ਵੱਡੀ ਖ਼ਬਰ: ਪੰਜਾਬ ਦੇ ਇਕਲੌਤੇ ਵਿਦਿਆਰਥੀ ਸ਼ਰਵਣ ਸਿੰਘ ਨੂੰ ਮਿਲਿਆ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ (ਵੇਖੋ ਵੀਡੀਓ)
ਵੱਡੀ ਖ਼ਬਰ: ਪੰਜਾਬ ਦੇ ਇਕਲੌਤੇ ਵਿਦਿਆਰਥੀ ਸ਼ਰਵਣ ਸਿੰਘ ਨੂੰ ਮਿਲਿਆ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’
ਨਵੀਂ ਦਿੱਲੀ, 26 ਦਸੰਬਰ 2025 (ਏਜੰਸੀ)-
ਪੰਜਾਬ ਦੇ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਸਿਟੀ ਹਾਰਟ ਸਕੂਲ ਦੇ ਵਿਦਿਆਰਥੀ ਸ਼ਰਵਣ ਸਿੰਘ ਨੂੰ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਜਾਣਕਾਰੀ ਅਨੁਸਾਰ, ਸ਼ਰਵਣ ਸਿੰਘ ਨੂੰ ਇਹ ਸਨਮਾਨ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤੀ ਸੈਨਿਕਾਂ ਦੀ ਵਿਸ਼ੇਸ਼ ਮਦਦ ਲਈ ਦਿੱਤਾ ਗਿਆ ਹੈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ, ਸ਼ਰਵਣ ਨੇ ਕਿਹਾ, “ਜਦੋਂ ਪਾਕਿਸਤਾਨ ਵਿਰੁੱਧ ਆਪ੍ਰੇਸ਼ਨ ਸਿੰਦੂਰ ਸ਼ੁਰੂ ਹੋਇਆ, ਤਾਂ ਸੈਨਿਕ ਸਾਡੇ ਪਿੰਡ ਆਏ। ਮੈਂ ਸੋਚਿਆ ਕਿ ਮੈਨੂੰ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ। ਮੈਂ ਹਰ ਰੋਜ਼ ਉਨ੍ਹਾਂ ਲਈ ਦੁੱਧ, ਚਾਹ ਅਤੇ ਬਰਫ਼ ਲੈ ਕੇ ਜਾਂਦਾ ਸੀ। ਮੈਨੂੰ ਇਹ ਪੁਰਸਕਾਰ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਕਦੇ ਇਸ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ।”
ਸ਼ਰਵਣ, ਇਸ ਸਾਲ ਦਿੱਲੀ ਵਿੱਚ ਹੋਏ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਵਿੱਚ ਹਿੱਸਾ ਲੈਣ ਵਾਲਾ ਪੰਜਾਬ ਦਾ ਇਕਲੌਤਾ ਵਿਦਿਆਰਥੀ ਹੈ। ਉਸ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤੀ ਫੌਜ ਦੀ ਬਹੁਤ ਮਦਦ ਕੀਤੀ। ਇਸ ਬੱਚੇ ਦੀ ਭਾਵਨਾ ਨੂੰ ਵੇਖਦਿਆਂ, ਭਾਰਤੀ ਫੌਜ ਨੇ ਉਸਨੂੰ ਕਈ ਮੈਡਲਾਂ ਨਾਲ ਸਨਮਾਨਿਤ ਕੀਤਾ।
ਸ਼ਰਵਣ ਸਿੰਘ ਫਿਰੋਜ਼ਪੁਰ ਦੇ ਤਾਰਾ ਵਾਲੀ ਪਿੰਡ ਦਾ ਰਹਿਣ ਵਾਲਾ ਹੈ। ਉਸ ਦੀ ਹਿੰਮਤ ਤੇ ਉਤਸ਼ਾਹ ਨੂੰ ਵੇਖਦਿਆਂ, ਭਾਰਤੀ ਫੌਜ ਦੇ ਗੋਲਡਨ ਐਰੋ ਡਿਵੀਜ਼ਨ ਨੇ ਸ਼ਰਵਣ ਦੀ ਸਿੱਖਿਆ ਨੂੰ ਪੂਰੀ ਤਰ੍ਹਾਂ ਸਪਾਂਸਰ ਕੀਤਾ।
ਫਿਰੋਜ਼ਪੁਰ ਛਾਉਣੀ ਵਿਖੇ ਆਯੋਜਿਤ ਇੱਕ ਸਮਾਰੋਹ ਦੌਰਾਨ, ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼, ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਵੀ ਛੋਟੇ ਸਿਪਾਹੀ ਸ਼ਰਵਣ ਸਿੰਘ ਨੂੰ ਸਨਮਾਨਿਤ ਕੀਤਾ ਸੀ। ਫੌਜ ਨੇ ਕਿਹਾ ਕਿ ਸ਼ਰਵਣ ਦੀ ਕਹਾਣੀ ਦੇਸ਼ ਭਰ ਦੇ ਉਨ੍ਹਾਂ ਚੁੱਪ ਨਾਇਕਾਂ ਦੀ ਯਾਦ ਦਿਵਾਉਂਦੀ ਹੈ ਜੋ ਮਾਨਤਾ ਤੇ ਸਮਰਥਨ ਦੇ ਹੱਕਦਾਰ ਹਨ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬਾਰੀ ਤੇ ਡਰੋਨ ਹਮਲਿਆਂ ਦੀ ਪਰਵਾਹ ਨਾ ਕਰਦੇ ਹੋਏ ਸ਼ਰਵਣ ਪਾਣੀ, ਦੁੱਧ, ਲੱਸੀ ਤੇ ਬਰਫ਼ ਵਰਗੀਆਂ ਹੋਰ ਚੀਜ਼ਾਂ ਲੈ ਕੇ ਜਾਂਦਾ ਸੀ।
ਆਪ੍ਰੇਸ਼ਨ ਸਿੰਦੂਰ ਦੌਰਾਨ ਸ਼ਰਵਣ ਸਿੰਘ ਨੂੰ ਉਸ ਦੀ ਅਸਾਧਾਰਨ ਹਿੰਮਤ ਤੇ ਨਿਰਸਵਾਰਥ ਸੇਵਾ ਲਈ ਪਹਿਚਾਣਿਆ ਗਿਆ। ਭਾਰਤ-ਪਾਕਿਸਤਾਨ ਸਰਹੱਦ ‘ਤੇ ਬਹੁਤ ਤਣਾਅਪੂਰਨ ਹਾਲਾਤਾਂ ਦੇ ਵਿਚਕਾਰ, ਸ਼ਰਵਣ ਸਿੰਘ ਨੇ ਤਾਇਨਾਤ ਫੌਜਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ।
ਸ਼ਰਵਣ ਸਿੰਘ ਨੂੰ ਸਨਮਾਨ ਮਿਲਣਾ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ- ਭਗਵੰਤ ਮਾਨ
ਸ਼ਰਵਣ ਸਿੰਘ ਨੂੰ ‘ਰਾਸ਼ਟਰੀ ਬਾਲ ਪੁਰਸਕਾਰ’ ਮਿਲਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਆਪਣਾ ਬਿਆਨ ਸਾਂਝਾ ਕਰਦਿਆਂ ਹੋਇਆ ਲਿਖਿਆ ਕਿ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਮਾਣਯੋਗ ਰਾਸ਼ਟਰਪਤੀ ਜੀ ਵੱਲੋਂ ਸਾਡੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ 10 ਸਾਲਾ ਸ਼੍ਰਵਣ ਸਿੰਘ ਨੂੰ ‘ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸਾਡੇ ਗੁਰੂਆਂ ਵੱਲੋਂ ਦਿੱਤੀ ਗਈ ਸਿੱਖਿਆ ‘ਤੇ ਚੱਲਦੇ ਹੋਏ ਆਪ੍ਰੇਸ਼ਨ ਸਿੰਦੂਰ ਦੌਰਾਨ ਸ਼੍ਰਵਣ ਸਿੰਘ ਵੱਲੋਂ ਫੌਜੀ ਜਵਾਨਾਂ ਦੀ ਘਰੋਂ ਚਾਹ-ਪਾਣੀ ਅਤੇ ਖਾਣਾ ਲਿਆ ਕੇ ਕੀਤੀ ਸੇਵਾ ਕਾਬਿਲ-ਏ-ਤਾਰੀਫ਼ ਹੈ। ਬੱਚੇ ਦੇ ਦੇਸ਼ ਪ੍ਰਤੀ ਹੌਸਲੇ ਅਤੇ ਜਜ਼ਬੇ ਨੂੰ ਸਲਾਮ।

