ਝੂਠੇ ਨਿਕਲੇ ਤੇਰੇ ਵਾਅਦੇ-ਵੇ ਹਾਕਮਾਂ! ਭਗਵੰਤ ਮਾਨ ਸਰਕਾਰ ਖ਼ਿਲਾਫ਼ ਸੈਂਕੜੇ NSQF ਵੋਕੇਸ਼ਨਲ ਅਧਿਆਪਕਾਂ ਨੇ ਲੁਧਿਆਣਾ ‘ਚ ਕੱਢੀ ਪੋਲ ਖੋਲ੍ਹ ਰੈਲੀ
ਪੰਜਾਬ ਨੈੱਟਵਰਕ, ਲੁਧਿਆਣਾ –
ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਨਾਲ ਪੰਜਾਬ ਵਿੱਚ ਆਈ। ਲੇਕਿਨ ਕੱਚੇ ਮੁਲਾਜ਼ਮਾਂ ਨੂੰ ਅਤੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ 3 ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਸਰਕਾਰ ਪੱਕਾ ਨਹੀਂ ਕਰ ਪਾਈ। ਸਰਕਾਰ ਵੱਲੋਂ ਕੀਤੇ ਗਏ ਸਾਰੇ ਵਾਅਦੇ ਝੂਠੇ ਨਿਕਲੇ ਅਧਿਆਪਕਾਂ ਵੱਲੋਂ ਕਈ ਵਾਰ ਵਿਭਾਗ ਅਤੇ ਸਿੱਖਿਆ ਮੰਤਰੀ, ਸਬ ਕਮੇਟੀ ਨਾਲ ਬੇਅੰਤ ਮੀਟਿੰਗਾਂ ਕਰਨ ਤੋਂ ਬਾਅਦ ਵੀ ਕੋਈ ਸਿੱਟਾ ਨਹੀਂ ਨਿਕਲਿਆ। ਜਿਸ ਤੋਂ ਥੱਕ ਕੇ ਅਧਿਆਪਕਾਂ ਨੇ ਅੱਜ ਲੁਧਿਆਣਾ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਪੋਲ-ਖੋਲ ਰੈਲੀ ਕੀਤੀ ਗਈ ਅਤੇ ਸਰਕਾਰ ਦੀ ਨਲਾਇਕੀਆਂ ਅਤੇ ਵਿਭਾਗ ਦੀ ਨਲਾਇਕੀਆਂ ਨੂੰ ਜੱਗ ਜਾਹਿਰ ਕੀਤਾ। ਰੈਲੀ ਰੱਖ ਬਾਗ ਤੋਂ ਸ਼ੁਰੂ ਹੋ ਕੇ ਭਾਰਤ ਨਗਰ ਚੌਕ ਤੱਕ ਕੱਢੀ ਗਈ ਤੇ ਕਾਫੀ ਸਮੇਂ ਤੱਕ ਟਰੈਫਿਕ ਨੂੰ ਵੀ ਰੋਕ ਕੇ ਰੱਖਿਆ ਗਿਆ। ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ ਗਿਆ। ਜਿਸ ਵਿਚਾਲੇ ਪੁਲਿਸ ਵੱਲੋਂ ਬਲ ਦੀ ਵਰਤੋਂ ਵੀ ਕੀਤੀ ਗਈ ਅਤੇ ਕਾਫੀ ਅਧਿਆਪਕਾਂ ਨੂੰ ਸਟਾ ਵੀ ਲਗਿਆ।
10 ਸਾਲਾਂ ਤੋਂ ਪ੍ਰਾਈਵੇਟ ਕੰਪਨੀਆਂ ਦੇ ਅੰਦਰ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਆ ਰਹੇ ਇਹਨਾਂ ਅਧਿਆਪਕਾਂ ਨੇ ਕਈ ਵਾਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਉਹਨਾਂ ਦੇ ਵਾਅਦੇ ਯਾਦ ਕਰਵਾਏ ਪਰ ਇੰਨੇ ਸਾਲਾਂ ਬਾਅਦ ਇਹਨਾਂ ਦੇ ਕੰਨਾਂ ਉੱਤੇ ਜਿਉਂ ਤੱਕ ਨਹੀਂ ਸਿਰਕੀ।
ਅੱਜ NSQf ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ ਵਲੋਂ ਲਗਾਏ ਧਰਨੇ ਵਿੱਚ ਅਧਿਆਪਕਾਂ ਵੱਲੋਂ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਵੱਲੋਂ ਸਰਕਾਰ ਨੂੰ ਸਿੱਧੇ ਤੌਰ ਤੇ ਇਹ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਵੋਟਾਂ ਵਿੱਚ ਸਰਕਾਰ ਖਿਲਾਫ ਪ੍ਰਚਾਰ ਕੀਤਾ ਜਾਏਗਾ।
ਇਸ ਮੌਕੇ ਤੇ ਰਣਜੀਤ ਸਿੰਘ ਨਵਾਂਸਹਿਰ, ਰਣਜੀਤ ਸਿੰਘ ਬਰਨਾਲਾ, ਗੁਰਜੀਤ ਸਿੰਘ ਬਠਿੰਡਾ, ਗੁਰਜਿੰਦਰ ਸਿੰਘ ਫਰੀਦਕੋਟ, ਗੁਰਪ੍ਰੀਤ ਸਿੰਘ ਮਾਨਸਾ, ਰਾਵਿੰਦਰ ਪਠਾਨਕੋਟ, ਭੁਪਿੰਦਰ ਸਿੰਘ ਰੋਪੜ, ਲਵਦੀਪ ਹੋਸ਼ਿਆਰਪੁਰ, ਹੇਮੰਤ ਪਟਿਆਲਾ,ਗੁਰਵਿੰਦਰ ਅੰਮ੍ਰਿਤਸਰ, ਜਗਜੀਤ ਮੁਕਤਸਰ ਸਾਹਿਬ, ਰੁਪਿੰਦਰ ਮੋਹਾਲੀ ,ਨਵਨੀਤ ਲੁਧਿਆਣਾ , ਮਨਿੰਦਰ ਜਲੰਧਰ,ਬਲਜੀਤ ਫਿਰੋਜ਼ਪੁਰ, ਤਰਸੇਮ ਫਾਜ਼ਿਲਕਾ, ਕਮਲਜੀਤ ਫਤਿਹਗੜ੍ਹ ਸਾਹਿਬ, ਅਜੇਪਾਲ ਸੰਗਰੂਰ ਮੁੱਖ ਰੂਪ ਵਿੱਚ ਹਾਜ਼ਰ ਰਹੇ।