ਭਗਵੰਤ ਮਾਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਆਸ਼ਾ ਵਰਕਰਾਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ
ਡੈਮੋਕ੍ਰੇਟਿਕ ਆਸ਼ਾ ਵਰਕਰ ਫੈਸੀਲੀਟੇਟਰ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਵੱਲੋਂ ਫਗਵਾੜਾ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ
ਪੰਜਾਬ ਨੈੱਟਵਰਕ, ਨਕੋਦਰ
ਡੈਮੋਕ੍ਰੇਟਿਕ ਆਸ਼ਾ ਵਰਕਰ ਫੈਸੀਲੀਟੇਟਰ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਵੱਲੋਂ ਆਸ਼ਾ ਵਰਕਰਾਂ ਫੈਸਿਲੀਟੇਟਰਾਂ ਨਾਲ ਭਗਵੰਤ ਮਾਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਅੱਜ ਸੂਬਾਈ ਕਮੇਟੀ ਦੇ ਫ਼ੈਸਲੇ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਥੇਬੰਦੀ ਨਾਲ ਜਲੰਧਰ ਜ਼ਿਮਨੀ ਚੋਣ ਦਰਮਿਆਨ ਮੀਟਿੰਗ ਕਰਕੇ ਵਰਕਰਾਂ ਦੀ ਸੇਵਾ ਮੁਕਤੀ ਉਮਰ ਹੱਦ 62 ਸਾਲ ਕਰਨ ,ਕੱਟੇ ਭੱਤੇ ਬਹਾਲ ਕਰਨ,ਫੈਸੀਲੀਟੇਟਰਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਨ,5 ਲੱਖ ਦਾ ਮੁਫ਼ਤ ਬੀਮਾ ਕਰਨ ਆਦਿ ਮੰਨਣ ਤੋਂ ਬਾਅਦ ਵੀ ਲਾਗੂ ਨਾ ਕਰਨ ਅਤੇ ਵਾਅਦਾ ਖ਼ਿਲਾਫ਼ੀ ਕਰਨ ਦੇ ਵਿਰੋਧ ਵਜੋਂ ਤਹਿਸੀਲ ਕੰਪਲੈਕਸ ਨਕੋਦਰ ਵਿਖੇ ਜਸਵੀਰ ਕੌਰ ਜੱਸੀ ਤੇ ਆਂਚਲ ਹਰੀਪੁਰ ਅਗਵਾਈ ਹੇਠ ਇਕੱਤਰ ਹੋ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਐਸ ਡੀ ਐਮ ਦਫ਼ਤਰ ਦੇ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ।
ਇਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਸਾਂ ਵਰਕਰਾਂ ਨਾਲ ਮੀਟਿੰਗ ਕਰਕੇ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੇ ਅਤੇ ਨਾ ਹੀ ਇਸ ਸਬੰਧੀ ਕੋਈ ਪੱਤਰ ਜਾਰੀ ਹੋਇਆ ਹੈ ਜਿਸ ਕਾਰਨ ਪੰਜਾਬ ਭਰ ਦੀਆਂ ਆਸਾਂ ਵਰਕਰਾਂ ਤੇ ਫੈਸਿਲੀਟੇਟਰਾਂ ਵਿੱਚ ਭਾਰੀ ਰੋਸ ਹੈ।ਉਹ ਕਿਹਾ ਕਿ ਪੰਜਾਬ ਦੀ ਇਹ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਜੁਮਲਾ ਦਿਖਾ ਕੇ ਰਾਜ ਸਤਾ ਤੇ ਕਾਬਜ਼ ਹੋਣ ਤੋਂ ਬਾਅਦ ਝੂਠੇ ਲਾਰੇ ਲਗਾ ਕੇ ਟਾਈਮ ਪਾਸ ਕਰ ਰਹੀ ਹੈ ਜਿਸ ਤੋਂ ਹਰ ਵਰਗ ਦੁਖੀ ਹੈ।
ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਪੰਜਾਬ ਭਰ ਦੀਆਂ ਆਸਾਂ ਵਰਕਰਾਂ ਜ਼ਿਮਨੀ ਚੋਣਾ ਦੌਰਾਨ ਬਰਨਾਲਾ, ਗਿੱਦੜਬਾਹਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਵਿਖੇ ਸੂਬਾਈ ਰੈਲੀਆਂ ਕਰਕੇ ਪੰਜਾਬ ਸਰਕਾਰ ਦਾ ਚਿਹਰਾ ਨੰਗਾ ਕਰਨਗੀਆਂ। ਆਗੂਆਂ ਨੇ ਐਲਾਨ ਕੀਤਾ ਗਿਆ ਕਿ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਵੱਲੋਂ 27 ਅਕਤੂਬਰ ਮੁੱਖ ਮੰਤਰੀ ਪੰਜਾਬ ਦੇ ਵਿਰੋਧ ਵਿੱਚ ਜਲੰਧਰ ਵਿਖੇ ਕੀਤੀ ਜਾਣ ਵਾਲੀ ਮਹਾਂ ਰੈਲੀ ਵਿੱਚ ਵੱਡੀ ਲਾਮਬੰਦੀ ਕਰਕੇ ਸ਼ਮੂਲੀਅਤ ਕੀਤੀ ਜਾਵੇਗੀ।ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਕੌਰ ਸ਼ਾਹਕੋਟ,ਡੀ ਐਮ ਐਫ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਦੇ ਹਰਿੰਦਰ ਦੁਸਾਂਝ, ਜਰਨਲ ਸਕੱਤਰ ਕੁਲਵਿੰਦਰ ਸਿੰਘ ਜੋਸ਼ਨ,ਜਥੇਬੰਦੀ ਦੇ ਸੂਬਾਈ ਪ੍ਰਧਾਨ ਮਨਦੀਪ ਕੌਰ ਬਿਲਗਾ,ਜ਼ਿਲ੍ਹਾ ਆਗੂ ਚਰਨਜੀਤ ਕੌਰ , ਕਮਲਜੀਤ ਕੌਰ ਨੇ ਸੰਬੋਧਨ ਕੀਤਾ।