Turkey Breaking: ਜਹਾਜ਼ ਕ੍ਰੈਸ਼ ਹੋਣ ਕਾਰਨ ਫੌਜ ਮੁਖੀ ਸਮੇਤ 7 ਲੋਕਾਂ ਦੀ ਮੌਤ
Turkey Breaking: ਜਹਾਜ਼ ਕ੍ਰੈਸ਼ ਹੋਣ ਕਾਰਨ ਫੌਜ ਮੁਖੀ ਸਮੇਤ 7 ਲੋਕਾਂ ਦੀ ਮੌਤ
ਅੰਕਾਰਾ/ਤ੍ਰਿਪੋਲੀ, 24 ਦਸੰਬਰ 2025:
ਤੁਰਕੀ (Turkey) ਦੀ ਰਾਜਧਾਨੀ ਅੰਕਾਰਾ ਵਿੱਚ ਮੰਗਲਵਾਰ ਸ਼ਾਮ ਇੱਕ ਦਰਦਨਾਕ ਜਹਾਜ਼ ਹਾਦਸਾ ਵਾਪਰ ਗਿਆ, ਜਿਸਨੇ ਲੀਬੀਆਈ ਫੌਜ ਨੂੰ ਡੂੰਘਾ ਜ਼ਖ਼ਮ ਦਿੱਤਾ ਹੈ। ਦੱਸ ਦੇਈਏ ਕਿ ਇੱਥੇ ਇੱਕ ਨਿੱਜੀ ਜੈੱਟ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਲੀਬੀਆ ਦੇ ਫੌਜ ਮੁਖੀ (Military Chief) ਮੁਹੰਮਦ ਅਲੀ ਅਹਿਮਦ ਅਲ-ਹੱਦਾਦ ਸਣੇ ਕੁੱਲ 7 ਲੋਕਾਂ ਦੀ ਮੌਤ ਹੋ ਗਈ।
ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਲੀਬੀਆਈ ਵਫ਼ਦ ਇੱਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਆਪਣੇ ਦੇਸ਼ ਪਰਤ ਰਿਹਾ ਸੀ। ਲੀਬੀਆ ਦੇ ਪ੍ਰਧਾਨ ਮੰਤਰੀ ਅਬਦੁਲ-ਹਮੀਦ ਦਬੀਬੇ ਨੇ ਇਸ ‘ਦੁਰਘਟਨਾਪੂਰਨ’ ਘਟਨਾ ਦੀ ਪੁਸ਼ਟੀ ਕਰਦਿਆਂ ਇਸਨੂੰ ਦੇਸ਼ ਲਈ ਇੱਕ ਵੱਡਾ ਘਾਟਾ ਦੱਸਿਆ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।
ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲੀਕਾਯਾ ਮੁਤਾਬਕ, ਲੀਬੀਆਈ ਵਫ਼ਦ ਨੂੰ ਲੈ ਕੇ ਜਾ ਰਹੇ ‘ਫਾਲਕਨ-50’ (Falcon-50) ਸ਼੍ਰੇਣੀ ਦੇ ਨਿੱਜੀ ਜੈੱਟ ਨੇ ਮੰਗਲਵਾਰ ਸ਼ਾਮ ਕਰੀਬ 8:30 ਵਜੇ ਅੰਕਾਰਾ ਦੇ ਏਸੇਨਬੋਗਾ ਏਅਰਪੋਰਟ (Esenboga Airport) ਤੋਂ ਉਡਾਣ ਭਰੀ ਸੀ। ਉਡਾਣ ਭਰਨ ਦੇ ਮਹਿਜ਼ 40 ਮਿੰਟ ਬਾਅਦ ਹੀ ਏਅਰ ਟ੍ਰੈਫਿਕ ਕੰਟਰੋਲ (ATC) ਨਾਲ ਜਹਾਜ਼ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ।
ਰਡਾਰ ਤੋਂ ਗਾਇਬ ਹੋਣ ਤੋਂ ਠੀਕ ਪਹਿਲਾਂ ਪਾਇਲਟ ਨੇ ਅੰਕਾਰਾ ਦੇ ਦੱਖਣ ਵਿੱਚ ਸਥਿਤ ਹਾਯਮਾਨਾ ਜ਼ਿਲ੍ਹੇ ਦੇ ਨੇੜੇ ਐਮਰਜੈਂਸੀ ਲੈਂਡਿੰਗ ਦਾ ਸਿਗਨਲ ਭੇਜਿਆ ਸੀ। ਸਥਾਨਕ ਸੀਸੀਟੀਵੀ ਫੁਟੇਜ ਵਿੱਚ ਉਸ ਵੇਲੇ ਅਸਮਾਨ ਵਿੱਚ ਤੇਜ਼ ਰੌਸ਼ਨੀ ਅਤੇ ਸੰਭਾਵਿਤ ਧਮਾਕਾ ਦੇਖਿਆ ਗਿਆ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਮਲਬੇ ਨੂੰ ਬਰਾਮਦ ਕੀਤਾ।
ਜਹਾਜ਼ ਵਿੱਚ ਕੌਣ-ਕੌਣ ਸੀ ਸਵਾਰ?
ਇਸ ਹਾਦਸੇ ਵਿੱਚ ਜਨਰਲ ਅਲ-ਹੱਦਾਦ ਤੋਂ ਇਲਾਵਾ ਲੀਬੀਆਈ ਫੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਮਾਰੇ ਗਏ ਹਨ। ਮ੍ਰਿਤਕਾਂ ਵਿੱਚ ਲੈਂਡ ਫੋਰਸਿਜ਼ ਦੇ ਚੀਫ਼ ਆਫ਼ ਸਟਾਫ਼ ਲੈਫਟੀਨੈਂਟ ਜਨਰਲ ਅਲ-ਫਿਤੌਰੀ, ਮਿਲਟਰੀ ਮੈਨੂਫੈਕਚਰਿੰਗ ਅਥਾਰਟੀ ਦੇ ਡਾਇਰੈਕਟਰ ਬ੍ਰਿਗੇਡੀਅਰ ਜਨਰਲ ਮਹਿਮੂਦ ਅਲ-ਕਤਾਵੀ, ਇੱਕ ਫੌਜੀ ਸਲਾਹਕਾਰ, ਫੋਟੋਗ੍ਰਾਫਰ ਅਤੇ ਚਾਲਕ ਦਲ (Crew Members) ਦੇ 3 ਮੈਂਬਰ ਸ਼ਾਮਲ ਸਨ। ਜਿਸ ਜਹਾਜ਼ ਵਿੱਚ ਉਹ ਸਫਰ ਕਰ ਰਹੇ ਸਨ, ਉਹ ਇੱਕ ਸੁਪਰ ਮਿਡ-ਸਾਈਜ਼ ਡਸਾਲਟ ਫਾਲਕਨ 50 ਏਅਰਕ੍ਰਾਫਟ ਸੀ, ਜੋ ਆਧੁਨਿਕ ਸਹੂਲਤਾਂ ਅਤੇ ਵਾਈ-ਫਾਈ (Wi-Fi) ਨਾਲ ਲੈਸ ਸੀ।

