ਵੱਡੀ ਖ਼ਬਰ: ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਜੇਤੂ ਰੈਲੀ ‘ਚ ਚੱਲੀਆਂ ਗੋਲੀਆਂ
Punjab News, 19 Dec 2025-
ਪੰਜਾਬ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ (ਸੱਤਾਧਾਰੀ) ਦੀ ਵੱਡੇ ਪੱਧਰ ‘ਤੇ ਜਿੱਤ ਹੋਈ ਹੈ। ਆਪ ਨੇ ਪੰਜਾਬ ਅੰਦਰ ਕਰੀਬ 70 ਪ੍ਰਤੀਸ਼ਤ ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ।
ਜਿੱਤ ਦੀ ਖੁਸ਼ੀ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਸ਼ਨ ਮਨਾ ਰਹੀ ਹੈ। ਲੰਘੀ ਸ਼ਾਮ ਲੁਧਿਆਣਾ ਦੇ ਮਲੇਰਕੋਟਲਾ ਰੋਡ ‘ਤੇ ਆਪ ਦੀ ਜੇਤੂ ਰੈਲੀ ਵਿੱਚ ਗੋਲੀਆਂ ਚੱਲ ਗਈਆਂ। ਦੱਸਿਆ ਜਾ ਰਿਹਾ ਹੈ ਕਿ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਵਰਕਰ ਆਹਮੋ-ਸਾਹਮਣੇ ਹੋ ਗਏ ਅਤੇ ਇੱਕ ਦੂਜੇ ‘ਤੇ ਹਮਲਾ ਕਰ ਦਿੱਤਾ।
ਗੋਲੀਆਂ ਦੀ ਅਵਾਜ਼ ਇਸ ਕਦਰ ਗੂੰਜੀ, ਜਿਵੇਂ ਜੰਗ ਲੱਗ ਗਈ ਹੋਵੇ। ਇਸ ਗੋਲੀਬਾਰੀ ਵਿੱਚ ਕਰੀਬ ਅੱਧੀ ਦਰਜਨ ਲੋਕ ਜ਼ਖ਼ਮੀ ਹੋਏ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਜ਼ਖ਼ਮੀਆਂ ‘ਚ ਚਾਰ ਗੁਰਮੁਖ ਸਿੰਘ, ਰਵਿੰਦਰ ਸਿੰਘ, ਮਨਦੀਪ ਸਿੰਘ ਤੇ ਨਿਹੰਗ ਗੁਰਦੀਪ ਸਿੰਘ, ਜਦਕਿ ਦੂਜੀ ਧਿਰ ਤੋਂ ਸਾਬਕਾ ਕਾਂਗਰਸੀ ਸਰਪੰਚ ਦਾ ਪੁੱਤਰ ਊਧਮ ਸਿੰਘ ਸ਼ਾਮਲ ਹੈ। ਸਾਰਿਆਂ ਨੂੰ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਦੂਜੇ ਪਾਸੇ ਘਟਨਾ ਤੋਂ ਬਾਅਦ ਵੱਡੀ ਗਿਣਤੀ ‘ਚ ਵਰਕਰ ਮਰਾਡੋ ਚੌਕੀ ਦੇ ਬਾਹਰ ਧਰਨੇ ‘ਤੇ ਬੈਠ ਗਏ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮਾਲੇਰਕੋਟਲਾ ਹਾਈਵੇ ਜਾਮ ਕਰ ਦਿੱਤਾ ਗਿਆ, ਜਿਸ ਨਾਲ ਲਗਪਗ ਇਕ ਘੰਟੇ ਤੱਕ ਆਵਾਜਾਈ ਪ੍ਰਭਾਵਿਤ ਰਹੀ। ਪੁਲਿਸ ਨੇ ਲੋਕਾਂ ਨੂੰ ਸਮਝਾਉਣ ਤੋਂ ਬਾਅਦ ਜਾਮ ਖੁਲ੍ਹਵਾਇਆ।

