ਪੰਜਾਬ ‘ਚ ਵਾਪਰੀ ਵੱਡੀ ਵਾਰਦਾਤ; ਪਿਓ ਨੇ ਪੁੱਤ ਦਾ ਕੀਤਾ ਬੇਰਹਿਮੀ ਨਾਲ ਕਤਲ
Punjab News, 6 Dec 2025 –
ਪੰਜਾਬ ਨੂੰ ਲੱਗਦਾ ਹੈ ਕਿ ਕਿਸੇ ਦੀ ਨਜ਼ਰ ਲੱਗ ਗਈ ਹੈ। ਰੋਜ਼ ਹੀ ਰਿਸ਼ਤਿਆਂ ਦੇ ਕਤਲ ਹੋ ਰਹੇ ਹਨ। ਕਿਤੇ ਕੋਈ ਚਾਚਾ ਆਪਣੇ ਭਤੀਜੇ ਨੂੰ ਮਾਰ ਰਿਹਾ, ਕਿਤੇ ਕੋਈ ਪਿਓ ਆਪਣੇ ਪੁੱਤ ਨੂੰ ਮਾਰ ਰਿਹਾ ਹੈ।
ਤਾਜ਼ਾ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਪਿੰਡ ਕਿਆਮਪੁਰ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ,ਜਿਸ ਨੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦਿੱਤਾ।
ਇੱਥੇ ਨੂੰਹ ਪੁੱਤ ਦੇ ਚੱਲ ਰਹੇ ਵਿਵਾਦ ਦੌਰਾਨ ਪਿਤਾ ਨੇ ਇੱਟਾਂ ਮਾਰ ਕੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਹੈ। ਪਿਓ ਵੱਲੋਂ ਆਪਣੇ ਹੀ ਪੁੱਤ ਦਾ ਕਤਲ ਕਰਨ ਦੀ ਖ਼ਬਰ ਨੇ ਪਿੰਡ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਵਿੱਚ ਕਾਫ਼ੀ ਸਮੇਂ ਤੋਂ ਨੂਹ -ਪੁੱਤ ਵਿਚਕਾਰ ਤਣਾਅ ਚੱਲ ਰਿਹਾ ਸੀ। ਮ੍ਰਿਤਕ ਨੌਜਵਾਨ ਦਾ ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਪਤੀ-ਪਤਨੀ ਵਿੱਚ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਨੌਜਵਾਨ ਆਪਣੀ ਪਤਨੀ ਨੂੰ ਮੁੜ ਘਰ ਵਾਪਸ ਲਿਆਉਣਾ ਚਾਹੁੰਦਾ ਸੀ ਪਰ ਉਸਦੇ ਮਾਪਿਆਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ।
ਇਸ ਗੱਲ ਨੂੰ ਲੈ ਕੇ ਝਗੜਾ ਇੰਨਾ ਵੱਧ ਗਿਆ ਕਿ ਪਿਤਾ ਗੁੱਸੇ ਵਿਚ ਬੇਕਾਬੂ ਹੋ ਗਿਆ ਅਤੇ ਨੌਜਵਾਨ ਉੱਤੇ ਇੱਟਾਂ ਨਾਲ ਤਾਬੜਤੋੜ ਵਾਰ ਕਰ ਦਿੱਤੇ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮਾਂ ‘ਤੇ ਵੀ ਘਟਨਾ ਦੌਰਾਨ ਸਾਥ ਦੇਣ ਦੇ ਇਲਜ਼ਾਮ ਲੱਗੇ ਹਨ। ਸੂਚਨਾ ਮਿਲਦੇ ਹੀ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪਿਤਾ ਅਤੇ ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਖ਼ਬਰ ਸ੍ਰੋਤ- ਪੀਟੀਸੀ

