Punjab News: ਤਰੱਕੀਆਂ ਨੂੰ ਉਡੀਕਦੇ ਰਿਟਾਇਰ ਹੋ ਰਹੇ ਨੇ ਅਧਿਆਪਕ
ਤਰੱਕੀਆਂ ਨੂੰ ਉਡੀਕਦੇ ਰਿਟਾਇਰ ਹੋ ਰਹੇ ਨੇ ਅਧਿਆਪਕ
ਇੱਕ-ਇੱਕ ਬਲਾਕ ਸਿੱਖਿਆ ਅਫਸਰ ਚਲਾ ਰਿਹਾ ਹੈ ਪੰਜ-ਪੰਜ ਬਲਾਕਾਂ ਦਾ ਕੰਮ – ਅਮਨਦੀਪ ਸ਼ਰਮਾ , ਭਗਵੰਤ ਭਟੇਜਾ
ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆਂ ਤਰੱਕੀਆਂ ਨੂੰ ਲੰਮੇ ਸਮੇਂ ਤੋਂ ਉਡੀਕਦੇ ਅਧਿਆਪਕ ਰਿਟਾਇਰ ਹੋ ਰਹੇ ਹਨ
ਸਾਲ 2018 ਵਿੱਚ ਤਰੱਕੀਆਂ ਕਰਨ ਉਪਰੰਤ ਅੱਜ ਤੱਕ ਮਾਸਟਰ ਕਾਡਰ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ ਤਰੱਕੀਆਂ ਨਹੀਂ ਕੀਤੀਆਂ ਗਈਆਂ
ਚੰਡੀਗੜ੍ਹ, 25 ਦਸੰਬਰ 2025 (ਮੀਡੀਆ ਪੀਬੀਐਨ)
ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਜੇ ਤੱਕ ਵਿਭਾਗ ਲੈਫਟ ਆਊਟ ਕੇਸਾਂ ਵਿੱਚ ਹੀ ਉਲਝਿਆ ਪਿਆ ਹੈ। 517 ਦੇ ਕਰੀਬ ਲੈਫਟ ਆਊਟ ਅਧਿਆਪਕਾਂ ਦੀ ਮਾਸਟਰ ਕਾਡਰ ਵਿੱਚ ਤਰੱਕੀ ਤਾਂ ਹੋ ਗਈ ਹੈ ਪ੍ਰੰਤੂ ਉਹਨਾਂ ਨੂੰ ਅਜੇ ਤੱਕ ਸਟੇਸ਼ਨ ਚੁਆਇਸ ਨਹੀਂ ਕਰਵਾਈ ਗਈ। ਇਸ ਤੋਂ ਬਾਅਦ ਵੀ ਬਹੁਤੇ ਹੋਰ ਲੈਫਟ ਆਉਟ ਕੇਸ ਬਣਦੇ ਹਨ ਜਿਹੜੇ ਆਪਣੀਆਂ ਤਰੱਕੀਆਂ ਦੀ ਉਡੀਕ ਕਰ ਰਹੇ ਹਨ।
ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਜਰਨਲ ਸਕੱਤਰ ਸਤਿੰਦਰ ਸਿੰਘ ਦੁਆਬੀਆ, ਉਪ ਪ੍ਰਧਾਨ ਪੰਜਾਬ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਜੇਕਰ ਲੈਫਟ ਆਊਟ ਦੇ ਮਸਲੇ ਹੱਲ ਹੋਣਗੇ ਤਾਂ ਹੀ ਜਨਰਲ ਪ੍ਰਮੋਸ਼ਨਾਂ ਦੀ ਗੱਲ ਅੱਗੇ ਤੁਰੇਗੀ। ਤਰੱਕੀਆਂ ਦੀ ਉਡੀਕ ਕਰਦੇ ਬਹੁਤੇ ਅਧਿਆਪਕ ਸਾਥੀ ਰਿਟਾਇਰ ਹੋ ਰਹੇ ਹਨ।
ਜਥੇਬੰਦੀ ਪੰਜਾਬ ਦੇ ਸੂਬਾ ਆਗੂ ਭਗਵੰਤ ਭਟੇਜਾ ਅਬੋਹਰ ਨੇ ਕਿਹਾ ਕਿ ਇੱਕ-ਇੱਕ ਬਲਾਕ ਸਿੱਖਿਆ ਅਫਸਰ ਨੂੰ ਪੰਜ -ਪੰਜ ਬਲਾਕਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਪੰਜਾਬ ਵਿੱਚ ਵੱਡੇ ਪੱਧਰ ‘ਤੇ ਬਲਾਕ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਇੱਕ ਇੱਕ ਬਲਾਕ ਵਿੱਚ 60 ਦੇ ਕਰੀਬ ਸਕੂਲ ਪ੍ਰਾਇਮਰੀ ਕਾਡਰ ਅਤੇ ਅੱਪਰ ਪ੍ਰਾਇਮਰੀ ਕਾਡਰ ਦੇ 100 ਦੇ ਕਰੀਬ ਸਕੂਲ ਹੁੰਦੇ ਹਨ। ਉਹਨਾਂ ਕਿਹਾ ਕਿ ਇੰਨੇ ਵੱਡੇ ਪੱਧਰ ‘ਤੇ ਕੰਮ ਕਰਨਾ ਵੀ ਇੱਕ ਬਲਾਕ ਸਿੱਖਿਆ ਅਫਸਰ ਨੂੰ ਬਹੁਤ ਔਖਾ ਹੋ ਜਾਂਦਾ ਹੈ ਜਦੋਂ ਕਿ ਦੂਸਰੀ ਤਰਫ ਬਲਾਕ ਸਿੱਖਿਆ ਅਫਸਰਾਂ ਦੀਆਂ ਪ੍ਰਮੋਸ਼ਨਾਂ ਨੂੰ ਉਡੀਕਦੇ ਅਧਿਆਪਕ ਵੀ ਰਿਟਾਇਰ ਹੋ ਰਹੇ ਹਨ।
ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਜਸਬੀਰ ਸਿੰਘ ਹੁਸ਼ਿਆਰਪੁਰ, ਬਲਜੀਤ ਸਿੰਘ ਗੁਰਦਾਸਪੁਰ, ਪਰਮਜੀਤ ਸਿੰਘ ਤੂਰ, ਅਮਨਦੀਪ ਸਿੰਘ ਪਾਤੜਾ, ਸੁਖਬੀਰ ਸਿੰਘ ਸੰਗਰੂਰ, ਓਮ ਪ੍ਰਕਾਸ਼ ਸੁਨਾਮ, ਕਮਲ ਗੋਇਲ ਸੁਨਾਮ, ਗੁਰਜੰਟ ਸਿੰਘ ਬੱਛੂਆਣਾ, ਜਗਦੀਪ ਸਿੰਘ ਆਲਮਪੁਰ ਬੋਦਲਾ, ਦੀਪਕ ਮੋਹਾਲੀ, ਰਕੇਸ਼ ਗੋਇਲ ਬਰੇਟਾ, ਸੁਖਵਿੰਦਰ ਸਿੰਗਲਾ ਬਰੇਟਾ, ਜਸ਼ਨਦੀਪ ਕੋਲਾਣਾ ਬਲਵਿੰਦਰ ਸਿੰਘ ਹਾਕਮ ਵਾਲਾ, ਰਾਮਪਾਲ ਸਿੰਘ ਗੁੜੱਦੀ ਆਦਿ ਸਾਥੀਆਂ ਨੇ ਵੱਖ-ਵੱਖ ਵਿਸ਼ਿਆਂ ਦੀਆਂ ਤਰੱਕੀਆਂ ਤੁਰੰਤ ਕਰਨ ਦੀ ਮੰਗ ਰੱਖੀ।

