ਵੱਡੀ ਖ਼ਬਰ: ਇਸ ਸੂਬੇ ‘ਚ ਮੋਬਾਈਲ ਇੰਟਰਨੈੱਟ ‘ਤੇ ਲੱਗੀ ਪਾਬੰਦੀ, ਪੜ੍ਹੋ ਵਜ੍ਹਾ!
ਵੱਡੀ ਖ਼ਬਰ: ਇਸ ਸੂਬੇ ‘ਚ ਇੰਟਰਨੈੱਟ ਸੇਵਾਵਾਂ ‘ਤੇ ਲੱਗੀ ਪਾਬੰਦੀ, ਪੜ੍ਹੋ ਵਜ੍ਹਾ!
ਨਵੀਂ ਦਿੱਲੀ, 24 ਦਸੰਬਰ 2025 (Media PBN)
ਭਾਰਤ ਵਿੱਚ ਬਹੁਤਾ ਕੁਝ ਅੱਛਾ ਨਹੀਂ ਚੱਲ ਰਿਹਾ। ਕਿਸੇ ਨਾ ਕਿਸੇ ਸੂਬੇ ਦੇ ਅੰਦਰ, ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਬਵਾਲ ਜਰੂਰ ਹੋ ਰਿਹਾ ਹੈ। ਤਾਜ਼ਾ ਘਟਨਾ ਆਸਾਮ ਤੋਂ ਸਾਹਮਣੇ ਆਈ ਹੈ, ਜਿੱਥੋਂ ਦੇ 2 ਜ਼ਿਲ੍ਹਿਆਂ ਵਿੱਚ ਇੰਟਰਨੈਟ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦਰਅਸਲ, ਅਸਾਮ (Assam) ਦੇ ਪਹਾੜੀ ਜ਼ਿਲ੍ਹਿਆਂ ਕਾਰਬੀ ਆਂਗਲੋਂਗ ਅਤੇ ਪੱਛਮੀ ਕਾਰਬੀ ਆਂਗਲੋਂਗ ਵਿੱਚ ਬੇਦਖਲੀ ਦੇ ਮੁੱਦੇ ਨੂੰ ਲੈ ਕੇ ਮੰਗਲਵਾਰ ਨੂੰ ਤਣਾਅ ਸਿਖਰ ‘ਤੇ ਪਹੁੰਚ ਗਿਆ।
ਇੱਥੇ ਪ੍ਰਦਰਸ਼ਨਕਾਰੀਆਂ ਦੇ ਦੋ ਗੁੱਟਾਂ ਵਿਚਾਲੇ ਹਿੰਸਕ ਝੜਪ ਹੋਈ, ਜਿਸ ਵਿੱਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ, ਜਦਕਿ 38 ਪੁਲਿਸ ਕਰਮਚਾਰੀਆਂ ਸਮੇਤ ਕੁੱਲ 45 ਲੋਕ ਜ਼ਖਮੀ ਹੋ ਗਏ ਹਨ।
ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਦੋਵਾਂ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਿੰਸਾ ਨੂੰ ਹੋਰ ਭੜਕਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਪੁਲਿਸ ਨੂੰ ਕਰਨਾ ਪਿਆ ਲਾਠੀਚਾਰਜ
ਘਟਨਾ ਦੀ ਸ਼ੁਰੂਆਤ ਉਦੋਂ ਹੋਈ, ਜਦੋਂ ਨਾਜਾਇਜ਼ ਕਬਜ਼ੇ ਅਤੇ ਬੇਦਖਲੀ ਮੁਹਿੰਮ ਦੇ ਸਮਰਥਨ ਅਤੇ ਵਿਰੋਧ ਵਿੱਚ ਦੋ ਵੱਖ-ਵੱਖ ਗੁੱਟ ਆਹਮੋ-ਸਾਹਮਣੇ ਆ ਗਏ। ਦੇਖਦੇ ਹੀ ਦੇਖਦੇ ਇਹ ਵਿਵਾਦ ਇੰਨਾ ਵਧ ਗਿਆ ਕਿ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਅਤੇ ਕੁੱਟਮਾਰ ਸ਼ੁਰੂ ਹੋ ਗਈ।
ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਬਲ ਦੀ ਵਰਤੋਂ ਕਰਨੀ ਪਈ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ।
ਅਫਵਾਹਾਂ ਨੂੰ ਰੋਕਣ ਲਈ ਇੰਟਰਨੈੱਟ ‘ਤੇ ਬ੍ਰੇਕ
ਹਿੰਸਕ ਸੰਘਰਸ਼ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਸੂਬੇ ਦੇ ਗ੍ਰਹਿ ਅਤੇ ਸਿਆਸੀ ਵਿਭਾਗ ਨੇ ਤੁਰੰਤ ਪ੍ਰਭਾਵ ਨਾਲ ਇੰਟਰਨੈੱਟ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਅਧਿਕਾਰਤ ਹੁਕਮ ਵਿੱਚ ਕਿਹਾ ਗਿਆ ਹੈ ਕਿ ਸ਼ਰਾਰਤੀ ਅਨਸਰ ਆਨਲਾਈਨ ਪਲੇਟਫਾਰਮਾਂ ਦੀ ਵਰਤੋਂ ਕਰਕੇ ਸਥਿਤੀ ਨੂੰ ਹੋਰ ਵਿਗਾੜ ਸਕਦੇ ਹਨ, ਇਸ ਲਈ ਜਨਤਕ ਸ਼ਾਂਤੀ ਬਣਾਈ ਰੱਖਣ ਲਈ ਅਗਲੀ ਸੂਚਨਾ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।
ਦੂਜੇ ਪਾਸੇ, ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ (CM Himanta Biswa Sarma) ਨੇ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਪੱਛਮੀ ਕਾਰਬੀ ਆਂਗਲੋਂਗ ਦੀ ਸਥਿਤੀ ‘ਤੇ ਖੁਦ ਕੜੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਸ਼ਾਂਤੀ ਬਣਾਈ ਰੱਖਣ ਲਈ ਖੇਰਾਨੀ ਇਲਾਕੇ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਜਾਣਗੇ। ਸੀਐਮ ਨੇ ਭਰੋਸਾ ਦਿਵਾਇਆ ਹੈ ਕਿ ਸਰਕਾਰ ਸਾਰੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰੇਗੀ ਅਤੇ ਗੱਲਬਾਤ ਰਾਹੀਂ ਇਸ ਮੁੱਦੇ ਦਾ ਹੱਲ ਕੱਢਿਆ ਜਾਵੇਗਾ।

