ਈ.ਟੀ.ਟੀ ਤੋਂ ਐਚ.ਟੀ ਅਤੇ ਸੀ.ਐਚ.ਟੀ ਦੀਆਂ ਪ੍ਰਮੋਸ਼ਨਾਂ ਜਲਦ ਤੋਂ ਜਲਦ ਕੀਤੀਆਂ ਜਾਣ- ਡੀ.ਟੀ.ਐਫ
ਤਰੱਕੀਆਂ ਦੀ ਪ੍ਰਕ੍ਰਿਆ ਫੌਰੀ ਮੁਕੰਮਲ ਕੀਤੀ ਜਾਵੇ- ਡੀ.ਟੀ.ਐਫ
ਦਲਜੀਤ ਕੌਰ/ ਪੰਜਾਬ ਨੈੱਟਵਰਕ, ਅੰਮ੍ਰਿਤਸਰ
ਪੰਜਾਬ ਸਕੂਲ ਸਿੱਖਿਆ ਵਿਭਾਗ, ਦਫ਼ਤਰ, ਡਾਇਰੈਕਟੋਰੇਟ (ਐਲੀਮੈਂਟਰੀ ਸਿੱਖਿਆ), ਪੰਜਾਬ ਵੱਲੋਂ ਮਿਤੀ 17.06.2024 ਨੂੰ ਜਾਰੀ ਪੱਤਰ ਅਨੁਸਾਰ ਈ.ਟੀ.ਟੀ ਤੋਂ ਐਚ.ਟੀ ਅਤੇ ਸੀ.ਐਚ.ਟੀ ਦੀਆਂ ਪ੍ਰਮੋਸ਼ਨਾਂ ਮਿਤੀ 25.06.2024 ਤੱਕ ਪੱਤਰ ਵਿੱਚ ਜਾਰੀ ਸ਼ਰਤਾਂ ਤੇ ਹਦਾਇਤਾਂ ਅਨੁਸਾਰ ਕੀਤੇ ਜਾਣ ਅਤੇ ਇਸ ਸਬੰਧੀ ਰਿਪੋਰਟ ਮੁੱਖ ਦਫ਼ਤਰ ਵਿਖੇ ਭੇਜਣ ਬਾਰੇ ਹੁਕਮ ਜਾਰੀ ਕੀਤੇ ਗਏ ਹਨ ਜਿਸ ਨਾਲ ਪਿਛਲੇ ਲੰਮੇ ਅਰਸੇ ਤੋਂ ਤਰੱਕੀਆਂ ਉਡੀਕ ਰਹੇ ਯੋਗ ਅਧਿਆਪਕਾਂ ਨਾਲ ਇਨਸਾਫ਼ ਕੀਤਾ ਜਾ ਸਕੇ ਅਤੇ ਤਰੱਕੀਆਂ ਵਿੱਚ ਆਈ ਖੜੌਤ ਨੂੰ ਖਤਮ ਕੀਤਾ ਜਾ ਸਕੇ।
ਸਿੱਖਿਆ ਵਿਭਾਗ ਦੇ ਇਹਨਾਂ ਹੁਕਮਾਂ ਸੰਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵਸਥੀ, ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਚਰਨਜੀਤ ਸਿੰਘ ਰਜਧਾਨ, ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ ਆਦਿ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਿਛਲੇ ਲੰਮੇ ਅਰਸੇ ਤੋਂ ਤਰੱਕੀਆਂ ਨਹੀਂ ਕੀਤੀਆਂ ਗਈਆਂ, ਜਿਸ ਸਬੰਧੀ ਅਧਿਕਾਰੀਆਂ ਵੱਲੋਂ ਵੱਖ ਵੱਖ ਕਾਰਨ ਦੱਸੇ ਜਾਂਦੇ ਹਨ, ਜਿਸ ਵਿੱਚ ਅਧੂਰੀ ਸੀਨੀਆਰਤਾ ਸੂਚੀ, ਰੋਸਟਰ ਦਾ ਸਮੇਂ ਸਿਰ ਸਮਾਜਿਕ ਭਲਾਈ ਵਿਭਾਗ ਵੱਲੋਂ ਤਸਦੀਕ ਨਾ ਕੀਤਾ ਜਾਣਾ, ਪਿਛਲੀਆਂ ਹੋਈਆਂ ਤਰੱਕੀਆਂ ਵਿੱਚ ਤਰੁੱਟੀਆਂ ਆਦਿ ਸ਼ਾਮਿਲ ਹਨ।
ਇਹਨਾਂ ਕਾਰਨਾਂ ਵਿੱਚ ਕਿੱਸੇ ਵੀ ਅਧਿਆਪਕ ਦਾ ਕੋਈ ਦੋਸ਼ ਨਹੀਂ ਫਿਰ ਵੀ ਬਣਦੀਆਂ ਤਰੱਕੀਆਂ ਸਮਾਂਬੱਧ ਨਾ ਹੋਣ ਕਰਕੇ ਅਤੇ ਵਿਭਾਗੀ ਢਿੱਲ ਕਾਰਨ ਯੋਗ ਅਧਿਆਪਕਾਂ ਨੂੰ ਮਾਨਸਿਕ ਤਣਾਅ ਵਿਚੋਂ ਲੰਘਣਾ ਪੈਂਦਾ ਹੈ। ਤਰੱਕੀਆਂ ਵਿੱਚ ਵਿਭਾਗੀ ਊਣਤਾਈਆਂ ਕਾਰਨ ਹੁੰਦੀ ਬੇਲੋੜੀ ਦੇਰੀ ਕਾਰਨ ਕਈ ਯੋਗ ਅਧਿਆਪਕ ਤਰੱਕੀਆਂ ਦੀ ਉਡੀਕ ਕਰਦੇ ਹੋਏ ਸੇਵਾਮੁਕਤ ਹੋ ਜਾਂਦੇ ਹਨ।
ਜ਼ਿਲ੍ਹੇ ਦੇ ਆਗੂਆਂ ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਨਾਭਾ, ਵਿੱਪਨ ਰਿਖੀ, ਕੇਵਲ ਸਿੰਘ, ਪਰਮਿੰਦਰ ਸਿੰਘ ਰਾਜਾਸਾਂਸੀ, ਰਾਕੇਸ਼ ਕੁਮਾਰ, ਨਰੇਸ਼ ਕੁਮਾਰ, ਕੁਲਦੀਪ ਸਿੰਘ ਵਰਨਾਲੀ, ਕੰਵਲਜੀਤ ਸਿੰਘ, ਹਰਪ੍ਰੀਤ ਸਿੰਘ ਨਾਰਿੰਜਨਪੁਰ, ਬਿਕਰਮਜੀਤ ਸਿੰਘ ਵਡਾਲਾ ਭਿੱਟੇਵੱਡ, ਜੁਝਾਰ ਸਿੰਘ ਟਪਿਆਲਾ, ਗੁਰਤੇਜ ਸਿੰਘ, ਸੁਖਵਿੰਦਰ ਸਿੰਘ ਬਿੱਟਾ, ਮਨਜੀਤ ਸਿੰਘ ਚੀਮਾ ਬਾਠ, ਬਲਦੇਵ ਕ੍ਰਿਸ਼ਨ, ਨਵਤੇਜ ਸਿੰਘ ਆਦਿ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅੰਮ੍ਰਿਤਸਰ ਤੋਂ ਪ੍ਰੈਸ ਰਾਹੀਂ ਪੁਰਜ਼ੋਰ ਮੰਗ ਕੀਤੀ ਕਿ ਜ਼ਿਲ੍ਹੇ ਨਾਲ ਸੰਬੰਧਿਤ ਸਮੂਹ ਯੋਗ ਈ.ਟੀ.ਟੀ ਅਧਿਆਪਕਾਂ ਦੀਆਂ ਨਿਯਮਾਂ ਅਨੁਸਾਰ ਬਣਦੀਆਂ ਤਰੱਕੀਆਂ ਫੌਰੀ ਤੌਰ ਤੇ ਪ੍ਰਕ੍ਰਿਆ ਸਮੇਂ ਸਿਰ ਮੁਕੰਮਲ ਕਰਕੇ ਕੀਤੀਆਂ ਜਾਣ, ਜਿਸ ਨਾਲ ਜ਼ਿਲ੍ਹੇ ਵਿੱਚ ਆਈ ਖੜੋਤ ਨੂੰ ਖਤਮ ਕੀਤਾ ਜਾ ਸਕੇ ਅਤੇ ਯੋਗ ਅਧਿਆਪਕਾਂ ਨਾਲ ਇਨਸਾਫ਼ ਕੀਤਾ ਜਾ ਸਕੇ।
ਜਥੇਬੰਦਕ ਆਗੂਆਂ ਨੇ ਪਿਛਲੀ ਦਿਨੀਂ ਇਸ ਫ਼ਾਨੀ ਸੰਸਾਰ ਤੋਂ ਰੁਕਸਤ ਸਵਰਗਵਾਸੀ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਕੁਲਵੰਤ ਸਿੰਘ ਦੇ ਬੇਵਕਤੀ ਵਿਛੋੜੇ ਤੇ ਡੂੰਘਾ ਅਫਸੋਸ ਪ੍ਰਕਟ ਕੀਤਾ ਅਤੇ ਜਥੇਬੰਦੀ ਨੂੰ ਅਜਿਹੇ ਅਗਾਂਹਵਧੂ ਸੋਚ ਦੇ ਮਾਲਕ ਸਾਥੀ ਦੇ ਜਾਣ ਕਾਰਨ ਪਏ ਘਾਟੇ ਬਾਰੇ ਵਿਚਾਰ ਪੇਸ਼ ਕੀਤੇ ਅਤੇ ਮਗਰੋਂ ਪਰਿਵਾਰ ਨਾਲ ਖੜਨ ਦਾ ਫੈਸਲਾ ਕੀਤਾ।