CM ਭਗਵੰਤ ਮਾਨ ਨਾਲ ਨਾ ਹੋ ਸਕੀ ਬੇਰੁਜ਼ਗਾਰ ਅਧਿਆਪਕਾਂ ਦੀ ਮੀਟਿੰਗ; ਪ੍ਰਸ਼ਾਸਨ ‘ਤੇ ਵਾਅਦਾ-ਖਿਲਾਫ਼ੀ ਦਾ ਦੋਸ਼- ਬੇਰੁਜ਼ਗਾਰ ਨੌਜਵਾਨਾਂ ਵੱਲੋਂ ਨਾਅਰੇਬਾਜ਼ੀ
ਦਲਜੀਤ ਕੌਰ, ਸੁਨਾਮ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਨਾਮ ਆਮਦ ਨੂੰ ਵੇਖਦਿਆਂ ਵੱਖ-ਵੱਖ ਜਥੇਬੰਦੀਆਂ ਨੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਆਪਣੀਆਂ ਮੰਗਾਂ ਲਈ ਰੋਸ-ਮੁਜ਼ਾਹਰਾ ਕਰਨ ਦਾ ਸੱਦਾ ਦਿੱਤਾ ਸੀ। ਜਿਸਨੂੰ ਲੈ ਕੇ ਸੰਗਰੂਰ ਪ੍ਰਸ਼ਾਸਨ ਨੂੰ ਭਾਜੜਾਂ ਪਈਆਂ ਹੋਈਆਂ ਸਨ।
ਸਾਂਝਾ ਬੇਰੁਜ਼ਗਾਰ ਮੋਰਚਾ ਦੇ ਆਗੂ ਅਮਨ ਸੇਖ਼ਾ ਅਤੇ ਬੇਰੁਜ਼ਗਾਰ ਲੈਕਚਰਾਰ ਯੂਨੀਅਨ ਦੀ ਆਗੂ ਗਗਨਦੀਪ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਓਐਸਡੀ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਸੀ।
ਜਿਸ ਕਰਕੇ ਉਹਨਾਂ ਸੰਘਰਸ਼ ਨੂੰ ਮੁਲਤਵੀ ਕਰ ਦਿੱਤਾ ਸੀ, ਪ੍ਰੰਤੂ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਉਹਨਾਂ ਨੂੰ ਮਿਲਣ ਲਈ ਪੰਜਾਬ ਸਰਕਾਰ ਦੇ ਸੈਕਟਰੀ ਆਏ, ਪ੍ਰੰਤੂ ਉਹ ਮੰਗਾਂ ਪ੍ਰਤੀ ਅਣਜਾਣ ਹੋਣ ਦੀ ਗੱਲ ਕਰਦੇ ਰਹੇ।
ਰੋਸ ‘ਚ ਆਏ ਨੌਜਵਾਨਾਂ ਨੇ ਬਾਅਦ ਵਿੱਚ ਘਰ ਵਾਪਸੀ ‘ਤੇ ਸਰਕਾਰ ਖ਼ਿਲਾਫ਼ ਡਟਕੇ ਨਾਅਰੇਬਾਜ਼ੀ ਕੀਤੀ ਅਤੇ ਗੁਹਾਰ ਲਾਈ ਕਿ ਮੁੱਖ ਮੰਤਰੀ ਉਹਨਾਂ ਨਾਲ ਮੀਟਿੰਗ ਕਰਨ।