ਸਰਕਾਰੀ ਅਧਿਆਪਕਾਂ ‘ਤੇ ਧੱਕੇ ਨਾਲ ਥੋਪਿਆ ਜਾ ਰਿਹੈ ਬ੍ਰਿਜ ਕੋਰਸ- ਗੌਰਮਿੰਟ ਟੀਚਰਜ਼ ਯੂਨੀਅਨ
ਬ੍ਰਿਜ ਕੋਰਸ ਦੇ ਨਾਮ ‘ਤੇ ਅਧਿਆਪਕਾਂ ਦੀ ਕੀਤੀ ਜਾ ਰਹੀ ਹੈ ਲੁੱਟ- ਜਸਵਿੰਦਰ ਸਿੰਘ ਸਮਾਣਾ
ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਨੂੰ ਦਿੱਤੀ ਜਾਵੇ ਛੋਟ- ਪਰਮਜੀਤ ਸਿੰਘ ਪਟਿਆਲਾ
ਪਟਿਆਲਾ
ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਨੂੰ ਬ੍ਰਿਜ ਕੋਰਸ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ‘ਤੇ ਬ੍ਰਿਜ ਕੋਰਸ ਧੱਕੇ ਨਾਲ ਥੋਪਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ 15-15 ਸਾਲਾਂ ਦੀ ਸਰਵਿਸ ਕਰਨ ਤੋਂ ਬਾਅਦ ਅਜਿਹੇ ਕੋਰਸ ਅਧਿਆਪਕਾਂ ‘ਤੇ ਥੋਪੇ ਜਾਣਾ ਸਰਾਸਰ ਧੱਕਾ ਹੈ। ਆਗੂਆਂ ਨੇ ਦੱਸਿਆ ਕਿ ਬ੍ਰਿਜ ਕੋਰਸ ਦੇ ਨਾਂ ‘ਤੇ ਕਾਲਜਾਂ ਵਾਲਿਆਂ ਨੇ 25-25 ਹਜ਼ਾਰ ਫੀਸਾਂ ਤੈਅ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਬ੍ਰਿਜ ਕੋਰਸ ਦੇ ਨਾਮ ‘ਤੇ ਸ਼ਰੇਆਮ ਅਧਿਆਪਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਲੁੱਟ ਨੂੰ ਉਹ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇ।
ਉਹਨਾਂ ਸਿੱਖਿਆ ਵਿਭਾਗ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ ਬੇਲੋੜੇ ਕੋਰਸ ਅਧਿਆਪਕਾਂ ‘ਤੇ ਨਾ ਥੋਪੇ ਜਾਣ। ਜੋ ਸਿੱਖਿਆ ਵਿਭਾਗ ਵੱਲੋਂ ਚਿੱਠੀਆਂ ਕੱਢ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਹਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਵਲ ਨੈਣ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਹਰਦੀਪ ਸਿੰਘ ਪਟਿਆਲਾ, ਹਰਪ੍ਰੀਤ ਸਿੰਘ ਉੱਪਲ, ਗੁਰਪ੍ਰੀਤ ਸਿੰਘ ਸਿੱਧੂ, ਭੀਮ ਸਿੰਘ ਸਮਾਣਾ, ਗੁਰਵਿੰਦਰ ਸਿੰਘ ਖੰਗੂੜਾ, ਅਸ਼ਵਨੀ ਬਾਂਸਲ, ਯਾਦਵਿੰਦਰ ਕੁਮਾਰ, ਸ਼ੀਤਲ, ਰਾਜਿੰਦਰ ਜਵੰਦਾ, ਟਹਿਲਬੀਰ ਸਿੰਘ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ ਆਦਿ ਸਾਥੀ ਅਧਿਆਪਕ ਹਾਜ਼ਰ ਰਹੇ।

