ਪੰਜਾਬ ਭਰ ‘ਚ ਸਰਕਾਰ ਦੇ ਸਾੜੇ ਝੂਠੇ ਨੋਟੀਫਿਕੇਸ਼ਨ; ਪੁਰਾਣੀ ਪੈਨਸ਼ਨ ਤੁਰੰਤ ਲਾਗੂ ਕਰੇ ਭਗਵੰਤ ਮਾਨ- ਡੀ.ਟੀ.ਐਫ਼
ਪੰਜਾਬ ਭਰ ‘ਚ ਭਗਵੰਤ ਮਾਨ ਦੇ ਸਾੜੇ ਝੂਠੇ ਨੋਟੀਫਿਕੇਸ਼ਨ, ਪੁਰਾਣੀ ਪੈਨਸ਼ਨ ਤੁਰੰਤ ਲਾਗੂ ਕਰੇ ਸਰਕਾਰ-ਡੀ.ਟੀ.ਐਫ਼
ਮੋਹਾਲੀ
ਅੱਜ ਪੰਜਾਬ ਭਰ ਵਿੱਚ 2022 ਵਿੱਚ ਗੁਜਰਾਤ ਚੋਣਾਂ ਤੋਂ ਪਹਿਲਾਂ ਵੋਟਾਂ ਵਟੋਰਨ ਦੇ ਮਕਸਦ ਨਾਲ ਪੰਜਾਬ ਦੀ ਭਗਵੰਤ ਮਾਨ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਕੀਤੇ ਝੂਠੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।
ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2022 ਵਿੱਚ ਗੁਜਰਾਤ ਚੋਣਾਂ ਦੇ ਚੋਣ ਪ੍ਰਚਾਰ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰਕੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਪੰਜਾਬ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਗਈ ਹੈ।
ਪਰ ਉਸ ਐਲਾਨ ਨੂੰ ਅੱਜ ਤਿੰਨ ਸਾਲ ਪੂਰੇ ਹੋਣ ‘ਤੇ ਵੀ ਕੋਈ ਬੂਰ ਨਹੀਂ ਪਿਆ। ਇਥੋਂ ਤੱਕ ਕਿ ਉਸ ਝੂਠੇ ਨੋਟੀਫਿਕੇਸ਼ਨ ਦੇ ਇਸ਼ਤਿਹਾਰ ਵੀ ਗੁਜਰਾਤ ਵਿੱਚ ਲਾਏ ਗਏ।
ਉਹਨਾਂ ਦੱਸਿਆ ਕਿ ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀ ਪੀ ਐਫ਼ ਕਰਮਚਾਰੀ ਯੂਨੀਅਨ ਦੇ ਸੱਦੇ ‘ਤੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਵੱਖ-ਵੱਖ ਸਕੂਲਾਂ ਵਿੱਚ ਉਸ ਝੂਠੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ 01-01-2004 ਤੋਂ ਬੰਦ ਕੀਤੀ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ।
ਉਹਨਾਂ ਦੱਸਿਆ ਕਿ ਮੁਲਾਜ਼ਮ ਮਾਰੂ ਨਵੀਂ ਪੈਨਸ਼ਨ ਸਕੀਮ ਮੁਲਾਜ਼ਮਾਂ ਲਈ ਬਹੁਤ ਘਾਤਕ ਸਾਬਿਤ ਹੋ ਰਹੀ ਹੈ ਜਿਸ ਤਹਿਤ ਮੁਲਾਜ਼ਮ 2000-2500 ਦੀ ਨਿਗੂਣੀ ਪੈਨਸ਼ਨ ਲੈ ਕੇ ਰਿਟਾਇਰ ਹੋ ਰਹੇ ਹਨ। ਉਹਨਾਂ ਅੱਗੇ ਕਿਹਾ ਪੁਰਾਣੀ ਪੈਨਸ਼ਨ ਮੁਲਾਜ਼ਮਾਂ ਦੇ ਬੁਢਾਪੇ ਦੀ ਡੰਗੋਰੀ ਹੈ ਅਤੇ ਮੁਲਾਜ਼ਮ ਆਪਣਾ ਇਹ ਹੱਕ ਹਰ ਹਾਲ ਲੈ ਕੇ ਹਟਣਗੇ।

