ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਵਿਖੇ ਬੱਚਿਆਂ ਦੇ ਜਿੰਨਸੀ ਸ਼ੋਸ਼ਣ ‘ਤੇ ਕੀਤਾ ਗਿਆ ਜਾਗਰੂਕ
ਪਿਰਾਮਲ ਫਾਊਂਡੇਸ਼ਨ ਤੇ ਕਰੁਣਾ ਸ਼ਕਤੀ ਫਾਊਂਡੇਸ਼ਨ ਵੱਲੋਂ ਬੱਚਿਆਂ ਦੇ ਜਿੰਨਸੀ ਸ਼ੋਸ਼ਣ ਤੇ ਕੀਤਾ ਜਾਗਰੂਕ
ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ
ਪਿਰਾਮਲ ਫਾਊਂਡੇਸ਼ਨ ਤੇ ਕਰੁਣਾ ਸ਼ਕਤੀ ਫਾਊਂਡੇਸ਼ਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਬਲਾਕ ਫਿਰੋਜਪੁਰ -3 ਵਿਖੇ ਪਾਸਕੋ ਐਕਟ ਅਧੀਨ ਜਾਗਰੂਕਤਾ ਕੈਂਪ ਲਗਾਇਆ ਗਿਆ। ਸਕੂਲ ਦੇ ਮੁੱਖੀ ਸੰਦੀਪ ਟੰਡਨ ਵੱਲੋਂ ਦੱਸਿਆ ਗਿਆ ਕਿ ਇਸ ਜਾਗਰੂਕਤਾ ਕੈਂਪ ਵਿੱਚ ਪਿਰਾਮਲ ਫਾਊਂਡੇਸ਼ਨ ਤੋਂ ਪਲੇਸ਼ਵਰ ਸਾਹੂ, ਕਰੁਣਾ ਸ਼ਕਤੀ ਫਾਊਂਡੇਸ਼ਨ ਤੋਂ ਹਿਮਾਂਸ਼ੂ ਗੁਪਤਾ, ਵਿੱਦਿਅਕ ਮਾਹਿਰ ਯਸ਼ਪਾਲ ਭਟੇਜਾ( ਸਟੇਟ ਅਵਾਰਡੀ) ਤੇ ਬੀਆਰਸੀ ਫਿਰੋਜ਼ਪੁਰ ਨੀਰਜ ਯਾਦਵ ਉਚੇਚੇ ਤੌਰ ਤੇ ਪਹੁੰਚੇ।
ਹਿਮਾਂਸ਼ੂ ਗੁਪਤਾ ਨੇ ਬੱਚਿਆਂ ਦੇ ਮਾਪੇ ਨੂੰ ਬੱਚਿਆਂ ਨਾਲ ਹੋ ਰਹੇ ਜਿੰਨਸੀ ਸ਼ੋਸ਼ਣ ਤੇ ਮਾਨਸਿਕ ਸ਼ੋਸ਼ਣ ਬਾਰੇ ਜਾਣੂ ਕਰਵਾਇਆ। ਸਰਕਾਰ ਵੱਲੋਂ ਇਹਨਾਂ ਉੱਪਰ ਉਠਾਏ ਜਾ ਰਹੇ ਕਦਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਚੰਗੇ ਸਪਰਸ਼ ਅਤੇ ਮਾੜੇ ਸਪਰਸ਼ ਬਾਰੇ ਦੱਸਿਆ। ਯਸ਼ਪਾਲ ਭਟੇਜਾ ਵੱਲੋਂ ਬੱਚਿਆਂ ਦੇ ਵਿਵਹਾਰ ਵਿੱਚ ਬਦਲਾਵ ਬਾਰੇ ਜਾਗਰੂਕ ਰਹਿਣ ਲਈ ਕਿਹਾ। ਪਿਰਾਮਲ ਫਾਊਂਡੇਸ਼ਨ ਤੋਂ ਪਲੇਸ਼ਵਰ ਸਾਹੂ ਨੇ ਬੱਚਿਆਂ ਨੂੰ ਮੋਬਾਈਲ ਤੇ ਟੀਵੀ ਵਿੱਚ ਉਸਾਰੂ ਚੀਜ਼ਾਂ ਵੇਖਣ ਵੱਲ ਜੋਰ ਦੇਣ ਬਾਰੇ ਜਾਗਰੂਕ ਕੀਤਾ। ਨੀਰਜ ਯਾਦਵ ਵੱਲੋਂ ਸਰਕਾਰ ਵੱਲੋਂ ਸਿੱਖਿਆ ਵਿੱਚ ਹੋ ਰਹੇ ਸੁਧਾਰ ਤੇ ਮਾਪਿਆਂ ਦੇ ਸਹਿਯੋਗ ਨਾਲ ਬੱਚਿਆਂ ਦੇ ਵਿੱਦਿਅਕ ਵਿਕਾਸ ਦੀ ਗੱਲ ਆਖੀ।
ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਬੱਚਿਆਂ ਦੇ ਵਿਵਹਾਰ ਵਿੱਚ ਪਰਿਵਰਤਨ ,ਚੁੱਪ ਰਹਿਣ, ਇਕੱਲਾ ਰਹਿਣ ਅਤੇ ਲਗਾਤਾਰ ਰੋਂਦੇ ਰਹਿਣ ਵੱਲ ਖਾਸ ਧਿਆਨ ਦੇਣ ਲਈ ਆਖਿਆ ਗਿਆ। ਮਾਪਿਆਂ ਨੂੰ ਸਰਕਾਰ ਵੱਲੋਂ ਚਾਇਲਡ ਹੈਲਪ ਲਾਈਨ ਨੰਬਰ 1098 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮਾਪਿਆਂ ਵੱਲੋਂ ਇਸ ਜਾਗਰੂਕਤਾ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲਿਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਬਲਵਿੰਦਰ ਕੌਰ, ਹਰਮੀਤ ਕੌਰ, ਹਰਮੇਸ਼ ਸਿੰਘ, ਬਿਮਲਾ ਕੌਰ ਚੇਅਰਮੈਨ, ਐਸਐਮਸੀ ਮੈਂਬਰ,ਸਕੂਲ ਸਟਾਫ ਨੀਰੂ ,ਸ਼ਿਫਾਲੀ ਮੋਂਗਾ ,ਅਪਰਾਜਿਤਾ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।