ਵੱਡੀ ਖ਼ਬਰ: ਅੰਮ੍ਰਿਤਸਰ ਵਿੱਚ ਦੋ ਥਾਵਾਂ ‘ਤੇ ਜ਼ਿਲ੍ਹਾ ਪ੍ਰੀਸ਼ਦ-ਬਲਾਕ ਸੰਮਤੀ ਚੋਣਾਂ ਰੱਦ
ਅੰਮ੍ਰਿਤਸਰ, 14 ਨਵੰਬਰ 2025 (Media PBN) :
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਇਹ ਵੋਟਿੰਗ ਪ੍ਰਕਿਰਿਆ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਇਨ੍ਹਾਂ ਚੋਣਾਂ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਬਜਾਏ ਬੈਲਟ ਪੇਪਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਬਾਬੂਸ਼ਾਹੀ ਦੀ ਖ਼ਬਰ ਅਨੁਸਾਰ, ਵੋਟਿੰਗ ਦੌਰਾਨ, ਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਖੇਤਰਾਂ, ਖਾਸਾ ਅਤੇ ਖੁਰਮਨੀਆ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਚੋਣਾਂ ਰੱਦ ਕਰਨ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਇੱਥੇ ‘ਆਮ ਆਦਮੀ ਪਾਰਟੀ’ (ਆਪ) ਦੇ ਉਮੀਦਵਾਰ ਦਾ ਚੋਣ ਨਿਸ਼ਾਨ ਬੈਲਟ ਪੇਪਰ ‘ਤੇ ਗਲਤ ਛਾਪਿਆ ਗਿਆ ਸੀ। ਇਸ ਤੋਂ ਇਲਾਵਾ, ਤਲਵੰਡੀ ਸਾਬੋ ਦੇ ਇੱਕ ਬੂਥ ‘ਤੇ ਪੋਲਿੰਗ ਰੋਕੇ ਜਾਣ ਦੀ ਖ਼ਬਰ ਵੀ ਹੈ।
ਦੱਸਣਾ ਬਣਦਾ ਹੈ ਕਿ ਰਾਜ ਭਰ ਵਿੱਚ, ਕੁੱਲ 347 ਜ਼ਿਲ੍ਹਾ ਪ੍ਰੀਸ਼ਦਾਂ ਅਤੇ 2,838 ਬਲਾਕ ਸੰਮਤੀਆਂ ਲਈ ਉਮੀਦਵਾਰ ਚੁਣੇ ਜਾ ਰਹੇ ਹਨ। 23 ਜ਼ਿਲ੍ਹਿਆਂ ਵਿੱਚੋਂ ਕੁੱਲ 9,775 ਉਮੀਦਵਾਰ ਚੋਣ ਲੜ ਰਹੇ ਹਨ। ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਲਗਭਗ 90,000 ਕਰਮਚਾਰੀ ਤਾਇਨਾਤ ਕੀਤੇ ਗਏ ਹਨ।

