ਪੰਜਾਬ ਸਰਕਾਰ ਦਾ ਅਧਿਆਪਕ ਵਿਰੋਧੀ ਫ਼ੈਸਲਾ! ਪੜ੍ਹਾਈ ਛੁਡਾ ਕੇ ਲਾਏ ਇਹ ਕੰਮ
ਪੰਜਾਬ ਸਰਕਾਰ ਦਾ ਅਧਿਆਪਕ ਵਿਰੋਧੀ ਫ਼ੈਸਲਾ, ਪੜ੍ਹਾਈ ਛੁਡਾ ਕੇ ਲਾਏ ਇਹ ਕੰਮ
ਚੰਡੀਗੜ੍ਹ:
ਡੈਮੋਕ੍ਰੈਟਿਕ ਟੀਚਰਜ਼ ਫਰੰਟ (DTF) ਪੰਜਾਬ ਨੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਵੱਲੋਂ ਕੰਪਿਊਟਰ ਅਧਿਆਪਕਾਂ ਤੋਂ ਪੜ੍ਹਾਈ ਦਾ ਕੰਮ ਛੁੜਵਾ ਕੇ ਅਸਲਾ ਲਾਇਸੰਸ ਦੇ ਬੈਕਲਾਗ ਦੀ ਡਾਟਾ ਐਂਟਰੀ ਕਰਵਾਉਣ ਦੇ ਹੁਕਮਾਂ ’ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਹੁਣ ਕੰਪਿਊਟਰ ਅਧਿਆਪਕਾਂ ਨੂੰ ਅਸਲਾ ਲਾਇਸੰਸ ਦੀਆਂ ਬੈਕਲਾਗ ਐਂਟਰੀਆਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜੋ ਪੂਰੀ ਤਰ੍ਹਾਂ ਗ਼ੈਰ ਵਿੱਦਿਅਕ ਕੰਮ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਗੈਰ ਵਿੱਦਿਅਕ ਡਿਊਟੀਆਂ ਤੋਂ ਮੁਕਤ ਕਰਨ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਤੋਂ ਸਾਲ ਭਰ ਬੀਐਲਓ ਡਿਊਟੀ, ਪਰਾਲੀ ਸਾੜਨ ਰੋਕੂ ਮੁਹਿੰਮ, ਰਾਜਨੀਤਕ ਇਕੱਠਾਂ ਲਈ ਬੱਸਾਂ ’ਚ ਡਿਊਟੀ ਅਤੇ ਹੁਣ ਅਸਲਾ ਲਾਇਸੰਸ ਡਾਟਾ ਐਂਟਰੀ ਵਰਗੇ ਕੰਮ ਲਏ ਜਾਂਦੇ ਹਨ, ਜਿਸ ਨਾਲ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਡੀਟੀਐੱਫ ਨੇ ਕਿਹਾ ਕਿ ਅਧਿਆਪਨ ਵਰਗੇ ਸੰਵੇਦਨਸ਼ੀਲ ਕਿੱਤੇ ਨੂੰ ਡਾਟਾ ਐਂਟਰੀ ਦੇ ਕੰਮਾਂ ’ਚ ਉਲਝਾ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਸਿੱਖਿਆ ਵਿਭਾਗ ’ਤੇ ਆਪਣੀ ਸੂਬਾ ਸਿੱਖਿਆ ਨੀਤੀ ਜਾਰੀ ਨਾ ਕਰਨ ਅਤੇ ਸਾਲਾਂ ਤੋਂ ਵਿੱਦਿਅਕ ਕੈਲੰਡਰ ਨਾ ਜਾਰੀ ਕਰਨ ਦੇ ਦੋਸ਼ ਵੀ ਲਗਾਏ।
ਡੀਟੀਐੱਫ ਨੇ ਮੰਗ ਕੀਤੀ ਕਿ ਅਧਿਆਪਕਾਂ ਨੂੰ ਤੁਰੰਤ ਸਾਰੀਆਂ ਗੈਰ ਵਿੱਦਿਅਕ ਡਿਊਟੀਆਂ ਤੋਂ ਮੁਕਤ ਕੀਤਾ ਜਾਵੇ, ਪੰਜਾਬ ਦੀ ਆਪਣੀ ਸਿੱਖਿਆ ਨੀਤੀ ਜਾਰੀ ਕੀਤੀ ਜਾਵੇ ਅਤੇ ਹਰ ਵਿੱਦਿਅਕ ਸੈਸ਼ਨ ਦੇ ਸ਼ੁਰੂ ’ਚ ਵਿੱਦਿਅਕ ਕੈਲੰਡਰ ਜਾਰੀ ਕੀਤਾ ਜਾਵੇ।

