ਸੈਂਕੜੇ ਲੋਕਾਂ ਨੇ ਔੜ ਬਲਾਕ ਨੂੰ ਤੋੜਨ ਵਿਰੁੱਧ ਕੀਤਾ ਚੱਕਾ ਜਾਮ

All Latest NewsNews FlashPunjab News

 

ਔੜ ਬਲਾਕ ਨੂੰ ਤੋੜਨ ਵਿਰੁੱਧ ਸੈਂਕੜੇ ਲੋਕਾਂ ਨੇ ਕੀਤਾ ਚੱਕਾ ਜਾਮ

ਇਕੱਠ ਵਿਚ ਗੂੰਜੇ ਬਲਾਕ ਨੂੰ ਮੁੜ ਬਹਾਲ ਕਰਨ ਦੇ ਰੋਹ ਭਰਪੂਰ ਨਾਅਰੇ

ਔੜ, 28 ਨਵੰਬਰ 2025 (Media PBN) : ਅੱਜ ‘ਔੜ ਬਲਾਕ ਬਚਾਓ ਸੰਘਰਸ਼ ਕਮੇਟੀ’ ਦੇ ਸੱਦੇ ’ਤੇ ਕਸਬਾ ਔੜ ਵਿਚ ਜੌੜੀਆਂ ਸੜਕਾਂ ਉੱਪਰ ਚੱਕਾ ਜਾਮ ਕਰਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਇਲਾਕੇ ਦੇ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ, ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਦੇ ਆਗੂ, ਔਰਤਾਂ ਅਤੇ ਪਿੰਡਾਂ ਦੇ ਹੋਰ ਲੋਕ ਸੈਂਕੜਿਆਂ ਦੀ ਗਿਣਤੀ ਵਿਚ ਸ਼ਾਮਲ ਹੋਏ। ਦੁਕਾਨਦਾਰ ਵੀ ਆਪਣੇ ਕਾਰੋਬਾਰ ਬੰਦ ਕਰਕੇ ਧਰਨੇ ਅਤੇ ਬੰਦ ਵਿਚ ਸ਼ਾਮਲ ਹੋਏ।

ਨਾਇਬ ਤਹਿਸੀਲ ਜਸਪ੍ਰੀਤ ਸਿੰਘ ਨੇ ਇਕੱਠ ਵਿਚ ਪਹੁੰਚਕੇ ਮੰਗ-ਪੱਤਰ ਪ੍ਰਾਪਤ ਕੀਤਾ। ਇਕੱਠ ਨੂੰ ਸੰਘਰਸ਼ ਕਮੇਟੀ ਦੇ ਮੈਂਬਰ ਰਾਜ ਕੁਮਾਰ ਮਾਹਲ ਖ਼ੁਰਦ, ਬਲਕਾਰ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ), ਬਸਪਾ ਦੇ ਸੂਬਾ ਜਨਰਲ ਸਕੱਤਰ ਪ੍ਰਵੀਨ ਬੰਗਾ, ਐਡਵੋਕੇਟ ਦਲਜੀਤ ਸਿੰਘ ਸੂਬਾ ਕਨਵੀਨਰ ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ, ਅੰਗਦ ਸਿੰਘ ਸੈਣੀ ਸਾਬਕਾ ਵਿਧਾਇਕ, ਫਿਲਮ ਡਾਇਰੈਕਟਰ ਤੇ ਸਮਾਜ ਸੇਵੀ ਅਮਿਤੋਜ ਮਾਨ, ਮਨਜੀਤ ਸਿੰਘ ਅੜਕ ਸਰਪੰਚ ਚਾਹਲ ਖ਼ੁਰਦ, ਸਰਪੰਚ ਕਮਲਜੀਤ ਔੜ, ਰੂਪ ਲਾਲ ਧੀਰ, ਬੂਟਾ ਸਿੰਘ ਮਹਿਮੂਦਪੁਰ, ਸਾਜਨ ਜੀ ਔੜ, ਕਮਲਜੀਤ ਕੰਵਰ ਗੜ੍ਹੀ, ਨਿੰਦਰਪਾਲ ਸਰਪੰਚ ਮਾਈਦਿੱਤਾ, ਸੁਰਿੰਦਰ ਸਿੰਘ ਮਹਿਰਮਪੁਰ ਇਲਾਕਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਦਵਿੰਦਰ ਸਿੰਘ ਸੰਧੂ ਸੂਬਾ ਮੀਤ ਪ੍ਰਧਾਨ ਬੀਕੇਯੂ(ਦੋਆਬਾ), ਅਜੈ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ, ਸੀਪੀਐੱਮ ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਆਗੂ ਸੁਖਦੀਪ ਸਿੰਘ ਸ਼ੁਕਾਰ, ਸਾਬਕਾ ਸਰਪੰਚ ਮਨੋਹਰ ਕਮਾਮ, ਹਿਤੇਸ਼ ਮਾਹੀ ਸਰਪੰਚ ਬੇਗੋਵਾਲ, ਕਮੇਟੀ ਸੁਖਵਿੰਦਰ ਸਿੰਘ ਧਾਵਾ, ਕਮਲਜੀਤ ਦੁੱਗਲ ਸਰਪੰਚ ਔੜ, ਕਾ. ਚਰਨਜੀਤ ਸਿੰਘ ਜ਼ਿਲ੍ਹਾ ਸਕੱਤਰ ਸੀ.ਪੀ.ਐੱਮ., ਕਿ੍ਰਸ਼ਨ ਲਾਲ ਬੇਗੋਵਾਲ, ਭੁਪਿੰਦਰ ਸਿੰਘ ਗਿੱਲ, ਰਾਮਜੀ ਦਾਸ ਖੜਕੂਵਾਲ, ਕਮੇਟੀ ਮੈਂਬਰ ਸੁਖਵਿੰਦਰ ਸਿੰਘ ਔੜ, ਡਾ. ਲਾਲਚੰਦ ਸਰਪੰਚ ਤਾਜਪੁਰ, ਬਚਿੱਤਰ ਸਿੰਘ ਮਹਿਮੂਦਪੁਰ, ਨਿਰਮਲ ਸਿੰਘ ਜੁਲਾਹ ਮਾਜਰਾ, ਕੰਵਰ ਜੰਗਬੀਰ ਸਹੂੰਗੜਾ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔੜ ਬਲਾਕ ਨੂੰ ਖ਼ਤਮ ਕਰਨ ਦਾ ਜੋ ਫ਼ੈਸਲਾ ਲਿਆ ਗਿਆ ਹੈ, ਉਹ ਪੂਰੀ ਤਰ੍ਹਾਂ ਲੋਕ-ਵਿਰੋਧੀ ਅਤੇ ਬਲਾਕ ਦੇ 75 ਪਿੰਡਾਂ ਨਾਲ ਖਿਲਵਾੜ ਹੈ।

ਕੋਈ ਵੀ ਫ਼ੈਸਲਾ ਲੋਕਾਂ ਅਤੇ ਇਲਾਕੇ ਦੇ ਹਿਤਾਂ ਨੂੰ ਸਾਹਮਣੇ ਰੱਖਕੇ ਲਿਆ ਜਾਣਾ ਚਾਹੀਦਾ ਹੈ ਨਾ ਕਿ ਵਿਧਾਨ-ਸਭਾ ਹਲਕੇ ਦੀਆਂ ਕੁਝ ਕੁ ਤਕਨੀਕੀ ਮੁਸ਼ਕਲਾਂ ਨੂੰ ਮੁੱਖ ਰੱਖਕੇ। ਇਲਾਕੇ ਦੇ ਲੋਕ ਬਲਾਕ ਨੂੰ ਤੋੜਨ ਦੇ ਨਾਦਰਸ਼ਾਹੀ ਫ਼ਰਮਾਨ ਨੂੰ ਸਵੀਕਾਰ ਨਹੀਂ ਕਰਨਗੇ।

ਸਾਰੀਆਂ ਹੀ ਪਾਰਟੀਆਂ, ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਰਾਜਨੀਤੀ ਤੋਂ ਉੱਪਰ ਉੱਠਕੇ ਅਤੇ ਇਲਾਕੇ ਦੇ ਹਿਤਾਂ ਦੀ ਰਾਖੀ ਲਈ ਸੰਘਰਸ਼ ਦਾ ਡੱਟਕੇ ਸਾਥ ਦੇਣਗੇ। ਇਕੱਠ ਵਿਚ ਹਾਜ਼ਰ ਸੈਂਕੜੇ ਲੋਕਾਂ ਨੇ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਕਿ ਇਲਾਕੇ ਦੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਬਲਾਕ ਨੂੰ ਤੋੜਨ ਦਾ ਫ਼ੈਸਲਾ ਤੁਰੰਤ ਰੱਦ ਕੀਤਾ ਜਾਵੇ ਅਤੇ ਔੜ ਬਲਾਕ ਨੂੰ ਮੁੜ ਬਹਾਲ ਕੀਤਾ ਜਾਵੇ। ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਸੱਤਾ ਦੇ ਗ਼ਰੂਰ ’ਚ ਮਦਹੋਸ਼ ਸਰਕਾਰ ਵੱਲੋਂ ਇਲਾਕੇ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਭਾਵਨਾਵਾਂ ਨੂੰ ਟਿੱਚ ਸਮਝਣ ਦੇ ਮੱਦੇਨਜ਼ਰ ਸੰਘਰਸ਼ ਕਮੇਟੀ ਕੋਲ ਸੰਘਰਸ਼ ਨੂੰ ਤਿੱਖਾ ਕਰਨਾ ਹੀ ਇੱਕੋਇਕ ਰਸਤਾ ਹੈ।

ਬਲਾਕ ਨੂੰ ਬਹਾਲ ਕਰਾਉਣ ਲਈ ਅਗਲੇ ਸੰਘਰਸ਼ ਵਜੋਂ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਕੇ 5 ਦਸੰਬਰ ਨੂੰ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ ਬਲਾਕ ਨੂੰ ਬਹਾਲ ਨਾ ਕੀਤੇ ਜਾਣ ਦੀ ਸੂਰਤ ’ਚ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਬੀਕੇਯੂ (ਏਕਤਾ-ਸਿੱਧੂਪੁਰ) ਦੇ ਜ਼ਿਲ੍ਹਾ ਆਗੂ ਰਾਜਾ, ਹਰਜੀਤ ਸਿੰਘ ਰਾਣੂ, ਬਸਪਾ ਆਗੂ ਸੱਤਪਾਲ ਰਟੈਂਡਾ, ਹਰਵਿੰਦਰ ਸਿੰਘ ਸਰਕਲ ਪ੍ਰਧਾਨ, ਮਾਸਟਰ ਨਰਿੰਦਰ ਸਿੰਘ ਉੜਾਪੜ ,ਡਾ. ਨਰੰਜਨ ਪਾਲ, ਮੇਜਰ ਬੀਸਲਾ ਭੀਮ ਆਰਮੀ, ਸੋਹਣ ਲਾਲ ਰਟੈਂਡਾ ਸਮੇਤ ਬਹੁਤ ਸਾਰੀਆਂ ਸ਼ਖ਼ਸੀਅਤਾਂ, ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਇਲਾਕੇ ਦੇ ਹੋਰ ਮੋਹਰਬਰ ਸੈਂਕੜੇ ਲੋਕਾਂ ਸਮੇਤ ਹਾਜ਼ਰ ਸਨ।

 

Media PBN Staff

Media PBN Staff