ਦਿਲ ਦਹਿਲਾ ਦੇਣ ਵਾਲੀ ਵਾਰਦਾਤ! ਇਸ਼ਕ ‘ਚ ਅੰਨ੍ਹੀਂ ਧੀ ਨੇ ਆਪਣੇ ਹੀ ਪਰਿਵਾਰ ਦੇ 13 ਜੀਆਂ ਨੂੰ ਜ਼ਹਿਰ ਦੇ ਕੇ ਮਾਰ ਮੁਕਾਇਆ
ਦਿਲ ਦਹਿਲਾ ਦੇਣ ਵਾਲੀ ਵਾਰਦਾਤ! ਇਸ਼ਕ ਵਿੱਚ ਅੰਨ੍ਹੀਂ ਇੱਕ ਕੁੜੀ ਨੇ ਆਪਣੇ ਹੀ ਪਰਿਵਾਰ ਦੇ 13 ਜੀਆਂ ਨੂੰ ਮਾਰ ਮੁਕਾਇਆ। ਜੀ ਹਾਂ, ਇਹ ਕਹਾਣੀ ਗਲਤ ਨਹੀਂ, ਬਲਕਿ ਬਿਲਕੁਲ ਸੱਚ ਤੇ ਸਹੀ ਹੈ।
ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇਸ਼ਕ ਵਿੱਚ ਅੰਨ੍ਹੀਂ ਇੱਕ ਕੁੜੀ ਦੇ ਵੱਲੋਂ ਆਪਣੇ ਹੀ ਪਰਿਵਾਰ ਦੇ 13 ਜੀਆਂ ਨੁੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ।
ਕੁੜੀ ਨੇ ਕਬੂਲਿਆ ਜ਼ੁਰਮ
ਭਾਸ਼ਾ ਦੀ ਰਿਪੋਰਟ ਮੁਤਾਬਿਕ, ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ, ਜਦੋਂ ਸ਼ੱਕ ਦੇ ਤਹਿਤ ਪੁਲਿਸ ਨੇ ਕੁੜੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਪੁਲਿਸ ਸਾਹਮਣੇ ਕੁੜੀ ਨੇ ਕਬੂਲਿਆ ਕਿ, ਉਹਦੇ ਘਰ ਉਸਨੂੰ ਮਰਜ਼ੀ ਨਾਲ ਵਿਆਹ ਨਹੀਂ ਸੀ ਕਰਵਾਉਣ ਦੇ ਰਹੇ, ਜਿਸ ਦੇ ਕਾਰਨ ਉਹਨੇ ਇਹ ਖੌਫ਼ਨਾਕ ਕਦਮ ਪੁੱਟਿਆ। ਘਟਨਾ ਵੈਸੇ ਤਾਂ, 19 ਅਗਸਤ ਦੀ ਹੈ, ਪਰ ਇਸ ਦਾ ਖੁਲਾਸਾ ਪਾਕਿਸਤਾਨੀ ਮੀਡੀਏ ਮੁਤਾਬਿਕ ਹੁਣ ਹੋਇਆ ਹੈ।
ਆਸ਼ਕ ਨਾਲ ਮਿਲ ਕੇ ਰਚੀ ਪਰਿਵਾਰ ਨੂੰ ਮਾਰਨ ਦੀ ਸਾਜਿਸ਼
ਇਸ ਕੇਸ ਬਾਰੇ ਪੁਲਿਸ ਨੇ ਦੱਸਿਆ ਕਿ ਇਹ ਮੌਤਾਂ 19 ਅਗਸਤ ਨੂੰ ਖੈਰਪੁਰ ਨੇੜੇ ਹੈਬਤ ਖਾਨ ਬਰੋਹੀ ਪਿੰਡ ਵਿੱਚ ਹੋਈਆਂ ਸਨ। ਕੁੜੀ ਉਸ ਸਮੇਂ ਗੁੱਸੇ ‘ਚ ਆ ਗਈ, ਜਦੋਂ ਉਸਦੇ ਪਰਿਵਾਰ ਨੇ ਉਸਨੂੰ ਆਪਣੀ ਪਸੰਦ ਦੇ ਲੜਕੇ ਨਾਲ ਵਿਆਹ ਨਹੀਂ ਕਰਨ ਦਿੱਤਾ। ਇਸ ਤੋਂ ਬਾਅਦ ਕੁੜੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਮਾਤਾ-ਪਿਤਾ ਸਮੇਤ ਪਰਿਵਾਰਕ ਮੈਂਬਰਾਂ ਨੂੰ ਖਾਣੇ ਵਿੱਚ ਜ਼ਹਿਰ ਦੇਣ ਦੀ ਸਾਜ਼ਿਸ਼ ਰਚੀ।
ਖਾਣਾ ਖਾਣ ਤੋਂ ਬਾਅਦ ਸਾਰੇ 13 ਮੈਂਬਰ ਬੀਮਾਰ ਹੋ ਗਏ
ਖੈਰਪੁਰ ਦੇ ਸੀਨੀਅਰ ਪੁਲਿਸ ਅਧਿਕਾਰੀ ਇਨਾਇਤ ਸ਼ਾਹ ਨੇ ਕਿਹਾ, “ਖਾਣਾ ਖਾਣ ਤੋਂ ਬਾਅਦ ਸਾਰੇ 13 ਮੈਂਬਰ ਬੀਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਸਾਰਿਆਂ ਦੀ ਮੌਤ ਹੋ ਗਈ।” ਜਦੋਂ ਪੋਸਟਮਾਰਟਮ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਦੀ ਮੌਤ ਜ਼ਹਿਰੀਲੀ ਚੀਜ਼ ਖਾਣ ਕਾਰਨ ਹੋਈ ਹੈ।
ਇਨਾਇਤ ਸ਼ਾਹ ਨੇ ਇਹ ਵੀ ਕਿਹਾ, “ਲੜਕੀ ਗੁੱਸੇ ‘ਚ ਸੀ ਕਿਉਂਕਿ ਉਸਦਾ ਪਰਿਵਾਰ ਉਸਦਾ ਵਿਆਹ ਆਪਣੀ ਪਸੰਦ ਦੇ ਲੜਕੇ ਨਾਲ ਕਰਨ ਲਈ ਤਿਆਰ ਨਹੀਂ ਸੀ।’ ਪੁਲਿਸ ਅਧਿਕਾਰੀ ਨੇ ਕਿਹਾ, “ਲੜਕੀ ਨੇ ਆਪਣੇ ਪ੍ਰੇਮੀ ਦੀ ਮਦਦ ਨਾਲ ਖਾਣੇ ‘ਚ ਜ਼ਹਿਰ ਮਿਲਾਉਣ ਦੀ ਗੱਲ ਕਬੂਲੀ ਹੈ।”