾਂ ਨਾਲ ਟ੍ਰੇਨਿੰਗ
Punjab News- ਸਰਕਾਰੀ ਦਾਅਵਿਆਂ ਦੇ ਉੱਲਟ ਅਧਿਆਪਕਾਂ ਨੂੰ ਗ਼ੈਰ ਵਿਦਿਅਕ ਕੰਮਾਂ ਵਿੱਚ ਉਲਝਾਉਣ ਦਾ ਸਿਲਸਿਲਾ ਜਾਰੀ: ਡੀ.ਟੀ.ਐੱਫ.
ਮਾਨਸਾ
Punjab News- ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਵੱਲੋਂ ਵੱਖ-ਵੱਖ ਮੰਚਾਂ ਤੋਂ ਅਧਿਆਪਕਾਂ ਨੂੰ ਗ਼ੈਰ ਵਿਦਿਅਕ ਕੰਮਾਂ ਤੋਂ ਦੂਰ ਰੱਖਣ ਦੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਪੰਜਾਬ ਦੇ ਅਧਿਆਪਕਾਂ ਦੀਆਂ ਅਜਿਹੀਆਂ ਡਿਊਟੀਆਂ ਲੱਗਣੀਆਂ ਜਾਰੀ ਹਨ। ਪੰਚਾਇਤੀ ਰਾਜ ਮੰਤਰਾਲਾ ਭਾਰਤ ਸਰਕਾਰ ਦੇ ਨਿਰਦੇਸ਼ਾਂ ‘ਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਲਗਾਈਆਂ ਜਾ ਰਹੀਆਂ ਤਿੰਨ ਦਿਨਾਂ ਟ੍ਰੇਨਿੰਗਾਂ ਦਾ ਹਿੱਸਾ ਬਣਨ ਲਈ ਮਾਨਸਾ ਜਿਲ੍ਹੇ ਦੇ ਸੈਕੜੇ ਪ੍ਰਾਇਮਰੀ ਅਧਿਆਪਕਾਂ ਨੂੰ ਵੀ ਸਕੂਲਾਂ ਤੋਂ ਬਾਹਰ ਸੱਦਿਆ ਗਿਆ ਹੈ।
ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਨੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਇਹਨਾਂ ਟ੍ਰੇਨਿੰਗਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਹਿੱਸਾ ਬਣਾਉਣ ‘ਤੇ ਰੋਕ ਲਗਾਉਣ ਅਤੇ ਸਕੂਲਾਂ ਦੇ ਵਿਦਿਅਕ ਮਾਹੌਲ਼ ਨੂੰ ਪ੍ਰਭਾਵਿਤ ਕਰਨ ਵਾਲੇ ਫ਼ੈਸਲਿਆਂ ‘ਤੇ ਠੱਲ ਪਾਉਣ ਦੀ ਗੁਹਾਰ ਲਗਾਈ ਹੈ।
ਡੀ.ਟੀ.ਐੱਫ. ਮਾਨਸਾ ਦੇ ਜਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ ਅਤੇ ਜਿਲ੍ਹਾ ਸਕੱਤਰ ਹੰਸਾ ਸਿੰਘ ਨੇ ਮੀਡਿਆ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਧਿਆਪਕਾਂ ਦੀ ਡਿਊਟੀ ਕਦੇ ਪਰਾਲੀ ਸਾੜਨ ਤੋਂ ਰੋਕਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਕਦੇ ਹੜਾਂ ਦੀ ਰੋਕਥਾਮ ਲਈ ਸਮੇਤ ਹੋਰ ਵੱਖ-ਵੱਖ ਗੈਰ ਵਿਦਿਅਕ ਕੰਮਾਂ ਤੇ ਲਗਾਈ ਜਾਂਦੀ ਆ ਰਹੀ ਹੈ।
ਤਾਜਾ ਮਾਮਲੇ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ (ਬੀਡੀਪੀਓ) ਬੁਢਲਾਡਾ (ਜਿਲ੍ਹਾ ਮਾਨਸਾ) ਵੱਲੋਂ ਸਿੱਖਿਆ ਬਲਾਕਾਂ ਬੁਢਲਾਡਾ ਅਤੇ ਬਰੇਟਾ ਦੇ ਪ੍ਰਾਇਮਰੀ ਸਕੂਲਾਂ ਵਿੱਚਲੇ 40 ਅਧਿਆਪਕਾਂ ਦੀ ਟ੍ਰੇਨਿੰਗ 17 ਨਵੰਬਰ ਤੋਂ 20 ਨਵੰਬਰ ਦਰਮਿਆਨ ਤਿੰਨ ਦਿਨ ਲਈ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਹੀ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਬੀਡੀਪੀਓ ਝੁਨੀਰ ਵੱਲੋਂ 43 ਪ੍ਰਾਇਮਰੀ ਅਧਿਆਪਕਾਂ ਦੀ ਵੀ ਅਜਿਹੀ ਡਿਊਟੀ ਲਗਾਉਣ ਤੋਂ ਇਲਾਵਾ ਮਾਨਸਾ ਵਿੱਚ ਹੀ ਗ੍ਰਾਮ ਵਿਕਾਸ ਯੋਜਨਾ ਟ੍ਰੇਨਿੰਗ ਦੇਣ ਲਈ ਵੀ 34 ਪ੍ਰਾਇਮਰੀ ਅਧਿਆਪਕਾਂ ਦੀ ਡਿਊਟੀ ਵੀ ਜਿਲ੍ਹਾ ਪੱਧਰ ‘ਤੇ ਲਗਾਈ ਗਈ ਹੈ।
ਆਗੂਆਂ ਨੇ ਸਵਾਲ ਚੁੱਕਿਆ ਕਿ ਇੱਕ ਪਾਸੇ ਅਧਿਆਪਕ ਇਸੇ ਸਮੇਂ ਸਿੱਖਿਆ ਵਿਭਾਗ ਵੱਲੋਂ ਲਗਾਏ ਸੈਮੀਨਾਰਾਂ ਤੋਂ ਇਲਾਵਾ ਵਿਦਿਆਰਥੀਆਂ ਦਾ ਸਿਲੇਬਸ ਅੱਗੇ ਵਧਾਉਣ ਵਿੱਚ ਮਸ਼ਰੂਫ ਹਨ, ਦੂਜੇ ਜਿਸ ਕੰਮ ਨਾਲ ਅਧਿਆਪਕਾਂ ਦਾ ਸਿੱਧਾ ਕੋਈ ਸਰੋਕਾਰ ਨਹੀਂ ਉਸ ਕੰਮ ਲਈ ਉਨ੍ਹਾਂ ਨੂੰ ਟ੍ਰੇਨਿੰਗ ‘ਤੇ ਭੇਜਣ ਬਹਾਨੇ ਉਲਝਣ ਤਾਣੀ ਵਿੱਚ ਪਾਇਆ ਜਾ ਰਿਹਾ ਹੈ।
ਡੀ.ਟੀ.ਐੱਫ. ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗ਼ੈਰ ਵਿਦਿਅਕ ਡਿਊਟੀਆਂ ਦੇ ਮਾਮਲੇ ‘ਤੇ ਕੇਵਲ ਫੋਕੀ ਬਿਆਨ ਬਾਜੀ ਕਰਨ ਦੀ ਥਾਂ ਅਧਿਆਪਕਾਂ ਦੀ ਹਰ ਤਰ੍ਹਾਂ ਦੀ ਗੈਰ ਵਿਦਿਅਕ ਡਿਊਟੀ ਉੱਪਰ ਮੁਕੰਮਲ ਰੋਕ ਲਗਾਉਣ ਲਈ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਅਤੇ ਅਧਿਆਪਕਾਂ ਦੀਆਂ ਲੱਗੀਆਂ ਸਾਰੀਆਂ ਗ਼ੈਰ ਵਿਦਿਅਕ ਡਿਊਟੀਆਂ ਰੱਦ ਕਰਨ ਸਮੇਤ ਬੂਥ ਲੈਵਲ ਅਫਸਰਾਂ (ਬੀ.ਐੱਲ.ਓ.) ਦੀ ਡਿਊਟੀ ‘ਤੇ ਲਗਾਏ ਪੰਜਾਬ ਭਰ ਦੇ ਹਜਾਰਾਂ ਅਧਿਆਪਕਾਂ ਦੀ ਡਿਊਟੀ ਵੀ ਰੱਦ ਕੀਤੀ ਜਾਵੇ। ਇਸ ਮੌਕੇ ਅਸ਼ਵਨੀ ਖਡਾਲ, ਗੁਰਲਾਲ ਗੁਰਨੇ , ਗੁਰਦਾਸ ਗੁਰਨੇ ,ਅਮਰੀਕ ਭੀਖੀ, ਗੁਰਪ੍ਰੀਤ ਬੀਰੋਕੇ, ਪ੍ਰੇਮ ਦੋਦੜਾ , ਸੰਤੋਖ ਸਿੰਘ,ਆਦਿ ਹਾਜ਼ਰ ਸਨ।

